ਸੁਨਾਮ : ਪੰਜਾਬ ਪੁਲਿਸ ਵਿੱਚ ਤਾਇਨਾਤ ਐਸ ਪੀ ਦਵਿੰਦਰ ਅੱਤਰੀ ਨੂੰ ਬਿਹਤਰੀਨ ਕਾਰਜਸ਼ੈਲੀ ਲਈ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਨ ਤੇ ਇੰਡਸਟਰੀ ਚੈਂਬਰ ਦੇ ਸੀਨੀਅਰ ਵਾਈਸ ਚੇਅਰਮੈਨ ਘਣਸ਼ਿਆਮ ਕਾਂਸਲ ਤੇ ਹੋਰਾਂ ਨੇ ਗੁਲਦਸਤਾ ਦੇਕੇ ਮੁਬਾਰਕਬਾਦ ਦਿੱਤੀ। ਉਨ੍ਹਾਂ ਆਖਿਆ ਕਿ ਅਪਰਾਧ ਅਤੇ ਨਸ਼ਾਖੋਰੀ ਵਿਰੁੱਧ ਦ੍ਰਿੜਤਾ ਨਾਲ ਕੀਤੀਆਂ ਕਾਰਵਾਈਆਂ ਦਾ ਫਲ ਮਿਲਿਆ ਹੈ। ਇਸ ਮੌਕੇ ਘਣਸ਼ਿਆਮ ਕਾਂਸਲ (ਡਿਸਟ੍ਰਿਕਟ ਗਵਰਨਰ 2023-24 ਅਤੇ ਸੀਨੀਅਰ ਵਾਈਸ ਚੇਅਰਮੈਨ SDIC) ਨੇ ਕਿਹਾ ਕਿ ਐਸ.ਪੀ. ਦਵਿੰਦਰ ਅੱਤਰੀ ਨੇ ਆਪਣੀ ਸੂਝ-ਬੂਝ ਨਾਲ ਕਈ ਗੁੰਝਲਦਾਰ ਅਤੇ ਗੰਭੀਰ ਅਪਰਾਧਿਕ ਮਾਮਲਿਆਂ ਨੂੰ ਸੁਲਝਾਇਆ ਹੈ। ਉਨ੍ਹਾਂ ਦੀ ਪੈਨੀ ਨਜ਼ਰ ਅਤੇ ਡੂੰਘੀ ਜਾਂਚ ਸਦਕਾ ਹੀ ਕਈ ਵੱਡੇ ਅਪਰਾਧੀ ਅੱਜ ਸਲਾਖਾਂ ਪਿੱਛੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਦੇ 'ਨਸ਼ਾ- ਮੁਕਤ ਪੰਜਾਬ' ਅਭਿਆਨ ਨੂੰ ਜ਼ਮੀਨੀ ਪੱਧਰ 'ਤੇ ਕਾਮਯਾਬ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਹੀ ਸ਼ਲਾਘਾਯੋਗ ਰਿਹਾ ਹੈ। ਘਣਸ਼ਿਆਮ ਕਾਂਸਲ ਨੇ ਕਿਹਾ ਕਿ ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੇ ਨਿੱਜੀ ਕਰੀਅਰ ਦੀ ਇੱਕ ਵੱਡੀ ਪ੍ਰਾਪਤੀ ਹੈ, ਸਗੋਂ ਇਸ ਨਾਲ ਪੁਲਿਸ ਵਿਭਾਗ ਪ੍ਰਤੀ ਆਮ ਜਨਤਾ ਦਾ ਭਰੋਸਾ ਵੀ ਹੋਰ ਮਜ਼ਬੂਤ ਹੋਇਆ ਹੈ। ਸਨਮਾਨ ਸਮਾਰੋਹ ਤੋਂ ਬਾਅਦ ਸੰਗਰੂਰ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਦੇ ਨੁਮਾਇੰਦਿਆਂ ਨੇ ਐਸ.ਪੀ. ਦਵਿੰਦਰ ਅੱਤਰੀ ਦੀ ਕਾਰਜਕੁਸ਼ਲਤਾ 'ਤੇ ਮਾਣ ਪ੍ਰਗਟਾਇਆ। ਮੁਬਾਰਕਬਾਦ ਦੇਣ ਵਾਲਿਆਂ ਵਿੱਚ ਮੁੱਖ ਰੂਪ ਵਿੱਚ ਵਿਸ਼ਾਲ ਗੁਪਤਾ ਪ੍ਰਧਾਨ, ਸਾਰੰਸ਼ ਗਰਗ (ਸਕੱਤਰ) ਅਤੇ ਰਾਕੇਸ਼ ਗਰਗ ਵਿੱਤ ਸਕੱਤਰ ਹਾਜ਼ਰ ਸਨ।