ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਲੋੜਵੰਦ ਪਰਿਵਾਰਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ 305 ਪਰਿਵਾਰਾਂ ਨੂੰ 07 ਕਰੋੜ 62 ਲੱਖ 50 ਹਜ਼ਾਰ ਰੁਪਏ ਦੇ ਪ੍ਰਵਾਨਗੀ ਪੱਤਰ ਸੌਂਪੇ। ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਸੁਨਾਮ ਦੇ 200 ਪਰਿਵਾਰਾਂ ਨੂੰ 05 ਕਰੋੜ ਰੁਪਏ ਦੇ ਪੱਕੇ ਮਕਾਨ ਦੇ ਮਨਜ਼ੂਰੀ ਪੱਤਰ ਸੌਂਪੇ ਗਏ ਹਨ, ਜਦਕਿ ਲੌਂਗੋਵਾਲ ਦੇ 79 ਪਰਿਵਾਰਾਂ ਨੂੰ 02 ਕਰੋੜ 22 ਲੱਖ 50 ਹਜ਼ਾਰ ਰੁਪਏ ਦੇ ਅਤੇ ਚੀਮਾ ਦੇ 26 ਪਰਿਵਾਰਾਂ ਨੂੰ 65 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਸੌਂਪੇ ਗਏ ਹਨ। ਉਨ੍ਹਾਂ ਆਖਿਆ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਵਿੱਚ ਸਭ ਤੋਂ ਅਹਿਮ ਸਿਰ ਉੱਤੇ ਛੱਤ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਅਹਿਮ ਜ਼ਰੂਰਤ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਸਰਕਾਰ ਦਾ ਟੀਚਾ ਹੈ ਕਿ ਸੂਬੇ ਵਿੱਚ ਕੋਈ ਵੀ ਪਰਿਵਾਰ ਬਿਨਾਂ ਮਕਾਨ ਦੇ ਨਾ ਰਹੇ ਅਤੇ ਹਰੇਕ ਲੋੜਵੰਦ ਦੇ ਸਿਰ ਉੱਤੇ ਛੱਤ ਹੋਵੇ। ਸੂਬਾ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰੇਕ ਲੋੜਵੰਦ ਤੱਕ ਪੁੱਜੇ, ਇਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਕੈਬਿਨਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਲੋਕ ਭਲਾਈ ਸਕੀਮਾਂ ਪੂਰੀ ਤਰ੍ਹਾਂ ਪਾਰਦਰਸ਼ੀ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਹਰੇਕ ਹੱਕਦਾਰ ਪਰਿਵਾਰ ਤੱਕ ਸਰਕਾਰੀ ਸਹਾਇਤਾ ਪਹੁੰਚ ਸਕੇ। ਉਹਨਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਆਵਾਸ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਹਰ ਪਰਿਵਾਰ ਨੂੰ ਮਾਣ ਨਾਲ ਜੀਵਨ ਜਿਊਣ ਦਾ ਅਧਿਕਾਰ ਦੇਣਾ ਹੈ।
ਡੱਬੀ
ਪੱਕੇ ਘਰ ਬਣਾਉਣ ਲਈ ਫ਼ੰਡਾਂ ਚ, ਮੋਦੀ ਸਰਕਾਰ ਦਾ ਹਿੱਸਾ ਵੱਧ : ਦਾਮਨ ਬਾਜਵਾ
ਇਸੇ ਦੌਰਾਨ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਦੱਸਿਆ ਕਿ ਕੱਚੇ ਘਰਾਂ ਨੂੰ ਪੱਕੇ ਬਣਾਉਣ ਲਈ ਹਰ ਲਾਭਪਾਤਰੀ ਨੂੰ 2.5 ਲੱਖ ਰੁਪਏ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਿਲਣਗੇ, ਜਿਸ ਵਿੱਚੋਂ 1.5 ਲੱਖ ਰੁਪਏ ਕੇਂਦਰ ਸਰਕਾਰ ਅਤੇ 1 ਲੱਖ ਰੁਪਏ ਪੰਜਾਬ ਸਰਕਾਰ ਦਾ ਹੈ। ਉਨਾਂ ਕਿਹਾ ਕਿ ਇਸ ਯੋਜਨਾ ਵਿੱਚ 40% ਹਿੱਸਾ ਪੰਜਾਬ ਸਰਕਾਰ ਦਾ ਵੀ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਦੇ ਮੰਤਰੀ ਕਥਿਤ ਤੌਰ ਤੇ ਝੂਠ ਪਰੋਸਕੇ ਫੋਕੀ ਸ਼ੋਹਰਤ ਖੱਟਣ ਦੇ ਰਾਹ ਪਏ ਹਨ।