ਬਰਨਾਲਾ : ਜ਼ਮੀਨੀ ਪੱਧਰ ਦੀਆਂ ਪ੍ਰਤਿਭਾਵਾਂ ਨੂੰ ਮਜ਼ਬੂਤ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਤਹਿਤ, ਟ੍ਰਾਈਡੈਂਟ ਗਰੁੱਪ ਨੇ ਚੇਅਰਮੈਨ ਐਮੇਰਿਟਸ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਦੂਰਦਰਸ਼ੀ ਸੋਚ ਹੇਠ ਭਾਰਤੀ ਬਾਕਸਿੰਗ ਦੀ ਉਭਰਦੀ ਖਿਡਾਰਨ ਪੂਜਾ ਰਾਣੀ ਨੂੰ ਵਿੱਤੀ ਤੇ ਸੰਸਥਾਗਤ ਸਹਿਯੋਗ ਦਿੱਤਾ ਹੈ।
ਅੰਡਰ-19 ਵਰਗ ਵਿੱਚ ਖੇਡਣ ਵਾਲੀ ਪੂਜਾ ਰਾਣੀ ਬਰਨਾਲਾ ਦੀ ਰਹਿਣ ਵਾਲੀ ਹੈ। ਗਰੀਬ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਉਸਨੇ ਬਾਕਸਿੰਗ ਦੀ ਸਿਖਲਾਈ ਬਿਨਾਂ ਕਿਸੇ ਸਹੂਲਤਾਂ ਦੇ ਸ਼ੁਰੂ ਕੀਤੀ। ਘਰ ਦੇ ਨੇੜੇ ਰੁੱਖ ਨਾਲ ਬੋਰੀ ਟੰਗ ਕੇ ਉਸਨੂੰ ਪੰਚਿੰਗ ਬੈਗ ਬਣਾਇਆ ਤੇ ਰੋਜ਼ਾਨਾ ਅਭਿਆਸ ਜਾਰੀ ਰੱਖਿਆ। ਉਸਦੀ ਲਗਨ ਤੇ ਜ਼ਿੱਦ ਨੇ ਹੀ ਉਸਨੂੰ ਰਾਜ ਤੇ ਰਾਸ਼ਟਰੀ ਪੱਧਰ 'ਤੇ ਕਈ ਮਹੱਤਵਪੂਰਨ ਪਦਕ ਜਿਤਾਏ।
ਪੂਜਾ ਰਾਣੀ ਨੇ ਹੁਣ ਤੱਕ ਆਪਣੇ ਮੁੱਕੇਬਾਜ਼ੀ ਕਰੀਅਰ ਵਿੱਚ ਕਈ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ। ਉਸਨੇ ਸਾਲ 2023 ਵਿੱਚ ਰਾਂਚੀ ਵਿੱਚ ਹੋਈ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਸਵਰਨ ਪਦਕ ਜਿੱਤਿਆ ਸੀ। ਇਸ ਤੋਂ ਬਾਅਦ, ਉਸਨੇ 2025 ਵਿੱਚ ਛੱਤੀਸਗੜ੍ਹ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਸਦਾ ਪ੍ਰਦਰਸ਼ਨ ਰਾਜ ਪੱਧਰ 'ਤੇ ਵੀ ਸ਼ਾਨਦਾਰ ਰਿਹਾ ਹੈ ਜਿੱਥੇ ਉਸਨੇ ਪੰਜਾਬ ਰਾਜ ਖੇਡਾਂ (ਖੇੜਾ ਵਤਨ ਪੰਜਾਬ ਦੀਆਂ) ਵਿੱਚ ਦੋ ਚਾਂਦੀ ਦੇ ਤਗਮੇ ਅਤੇ ਫੈਡਰੇਸ਼ਨ ਸਟੇਟ ਚੈਂਪੀਅਨਸ਼ਿਪ ਵਿੱਚ ਇੱਕ ਸਵਰਨ ਪਦਕ ਜਿੱਤਿਆ।
ਹਾਲਾਂਕਿ ਉਸਦੀਆਂ ਇਹ ਕਾਮਯਾਬੀਆਂ ਪੂਜਾ ਰਾਣੀ ਨੂੰ ਪਹਿਚਾਣ ਦਿਵਾਉਣ ਵਿੱਚ ਸਫਲ ਰਹੀਆਂ, ਪਰ ਵਿੱਤੀ ਤੰਗੀ ਕਾਰਨ ਪੂਜਾ ਨੂੰ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਮੌਕੇ ਘੱਟ ਮਿਲੇ। ਉਸਦੀ ਸਮਰੱਥਾ ਨੂੰ ਸਮਝਦਿਆਂ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਪਦਮ ਸ਼੍ਰੀ ਰਜਿੰਦਰ ਗੁਪਤਾ ਨੇ ਪੂਜਾ ਨੂੰ ₹1,00,000 ਦੀ ਵਿੱਤੀ ਸਹਾਇਤਾ ਦਿੱਤੀ ਅਤੇ ਅਗਾਂਹ ਵੀ ਲਗਾਤਾਰ ਸਪਾਂਸਰਸ਼ਿਪ ਦੇਣ ਦਾ ਭਰੋਸਾ ਦਿੱਤਾ।
ਟ੍ਰਾਈਡੈਂਟ ਗਰੁੱਪ ਦਾ ਮੰਨਣਾ ਹੈ ਕਿ ਪ੍ਰਤਿਭਾ ਹਾਲਾਤਾਂ ਦੀ ਮੋਹਤਾਜ਼ ਨਹੀਂ ਹੁੰਦੀ, ਇਸਨੂੰ ਉਪਰ ਚੁੱਕਣ ਲਈ ਮੌਕਿਆਂ ਦੀ ਲੋੜ ਹੁੰਦੀ ਹੈ। ਗਰੁੱਪ ਲੰਮੇ ਸਮੇਂ ਤੋਂ ਸਿੱਖਿਆ, ਖੇਡਾਂ ਤੇ ਸਮਾਜਿਕ ਵਿਕਾਸ ਰਾਹੀਂ ਜ਼ਮੀਨੀ ਪੱਧਰ ਦੇ ਨੌਜਵਾਨਾਂ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਿਹਾ ਹੈ।
ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਬਰਨਾਲਾ ਦੀ ਬਾਕਸਰ ਪੂਜਾ ਰਾਣੀ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਪ੍ਰਤਿਨਿਧਿਤਵ ਕਰਨ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਤਿਆਰ ਹੈ।