ਸੁਨਾਮ : ਆਈਲੈਟਸ ਕਰਕੇ ਵਿਦੇਸ਼ ਜਾਣ ਦੀ ਇੱਛਾ ਪੂਰੀ ਨਾ ਹੋਣ ਤੋਂ ਨਿਰਾਸ਼ ਇੱਕ ਨੌਜਵਾਨ ਨੇ ਸ਼ਨਿੱਚਰਵਾਰ ਨੂੰ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਪਿੰਡ ਲਖਮੀਰਵਾਲਾ ਨੇੜੇ ਖੁਦਕਸ਼ੀ ਕਰ ਲਈ ਹੈ। ਉਕਤ ਘਟਨਾ ਸਬੰਧੀ ਜੀ ਆਰ ਪੀ ਪੁਲਿਸ ਚੌਂਕੀ ਸੁਨਾਮ ਦੇ ਇੰਚਾਰਜ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਸੂਲਰ ਦਾ ਨੌਜਵਾਨ ਹਰਵਿੰਦਰ ਸਿੰਘ ਉਰਫ ਹੈਪੀ (22) ਆਈਲੈਟਸ ਕਰਨ ਉਪਰੰਤ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦਾ ਸੀ।ਜਿਸ ਲਈ ਉਸ ਵਲੋਂ ਤਿੰਨ ਵਾਰ ਵੀਜੇ ਲਈ ਫਾਇਲ ਲਗਾਈ ਗਈ ਪਰ ਹਰਵਿੰਦਰ ਸਿੰਘ ਉਰਫ ਹੈਪੀ ਦੀ ਤਿੰਨੋਂ ਵਾਰ ਰਿਫਿਉਜਿਲ ਆ ਗਈ। ਜਿਸ ਨੂੰ ਲੈਕੇ ਉਹ ਪ੍ਰੇਸ਼ਾਨ ਰਹਿੰਦਾ ਸੀ।ਜਿਸ ਕਾਰਨ ਅੱਜ ਸਵੇਰੇ ਕਰੀਬ 3 ਕੁ ਵਜੇ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਪਿੰਡ ਲਖਮੀਰਵਾਲਾ ਨੇੜੇ ਰੇਲ ਗੱਡੀ ਹੇਠ ਆਕੇ ਖੁਦਕਸ਼ੀ ਕਰ ਲਈ। ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਤੇਜ ਸਿੰਘ ਦੇ ਬਿਆਨਾਂ 'ਤੇ ਬੀ ਐਨ ਐਸ ਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।