ਦੁਨੀਆ ਭਰ ਵਿੱਚ ਸਿਰਫ ਇਹੀ ਸਕੀਮ ਹੈ ਜੋ ਕਿਡਨੀ ਟਰਾਂਸਪਲਾਂਟ, ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਲਈ ਮੁਫ਼ਤ ਇਲਾਜ ਮੁਹੱਈਆ ਕਰਵਾਉਂਦੀ ਹੈ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਜਿਹੜੇ ਸ਼ਾਨਦਾਰ ਤੇ ਮਹਿੰਗੇ ਹਸਪਤਾਲਾਂ ਵਿੱਚ ਅਮੀਰ ਇਲਾਜ ਕਰਵਾਉਂਦੇ ਹਨ, ਹੁਣ ਉਥੇ ਗਰੀਬ ਵੀ ਇਲਾਜ ਕਰਵਾ ਸਕੇਗਾ-ਕੇਜਰੀਵਾਲ
ਮੁਫ਼ਤ ਇਲਾਜ, ਮੁਫ਼ਤ ਸਿੱਖਿਆ, ਮੁਫ਼ਤ ਬਿਜਲੀ ਅਤੇ ਮਹਿਲਾਵਾਂ ਨੂੰ ਬੱਸਾਂ ਵਿੱਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ-ਕੇਜਰੀਵਾਲ
ਸਿਰਫ ਆਮ ਆਦਮੀ ਪਾਰਟੀ ਪੰਜਾਬ ਨੂੰ ਸੁਰੱਖਿਅਤ ਭਵਿੱਖ ਦੇ ਸਕਦੀ ਹੈ-ਕੇਜਰੀਵਾਲ
ਪੰਜਾਬ ਨੇ ਆਮਦਨ ਦੀ ਸ਼ਰਤ ਹਟਾ ਕੇ ਸਾਰਿਆਂ ਲਈ ਮੁਫ਼ਤ ਸਿਹਤ ਸੰਭਾਲ ਯੋਜਨਾ ਲਾਗੂ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਹੁਣ ਪੰਜਾਬ ਦੇ ਕਿਸੇ ਨੂੰ ਪੈਸਾ ਨਾ ਹੋਣ ਕਾਰਨ ਇਲਾਜ ਨਾ ਕਰਵਾਉਣ ਲਈ ਮਜਬੂਰ ਨਹੀਂ ਹੋਣਾ ਪਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਲਾਗੂ ਕੀਤੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਮੁਫ਼ਤ ਸਿਹਤ ਸੰਭਾਲ ਦੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮੋਹਾਲੀ ਵਿੱਚ 'ਮੁੱਖ ਮੰਤਰੀ ਸਿਹਤ ਯੋਜਨਾ' ਦੀ ਸ਼ੁਰੂਆਤ ਕੀਤੀ, ਜਿਸ ਨਾਲ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲੇਗਾ। ਇਸ ਯੋਜਨਾ ਦੇ ਲਾਗੂ ਹੋਣ ਨਾਲ ਅਮੀਰਾਂ ਦੀ ਪਹੁੰਚ ਵਿੱਚ ਆਉਂਦੇ ਸਭ ਤੋਂ ਮਹਿੰਗੇ ਨਿੱਜੀ ਹਸਪਤਾਲ ਵੀ ਗਰੀਬਾਂ ਲਈ ਖੋਲ੍ਹ ਦਿੱਤੇ ਗਏ ਹਨ, ਜੋ ਲੋਕ ਸੇਵਾ ਵਿੱਚ ਫੈਸਲਾਕੁੰਨ ਬਦਲਾਅ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਪੰਜਾਬ ਹੁਣ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਔਰਤਾਂ ਲਈ ਮੁਫ਼ਤ ਸਿਹਤ ਸੰਭਾਲ, ਮੁਫ਼ਤ ਸਿੱਖਿਆ, ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਯਾਤਰਾ ਦੀ ਗਰੰਟੀ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੱਤਾ ਦੀਆਂ ਭੁੱਖੀਆਂ ਵਿਰੋਧੀ ਪਾਰਟੀਆਂ ਆਪਸੀ ਲੜਾਈਆਂ ਵਿੱਚ ਡੁੱਬੀਆਂ ਰਹਿੰਦੀਆਂ ਹਨ ਅਤੇ ਸਿਰਫ਼ 'ਆਪ' ਹੀ ਪੰਜਾਬ ਦਾ ਭਵਿੱਖ ਸੁਰੱਖਿਅਤ ਕਰ ਸਕਦੀ ਹੈ। ਇਸ ਮੌਕੇ 'ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਝ ਯੋਗ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਵੀ ਸੌਂਪੇ।
ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਦੌਰਾਨ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਸਿਰਫ਼ ਪੰਜਾਬ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਵੱਡਾ ਅਤੇ ਇਤਿਹਾਸਕ ਦਿਨ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ,"ਅੱਜ ਪੰਜਾਬ ਵਿੱਚ ਜੋ ਕੰਮ ਹੋਣ ਜਾ ਰਿਹਾ ਹੈ, ਉਹ ਸ਼ਾਇਦ ਸਾਲ 1950 ਵਿੱਚ ਕੀਤਾ ਜਾਣਾ ਚਾਹੀਦਾ ਸੀ। ਆਜ਼ਾਦੀ ਦੀ ਲੜਾਈ ਲੜਨ ਵਾਲੇ ਦੇਸ਼ ਭਗਤਾਂ ਨੇ ਇਸ ਲਈ ਸੰਘਰਸ਼ ਨਹੀਂ ਕੀਤਾ ਕਿ ਇਕ ਦਿਨ ਅੰਗਰੇਜ਼ ਚਲੇ ਜਾਣ ਅਤੇ ਸਾਡੀਆਂ ਆਪਣੀਆਂ ਸਰਕਾਰਾਂ ਅਜਿਹੀਆਂ ਬਣਨ ਜੋ ਲੋਕਾਂ ਲਈ ਕੁਝ ਨਹੀਂ ਕਰਨਗੀਆਂ।"
'ਆਪ' ਸੁਪਰੀਮੋ ਨੇ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਬਹੁਤ ਸਾਰੀਆਂ ਸਰਕਾਰਾਂ ਆਈਆਂ ਅਤੇ ਗਈਆਂ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ। ਵੱਡੇ-ਵੱਡੇ ਵਾਅਦੇ ਕੀਤੇ ਗਏ, ਪਰ ਲੋਕਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ, ਜਦੋਂ ਪੰਜਾਬ ਅੱਤਵਾਦ ਨਾਲ ਗ੍ਰਸਤ ਸੀ ਅਤੇ ਫਿਰ ਇੱਕ ਅਜਿਹਾ ਦੌਰ ਆਇਆ ਜਦੋਂ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਸੀ। ਉਨ੍ਹਾਂ ਕਿਹਾ, "ਹਰ ਚੀਜ਼ ਦਾ ਆਪਣਾ ਸਮਾਂ ਹੁੰਦਾ ਹੈ। ਪਿਛਲੇ ਚਾਰ ਸਾਲਾਂ ਤੋਂ ਪੰਜਾਬ ਜਿਸ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਉਹ ਪੰਜਾਬ ਅਤੇ ਦੇਸ਼ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।"
ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਦਾ ਜ਼ਿਕਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਉਹ ਤੇ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਕਰਨ ਜਾਂਦੇ ਸਨ ਤਾਂ ਉਹ ਗਾਰੰਟੀਆਂ ਦਿੰਦੇ ਸਨ। ਉਸ ਸਮੇਂ ਉਹ "ਕੇਜਰੀਵਾਲ ਦੀਆਂ ਗਾਰੰਟੀਆਂ" ਦੀ ਗੱਲ ਕਰਦੇ ਸਨ, ਜਿਨ੍ਹਾਂ ਵਿੱਚੋਂ ਇੱਕ ਸਿਹਤ ਗਾਰੰਟੀ ਸੀ ਕਿ ਪੰਜਾਬ ਦੇ ਹਰ ਵਿਅਕਤੀ ਅਤੇ ਹਰ ਨਾਗਰਿਕ ਲਈ ਮੁਫ਼ਤ ਅਤੇ ਮਿਆਰੀ ਸਿਹਤ ਸੰਭਾਲ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ, "ਲੋਕ ਉਦੋਂ ਇਸ 'ਤੇ ਵਿਸ਼ਵਾਸ ਨਹੀਂ ਕਰਦੇ ਸਨ।"
'ਆਪ' ਸੁਪਰੀਮੋ ਨੇ ਅੱਗੇ ਕਿਹਾ, "ਉਨ੍ਹਾਂ ਦਿਨਾਂ ਵਿੱਚ, ਕਾਂਗਰਸ ਸਰਕਾਰ ਸੱਤਾ ਵਿੱਚ ਸੀ। ਪਹਿਲਾਂ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਅਤੇ ਫਿਰ ਚਰਨਜੀਤ ਸਿੰਘ ਚੰਨੀ। ਉਹ ਕਹਿੰਦੇ ਸਨ ਕਿ ਖਜ਼ਾਨਾ ਖਾਲੀ ਸੀ, ਸਰਕਾਰ ਘਾਟੇ ਵਿੱਚ ਚੱਲ ਰਹੀ ਸੀ, ਅਤੇ ਕੋਈ ਪੈਸਾ ਨਹੀਂ ਸੀ।"
ਕੌਮੀ ਕਨਵੀਨਰ ਨੇ ਕਿਹਾ,"ਇਨ੍ਹਾਂ ਲੀਡਰਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਮੁਫ਼ਤ ਬਿਜਲੀ, ਮੁਫ਼ਤ ਸਿਹਤ ਸੰਭਾਲ ਅਤੇ ਮੁਫ਼ਤ ਸਿੱਖਿਆ ਬਾਰੇ ਝੂਠ ਫੈਲਾ ਰਹੇ ਸਨ, ਅਤੇ ਇਹ ਕੁਝ ਵੀ ਸੰਭਵ ਨਹੀਂ ਸੀ ਕਿਉਂਕਿ ਪੈਸਾ ਨਹੀਂ ਸੀ। ਪਰ 'ਆਪ' ਸਰਕਾਰ ਨੇ ਸਾਬਤ ਕਰ ਦਿੱਤਾ ਕਿ ਸਾਰੀਆਂ ਗਾਰੰਟੀਆਂ ਸੱਚਮੁੱਚ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।"
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਮੁਫ਼ਤ ਵਿੱਚ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਚੰਗੇ ਸਕੂਲ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ, "ਮੁਫ਼ਤ ਸਿਹਤ ਸੰਭਾਲ ਦੇ ਪ੍ਰਬੰਧ ਪਹਿਲਾਂ ਹੀ ਸ਼ੁਰੂ ਕੀਤੇ ਗਏ ਸਨ, ਪਰ ਅੱਜ ਦਾ ਕਦਮ ਇਤਿਹਾਸਕ ਹੈ। ਪਿਛਲੇ ਚਾਰ ਸਾਲਾਂ ਵਿੱਚ ਸਰਕਾਰ ਨੇ ਪਿੰਡਾਂ ਅਤੇ ਮੁਹੱਲਿਆਂ ਵਿੱਚ ਲਗਭਗ 1,000 ਮੁਹੱਲਾ ਕਲੀਨਿਕ ਬਣਾਏ ਹਨ।"
ਕੌਮੀ ਕਨਵੀਨਰ ਨੇ ਦੱਸਿਆ ਕਿ ਇਹ ਆਮ ਕਲੀਨਿਕ ਨਹੀਂ ਹਨ। ਉਨ੍ਹਾਂ ਕਿਹਾ, "ਪਿਛਲੇ 75 ਸਾਲਾਂ ਵਿੱਚ, ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ ਮਿਲ ਕੇ ਸਿਰਫ਼ 400 ਪ੍ਰਾਇਮਰੀ ਹੈਲਥ ਸੈਂਟਰ ਖੋਲ੍ਹੇ ਹਨ, ਜਦੋਂ ਕਿ ਮੌਜੂਦਾ ਸਰਕਾਰ ਨੇ ਸਿਰਫ਼ ਚਾਰ ਸਾਲਾਂ ਵਿੱਚ 1,000 ਮੁਹੱਲਾ ਕਲੀਨਿਕ ਬਣਾਏ ਹਨ, ਅਤੇ ਹੋਰ 500 ਨਿਰਮਾਣ ਅਧੀਨ ਹਨ।"
ਅਰਵਿੰਦ ਕੇਜਰੀਵਾਲ ਨੇ ਜ਼ੋਰ ਦੇ ਕੇ ਕਿਹਾ, "ਅਗਲੇ ਚਾਰ ਤੋਂ ਪੰਜ ਮਹੀਨਿਆਂ ਵਿੱਚ, 2,500 'ਪਿੰਡ ਕਲੀਨਿਕ' ਖੋਲ੍ਹੇ ਜਾਣਗੇ। ਪਿਛਲੀਆਂ ਸਰਕਾਰਾਂ ਨੇ 75 ਸਾਲਾਂ ਵਿੱਚ ਜੋ ਕੰਮ ਕੀਤਾ, ਇਸ ਸਰਕਾਰ ਨੇ ਸ਼ਾਇਦ ਸਿਰਫ਼ ਚਾਰ ਸਾਲਾਂ ਵਿੱਚ ਉਸ ਤੋਂ 10 ਗੁਣਾ ਜ਼ਿਆਦਾ ਕੀਤਾ ਹੈ।"
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਜਿੰਦਰਾ ਲੱਗ ਗਿਆ ਸੀ, ਅੰਦਰ ਕੁੱਤੇ ਘੁੰਮ ਰਹੇ ਸਨ। "ਉਨ੍ਹਾਂ ਦੇ ਸਿਹਤ ਕੇਂਦਰ ਇਸ ਤਰ੍ਹਾਂ ਦੇ ਸਨ। ਪਰ ਹੁਣ ਜੋ ਮੁਹੱਲਾ ਕਲੀਨਿਕ ਬਣਾਏ ਗਏ ਹਨ ਉਹ ਸ਼ਾਨਦਾਰ ਅਤੇ ਏਅਰ ਕੰਡੀਸ਼ਨਡ ਹਨ।
ਉਨ੍ਹਾਂ ਅੱਗੇ ਕਿਹਾ, "ਜਿਨ੍ਹਾਂ ਨੇ ਉੱਥੇ ਇਲਾਜ ਕਰਵਾਇਆ ਹੈ, ਉਹ ਜਾਣਦੇ ਹਨ ਕਿ ਉਹ ਕਿੰਨੇ ਚੰਗੇ ਹਨ। ਜਦੋਂ ਤੁਸੀਂ ਉੱਥੇ ਜਾਂਦੇ ਹੋ, ਤਾਂ ਇਹ ਸਰਕਾਰੀ ਹਸਪਤਾਲ ਵਾਂਗ ਨਹੀਂ, ਸਗੋਂ ਇੱਕ ਪ੍ਰਾਈਵੇਟ ਕਲੀਨਿਕ ਵਾਂਗ ਮਹਿਸੂਸ ਹੁੰਦਾ ਹੈ। ਹੁਣ ਮੁਹੱਲਾ ਕਲੀਨਿਕ ਦੂਰ-ਦੂਰ ਤੱਕ, ਹਰ ਥਾਂ ਪਿੰਡਾਂ ਵਿੱਚ ਖੁੱਲ੍ਹ ਰਹੇ ਹਨ।"
'ਆਪ' ਮੁਖੀ ਨੇ ਅੱਗੇ ਕਿਹਾ ਕਿ ਪਹਿਲਾਂ, ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਡਾਕਟਰਾਂ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਚਾਰ ਸਾਲਾਂ ਵਿੱਚ, 1100 ਮਾਹਰ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ, ਅਤੇ ਹੁਣ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ। “ਪਹਿਲਾਂ, ਮਸ਼ੀਨਾਂ ਕੰਮ ਨਹੀਂ ਕਰਦੀਆਂ ਸਨ, ਪਰ ਹੁਣ ਸਾਰੀਆਂ ਮਸ਼ੀਨਾਂ ਲਾਈਆਂ ਗਈਆਂ ਹਨ ਅਤੇ ਹਰ ਇੱਕ ਸਹੀ ਢੰਗ ਨਾਲ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ, ਦਵਾਈਆਂ ਨਹੀਂ ਮਿਲਦੀਆਂ ਸਨ, ਪਰ ਹੁਣ ਦਵਾਈਆਂ ਦੇ ਕਾਊਂਟਰ ਖੁੱਲ੍ਹ ਗਏ ਹਨ ਅਤੇ ਲੋਕਾਂ ਨੂੰ ਮੁਫਤ ਦਵਾਈਆਂ ਮਿਲ ਰਹੀਆਂ ਹਨ। ਸਰਕਾਰੀ ਹਸਪਤਾਲਾਂ ਨੂੰ ਸ਼ਾਨਦਾਰ ਬਣਾਇਆ ਗਿਆ ਹੈ।
ਆਪ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਕਈ ਵਾਰ ਕੋਈ ਬਿਮਾਰੀ ਇੰਨੀ ਗੰਭੀਰ ਹੋ ਜਾਂਦੀ ਹੈ ਕਿ ਕਿਸੇ ਨੂੰ ਪ੍ਰਾਈਵੇਟ ਹਸਪਤਾਲ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ, “ਬਹੁਤ ਸਾਰੇ ਲੋਕ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦੀ ਚੋਣ ਕਰਦੇ ਹਨ। ਇਸ ਲਈ, ਅੱਜ ਅਜਿਹੀ ਯੋਜਨਾ ਲਾਗੂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੇ ਸਭ ਤੋਂ ਵਧੀਆ ਪ੍ਰਾਈਵੇਟ ਹਸਪਤਾਲ, ਜਿੱਥੇ ਸਭ ਤੋਂ ਅਮੀਰ ਲੋਕ ਵੀ ਇਲਾਜ ਲਈ ਜਾਂਦੇ ਹਨ, ਹੁਣ ਸਭ ਤੋਂ ਗਰੀਬ ਕਿਸਾਨ, ਮਜ਼ਦੂਰ ਅਤੇ ਰਿਕਸ਼ਾ ਚਾਲਕ ਲਈ ਵੀ ਇਲਾਜ ਲਈ ਜਾ ਸਕਣਗੇ। ਉਨ੍ਹਾਂ ਨੂੰ ਪੈਸੇ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।”
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਕ ਕਿਸਾਨ ਸਾਡੇ ਸਾਰਿਆਂ ਲਈ ਅਨਾਜ ਪੈਦਾ ਕਰਨ ਤੇਜ਼ ਧੁੱਪ ਹੇਠ ਬਹੁਤ ਮਿਹਨਤ ਕਰਦਾ ਹੈ, ਪਰ ਜੇਕਰ ਉਸ ਦੇ ਪਰਿਵਾਰ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ, ਤਾਂ ਉਸ ਨੂੰ ਆਪਣੀ ਜ਼ਮੀਨ ਗਹਿਣੇ ਰੱਖਣੀ ਪੈਂਦੀ ਹੈ। ਉਨ੍ਹਾਂ ਅੱਗੇ ਕਿਹਾ, "ਉਹ ਆਪਣੀ ਜ਼ਮੀਨ ਅਤੇ ਗਹਿਣੇ ਵੇਚ ਦਿੰਦਾ ਹੈ, ਆਪਣਾ ਘਰ ਗੁਆ ਦਿੰਦਾ ਹੈ, ਅਤੇ ਫਿਰ ਵੀ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਮਰੀਜ਼ ਬਚ ਜਾਵੇਗਾ। ਛੋਟੀ ਤੋਂ ਛੋਟੀ ਬਿਮਾਰੀ ਲਈ ਵੀ, ਜੇਕਰ ਕਿਸੇ ਪ੍ਰਾਈਵੇਟ ਹਸਪਤਾਲ ਜਾਂਦਾ ਹੈ, ਤਾਂ ਘੱਟੋ-ਘੱਟ ਪੈਕੇਜ ₹2 ਲੱਖ ਤੋਂ ₹3 ਲੱਖ ਹੁੰਦਾ ਹੈ, ਅਤੇ ਵਿਅਕਤੀ ਪੂਰੀ ਤਰ੍ਹਾਂ ਬਰਬਾਦ ਹੋ ਜਾਂਦਾ ਹੈ। ਪਰ ਹੁਣ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।"
ਅਰਵਿੰਦ ਕੇਜਰੀਵਾਲ ਨੇ ਅੱਗੇ ਦੱਸਿਆ ਕਿ ਇਹ 10 ਲੱਖ ਰੁਪਏ ਦੀ ਬੀਮਾ ਯੋਜਨਾ ਹੈ। ਉਨ੍ਹਾਂ ਕਿਹਾ, "ਲੋਕ ਕਿਸੇ ਵੀ ਹਸਪਤਾਲ ਵਿੱਚ ਜਾ ਸਕਦੇ ਹਨ, ਭਾਵੇਂ ਸਰਕਾਰੀ ਹੋਵੇ ਜਾਂ ਪ੍ਰਾਈਵੇਟ। ਸਰਕਾਰ ਨੇ ਪਹਿਲਾਂ ਹੀ ਸਭ ਕੁਝ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈ, ਅਤੇ ਛੇਤੀ ਹੀ ਸਰਕਾਰੀ ਹਸਪਤਾਲ, ਪ੍ਰਾਈਵੇਟ ਹਸਪਤਾਲਾਂ ਨਾਲੋਂ ਵੀ ਬਿਹਤਰ ਹੋ ਜਾਣਗੇ। ਪਰ ਹੁਣ ਮਰੀਜ਼ ਕਿਤੇ ਵੀ ਜਾ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ, “ਵੱਡੀਆਂ ਅਤੇ ਛੋਟੀਆਂ ਬਿਮਾਰੀਆਂ ਲਈ 10 ਲੱਖ ਰੁਪਏ ਤੱਕ ਦੀਆਂ ਸਾਰੀਆਂ ਦਵਾਈਆਂ ਅਤੇ ਟੈਸਟ ਮੁਫ਼ਤ ਹੋਣਗੇ। ਜਿਵੇਂ ਹੀ ਮਰੀਜ਼ ਹਸਪਤਾਲ ਵਿੱਚ ਦਾਖਲ ਹੁੰਦਾ ਹੈ, ਸਭ ਕੁਝ ਮੁਫ਼ਤ ਹੋਵੇਗਾ। ਉਨ੍ਹਾਂ ਤੋਂ ਕੁਝ ਨਹੀਂ ਪੁੱਛਿਆ ਜਾਵੇਗਾ, ਸਿਰਫ਼ ਆਪਣਾ ਹੈਲਥ ਕਾਰਡ ਲਿਆਉਣ ਲਈ। ਪੰਜਾਬ ਵਿੱਚ ਲਗਭਗ 65 ਲੱਖ ਪਰਿਵਾਰ ਹਨ, ਜਿਨ੍ਹਾਂ ਵਿੱਚ ਅਮੀਰ ਅਤੇ ਗਰੀਬ, ਹਿੰਦੂ, ਮੁਸਲਮਾਨ, ਸਿੱਖ, ਈਸਾਈ ਅਤੇ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਸ਼ਾਮਲ ਹਨ। ਕਿਸੇ ਨੂੰ ਵੀ ਇਸ ਤੋਂ ਬਾਹਰ ਨਹੀਂ ਰੱਖਿਆ ਗਿਆ।”
ਉਨ੍ਹਾਂ ਕਿਹਾ ਕਿ ਸਰਕਾਰਾਂ ਆਮ ਤੌਰ 'ਤੇ ਬਹੁਤ ਸਾਰੀਆਂ ਸ਼ਰਤਾਂ ਲਾਉਂਦੀਆਂ ਹਨ, ਪਰ ਉਨ੍ਹਾਂ ਨੇ ਕੋਈ ਸ਼ਰਤ ਨਹੀਂ ਲਾਈ। ਉਨ੍ਹਾਂ ਜ਼ੋਰ ਦੇ ਕਿਹਾ, “ਹਰ ਕੋਈ ਇਨਸਾਨ ਹੈ, ਹਰ ਕੋਈ ਪੰਜਾਬੀ ਹੈ, ਅਤੇ ਹਰ ਕੋਈ ਭਾਰਤੀ ਹੈ, ਤਾਂ ਕਿਸੇ ਨੂੰ ਕਿਉਂ ਬਾਹਰ ਰੱਖਿਆ ਜਾਵੇ? ਇਹ ਕਾਰਡ ਸਾਰਿਆਂ ਲਈ ਹੈ, ਅਤੇ 65 ਲੱਖ ਪਰਿਵਾਰਾਂ ਨੂੰ ਸਿੱਧਾ ਲਾਭ ਹੋਵੇਗਾ।”
ਅਰਵਿੰਦ ਕੇਜਰੀਵਾਲ ਨੇ ਪਿਛਲੇ ਚਾਰ ਸਾਲਾਂ ਅਤੇ ਉਸ ਤੋਂ ਪਹਿਲਾਂ ਦੇ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦੋਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਰਕਾਰਾਂ ਸੱਤਾ ਵਿੱਚ ਸਨ ਤਾਂ ਪੰਜਾਬ ਨਸ਼ਿਆਂ ਨਾਲ ਗ੍ਰਸਤ ਸੀ। ਉਨ੍ਹਾਂ ਕਿਹਾ, “ਇਨ੍ਹਾਂ ਸਰਕਾਰਾਂ ਦੇ ਵੱਡੇ ਮੰਤਰੀ ਨਸ਼ੇ ਵੇਚਦੇ ਸਨ ਅਤੇ ਆਪਣੇ ਸਰਕਾਰੀ ਵਾਹਨਾਂ ਰਾਹੀਂ ਵੰਡਦੇ ਸਨ।”
ਉਨ੍ਹਾਂ ਨੇ ਯਾਦ ਦਿਵਾਇਆ ਕਿ ਜਦੋਂ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਇਨ੍ਹਾਂ ਹੀ ਮੰਤਰੀਆਂ ਦਾ ਨਾਮ ਲੈ ਕੇ ਕਿਹਾ ਸੀ ਕਿ ਇਹ ਮੰਤਰੀ ਨਸ਼ੇ ਦਾ ਕਾਰੋਬਾਰ ਚਲਾ ਰਹੇ ਸਨ।
ਉਨ੍ਹਾਂ ਕਿਹਾ ਕਿ ਪਹਿਲੀ ਵਾਰ ਕਿਸੇ ਸਰਕਾਰ ਨੇ ਭ੍ਰਿਸ਼ਟ ਮੰਤਰੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਜੇਲ੍ਹ ਭੇਜਣ ਦੀ ਹਿੰਮਤ ਦਿਖਾਈ ਹੈ। ਪਰ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਕਿ ਜਦੋਂ ਉਸ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਤਾਂ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਅਤੇ ਗਾਲ੍ਹਾਂ ਕੱਢਣ ਲੱਗ ਪਈਆਂ। “ਇਨ੍ਹਾਂ ਪਾਰਟੀਆਂ ਨੇ 'ਆਪ', ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਗਾਲ੍ਹਾਂ ਕੱਢੀਆਂ ਅਤੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ।”
'ਆਪ' ਮੁਖੀ ਨੇ ਸਵਾਲ ਕੀਤਾ, “ਜਦੋਂ ਪੰਜਾਬ ਦੇ ਬੱਚੇ ਨਸ਼ਿਆਂ ਕਾਰਨ ਮਰ ਰਹੇ ਸਨ ਅਤੇ ਉਨ੍ਹਾਂ ਦਾ ਭਵਿੱਖ ਤਬਾਹ ਹੋ ਰਿਹਾ ਸੀ, ਤਾਂ ਕੀ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋ ਰਹੀ ਸੀ? ਹੁਣ ਜਦੋਂ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਤਾਂ ਕੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ?”
ਉਨ੍ਹਾਂ ਕਿਹਾ ਕਿ ਇਹ ਲੋਕ ਕਿਸੇ ਨੂੰ ਪਿਆਰ ਨਹੀਂ ਕਰਦੇ। ਅਰਵਿੰਦ ਕੇਜਰੀਵਾਲ ਨੇ ਕਿਹਾ, “ਇਹ ਸਭ ਉਨ੍ਹਾਂ ਦਾ ਕਾਰੋਬਾਰ ਹੈ। ਭਗਵੰਤ ਸਿੰਘ ਮਾਨ ਨੇ ਇਨ੍ਹਾਂ ਦਾ ਕਾਰੋਬਾਰ ਬੰਦ ਕਰ ਦਿੱਤਾ ਹੈ। ਨਸ਼ੇ ਵੇਚਣ ਵਾਲੀਆਂ ਇਨ੍ਹਾਂ ਪਾਰਟੀਆਂ, ਇਨ੍ਹਾਂ ਦੇ ਪੈਰੋਕਾਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸਬੰਧਤ ਹਨ। ਹੁਣ ਜਦੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਅਤੇ ਗੈਂਗਸਟਰਾਂ ਵਿਰੁੱਧ ਜੰਗ ਸ਼ੁਰੂ ਕੀਤੀ ਗਈ ਹੈ, ਤਾਂ ਇਹ ਪਾਰਟੀਆਂ ਗਾਲ੍ਹਾਂ ਕੱਢ ਰਹੀਆਂ ਹਨ ਅਤੇ ਕਹਿ ਰਹੀਆਂ ਹਨ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ।”
ਉਨ੍ਹਾਂ ਕਿਹਾ, “ਇਨ੍ਹਾਂ ਲੀਡਰਾਂ ਨੂੰ ਗੈਂਗਸਟਰਾਂ ਅਤੇ ਜਬਰਨ ਵਸੂਲੀਆਂ ਦੀ ਪ੍ਰਵਾਹ ਹੈ, ਪੰਜਾਬੀਆਂ ਦੀ ਨਹੀਂ। ਜਦੋਂ ਆਮ ਲੋਕਾਂ ਨੂੰ ਜਬਰਨ ਵਸੂਲੀ ਦੀਆਂ ਕਾਲਾਂ ਆਉਂਦੀਆਂ ਹਨ ਅਤੇ ਧਮਕੀ ਦਿੱਤੀ ਜਾਂਦੀ ਹੈ ਕਿ ਜੇ ਉਹ ਪੈਸੇ ਨਹੀਂ ਦਿੰਦੇ ਤਾਂ ਉਨ੍ਹਾਂ ਦੇ ਬੱਚੇ ਮਾਰ ਦਿੱਤੇ ਜਾਣਗੇ ਤਾਂ ਇਨ੍ਹਾਂ ਲੀਡਰਾਂ ਨੂੰ ਪੀੜਤ ਲੋਕਾਂ ਦੇ ਮਨੁੱਖੀ ਅਧਿਕਾਰ ਯਾਦ ਨਹੀਂ ਆਉਂਦੇ। ਜਨਤਾ ਨੂੰ ਇਨ੍ਹਾਂ ਪਾਰਟੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦੁਬਾਰਾ ਵੋਟ ਨਹੀਂ ਪਾਉਣੀ ਚਾਹੀਦੀ, ਨਹੀਂ ਤਾਂ ਉਹ ਹਨੇਰ ਯੁੱਗ ਵਾਪਸ ਆ ਜਾਵੇਗਾ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਹੁਤ ਮੁਸ਼ਕਲ ਨਾਲ, ਪਰਮਾਤਮਾ ਨੇ 'ਆਪ' ਵਰਗੀ ਪਾਰਟੀ ਬਣਾਈ ਹੈ, ਅਤੇ ਕਿਹਾ, "ਇਹ ਕੁਦਰਤ ਦਾ ਚਮਤਕਾਰ ਹੈ, ਕਿਉਂਕਿ ਨਾ ਤਾਂ ਉਨ੍ਹਾਂ ਕੋਲ ਪੈਸਾ ਹੈ ਅਤੇ ਨਾ ਭਗਵੰਤ ਮਾਨ, ਨਾ ਮਨੀਸ਼ ਸਿਸੋਦੀਆ, ਨਾ ਹੀ ਸਤੇਂਦਰ ਜੈਨ ਕੋਲ ਪੈਸਾ ਹੈ। ਉਹ ਸਧਾਰਨ ਲੋਕ ਹਨ, ਪਰ ਕੁਦਰਤ ਦੇ ਚਮਤਕਾਰ ਨਾਲ, ਪਾਰਟੀ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਇੰਨੀ ਜਲਦੀ ਸੱਤਾ ਵਿੱਚ ਆਈ। ਇਹ ਸਭ ਪਰਮਾਤਮਾ ਅਤੇ ਵਾਹਿਗੁਰੂ ਦੁਆਰਾ ਕੀਤਾ ਜਾ ਰਿਹਾ ਹੈ।"
ਉਨ੍ਹਾਂ ਕਿਹਾ ਕਿ ਇਸ ਨਵੀਂ 10 ਲੱਖ ਰੁਪਏ ਦੀ ਯੋਜਨਾ ਦਾ ਵੀ ਇਹ ਲੋਕ ਵਿਰੋਧ ਕਰਨਗੇ। ਉਸ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਨੇਤਾਵਾਂ ਨੂੰ ਕਿਹਾ ਕਿ ਜੇਕਰ ਕੁਝ ਚੰਗਾ ਹੋ ਰਿਹਾ ਹੈ, ਤਾਂ ਉਨ੍ਹਾਂ ਨੂੰ ਇਸ ਦੀ ਪ੍ਰਸੰਸਾ ਕਰਨੀ ਚਾਹੀਦੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ, “ਇਹ 10 ਲੱਖ ਰੁਪਏ ਦਾ ਇਲਾਜ ਹਰ ਕਿਸੇ ਨੂੰ ਮੁਹੱਈਆ ਹੋਵੇਗਾ। ਇਨ੍ਹਾਂ ਲੀਡਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਵੀ ਇਸ ਯੋਜਨਾ ਤਹਿਤ ਇਲਾਜ ਕੀਤਾ ਜਾਵੇਗਾ। ‘ਆਪ’ ਸਰਕਾਰ ਨੇ ਕੋਈ ਵਿਤਕਰਾ ਨਹੀਂ ਕੀਤਾ ਹੈ, ਨਾ ਹੀ ਕੋਈ ਸ਼ਰਤ ਰੱਖੀ ਹੈ ਕਿ ਕਾਂਗਰਸ ਜਾਂ ਅਕਾਲੀ ਮੈਂਬਰਾਂ ਦਾ ਇਲਾਜ ਨਹੀਂ ਕੀਤਾ ਜਾਵੇਗਾ। ਸਾਰਿਆਂ ਦਾ ਇਲਾਜ ਕੀਤਾ ਜਾਵੇਗਾ। ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ।”
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਲੋਕ ਪੰਜਾਬ ਜਾਂ ਪੰਜਾਬੀਆਂ ਨੂੰ ਪਿਆਰ ਨਹੀਂ ਕਰਦੇ। ਉਨ੍ਹਾਂ ਕਿਹਾ, “ਉਹ ਸਿਰਫ਼ ਸੱਤਾ ਚਾਹੁੰਦੇ ਹਨ ਤਾਂ ਜੋ ਉਹ ਪੈਸਾ ਕਮਾ ਸਕਣ। ਉਨ੍ਹਾਂ ਦਾ ਮਕਸਦ ਸੱਤਾ ਤੋਂ ਪੈਸਾ ਅਤੇ ਪੈਸੇ ਤੋਂ ਸੱਤਾ ਹੈ। ਅੱਜ, ਇਹ ਪਾਰਟੀਆਂ ਬੁਰੀ ਹਾਲਤ ਵਿੱਚ ਹਨ। ‘ਆਪ’ ਵਧ-ਫੁੱਲ ਰਹੀ ਹੈ, ਜਦੋਂ ਕਿ ਕਾਂਗਰਸੀ ਆਗੂ ਇੱਕ ਦੂਜੇ ਦੀ ਪਿੱਠ ਵਿੱਚ ਛੁਰਾ ਮਾਰਨ ਵਿੱਚ ਰੁੱਝੇ ਹੋਏ ਹਨ ਅਤੇ ਹਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਅਕਾਲੀ ਦਲ ਦੀ ਹਾਲਤ ਵੀ ਮਾੜੀ ਹੈ।”
ਅਰਵਿੰਦ ਕੇਜਰੀਵਾਲ ਨੇ ਇਹ ਕਹਿ ਕੇ ਆਪਣਾ ਭਾਸ਼ਣ ਸਮੇਟਿਆ ਕਿ ਸਿਰਫ਼ ‘ਆਪ’ ਹੀ ਪੰਜਾਬ ਅਤੇ ਇਸ ਦੇ ਲੋਕਾਂ ਦੇ ਪਰਿਵਾਰਾਂ ਦਾ ਭਵਿੱਖ ਬਣਾ ਸਕਦੀ ਹੈ ਅਤੇ ਉਨ੍ਹਾਂ ਦੀ ਦੇਖਭਾਲ ਕਰ ਸਕਦੀ ਹੈ। ਉਨ੍ਹਾਂ ਕਿਹਾ, “ਉਹ ਆਪਣੇ ਲਈ ਕੁਝ ਨਹੀਂ ਚਾਹੁੰਦੇ। ਉਹ ਲੋਕਾਂ ਦੁਆਰਾ ਦਿੱਤੇ ਗਏ ਸੇਵਾ ਦੇ ਮੌਕੇ ਲਈ ਤਹਿ ਦਿਲੋਂ ਧੰਨਵਾਦੀ ਅਤੇ ਸ਼ੁਕਰਗੁਜ਼ਾਰ ਹਨ। ਉਹ ਸਿਰਫ਼ ਇਹੀ ਮੰਗ ਕਰਦੇ ਹਨ ਕਿ ਜਨਤਾ ਉਨ੍ਹਾਂ ਨੂੰ ਪਿਆਰ ਅਤੇ ਵਿਸ਼ਵਾਸ ਦਿੰਦੀ ਰਹੇ।”
ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਸਰਬੱਤ ਦੇ ਭਲੇ ਦੇ ਸੁਨੇਹੇ ‘ਤੇ ਅਮਲ ਕਰਦਿਆਂ ਇਹ ਯੋਜਨਾ ਸਮਾਜ ਦੇ ਸਾਰੇ ਵਰਗਾਂ ਲਈ ਸ਼ੁਰੂ ਕੀਤੀ ਗਈ ਹੈ ਅਤੇ ਇਸ ਨਾਲ ਸੂਬੇ ਦੇ ਸਾਰੇ 65 ਲੱਖ ਪਰਿਵਾਰਾਂ (ਕੁੱਲ ਤਿੰਨ ਕਰੋੜ ਨਾਗਰਿਕਾਂ) ਨੂੰ ਸਿਹਤ ਕਾਰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਸ ਯੋਜਨਾ ਲਈ ਕੋਈ ਆਮਦਨ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ ਅਤੇ ਅੱਜ ਇਸ ਯੋਜਨਾ ਦੀ ਸ਼ੁਰੂਆਤ ਨਾਲ ਪੰਜਾਬ ਨੇ ਦੇਸ਼ ਦੇ ਸਾਹਮਣੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿਸਨੇ ਆਪਣੇ ਨਾਗਰਿਕਾਂ ਨੂੰ ਸਿਹਤ, ਸਿੱਖਿਆ, ਬਿਜਲੀ ਅਤੇ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ।
ਇਸ ਪਹਿਲਕਦਮੀ ਦੇ ਦਾਇਰੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਕਰਮਚਾਰੀ, ਪੈਨਸ਼ਨਰ ਅਤੇ ਹਰ ਕੋਈ ਨਾਗਰਿਕ ਸਿਹਤ ਕਾਰਡ ਲਈ ਯੋਗ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਿਹਤ ਕਾਰਡ ਸੁਵਿਧਾ ਕੇਂਦਰਾਂ ਅਤੇ ਕਾਮਨ ਸਰਵਿਸ ਸੈਂਟਰਾਂ ਤੋਂ ਜਾਂ ਆਧਾਰ ਕਾਰਡ ਜਾਂ ਵੋਟਰ ਕਾਰਡ ਦੀ ਵਰਤੋਂ ਕਰਕੇ ਔਨਲਾਈਨ ਰਜਿਸਟ੍ਰੇਸ਼ਨ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਯੂਥ ਕਲੱਬ ਦੇ ਮੈਂਬਰ ਘਰ-ਘਰ ਜਾ ਕੇ ਕਾਰਡ ਬਣਾ ਕੇ ਵੀ ਨਾਗਰਿਕਾਂ ਦੀ ਸਹਾਇਤਾ ਵੀ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਯੋਜਨਾ ਤਹਿਤ 850 ਸਰਕਾਰੀ ਅਤੇ ਨਿੱਜੀ ਹਸਪਤਾਲ ਪਹਿਲਾਂ ਹੀ ਸੂਚੀਬੱਧ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਹਸਪਤਾਲ ਸ਼ਾਮਲ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਵਿੱਚ 2356 ਤੋਂ ਵੱਧ ਇਲਾਜ ਪੈਕੇਜ ਸ਼ਾਮਲ ਕੀਤੇ ਗਏ ਹਨ, ਜਦੋਂ ਕਿ ਪਹਿਲਾਂ ਇਹ ਪੈਕੇਜ ਸਿਰਫ਼ 1600 ਸਨ। ਉਨ੍ਹਾਂ ਕਿਹਾ ਕਿ ਇਸ ਸਿਹਤ ਯੋਜਨਾ ਅਧੀਨ ਆਰਥੋਪੀਡਿਕਸ, ਜਨਰਲ ਮੈਡੀਸਨ, ਕਾਰਡੀਓਲੋਜੀ, ਨਿਊਰੋਲੋਜੀ, ਨੈਫਰੋਲੋਜੀ, ਯੂਰੋਲੋਜੀ, ਓਨਕੋਲੋਜੀ ਸਮੇਤ ਹੋਰ ਵਿਸ਼ੇਸ਼ ਇਲਾਜ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਇਲਾਵਾ ਦਿਲ ਨਾਲ ਸਬੰਧਤ ਅਤੇ ਕੈਂਸਰ ਦੇ ਇਲਾਜ, ਕਿਡਨੀ ਡਾਇਲਸਿਸ ਅਤੇ ਟ੍ਰਾਂਸਪਲਾਂਟ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ, ਜਣੇਪਾ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ, ਦੁਰਘਟਨਾ ਅਤੇ ਐਮਰਜੈਂਸੀ, ਗੋਡੇ ਅਤੇ ਚੂਲੇ ਦੀਆਂ ਸਰਜਰੀਆਂ, ਮੋਤੀਆਬਿੰਦ ਸਰਜਰੀ ਅਤੇ ਹੋਰ ਇਲਾਜ ਸੇਵਾਵਾਂ ਵੀ ਇਸ ਯੋਜਨਾ ਵਿੱਚ ਸ਼ਾਮਲ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਸਪਤਾਲ ਦੇ ਖਰਚਿਆਂ ਦੇ ਨਾਲ-ਨਾਲ ਡਾਇਗਨੌਸਟਿਕ ਸੇਵਾਵਾਂ ਨੂੰ ਵੀ ਇਸ ਸਕੀਮ ਅਧੀਨ ਸ਼ਾਮਲ ਕੀਤਾ ਗਿਆ ਹੈ ਅਤੇ ਕਿਹਾ ਕਿ ਕੋਈ ਵੀ ਨਾਗਰਿਕ ਹੁਣ ਪੰਜਾਬ ਜਾਂ ਚੰਡੀਗੜ੍ਹ ਦੇ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਵਿੱਚ ਮੁਫ਼ਤ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ ਨੂੰ ਇਲਾਜ ਤੋਂ ਬਾਅਦ 15 ਦਿਨਾਂ ਦੇ ਅੰਦਰ ਇਲਾਜ ਦੀ ਲਾਗਤ ਦਾ ਭੁਗਤਾਨ ਕਰ ਦਿੱਤਾ ਜਾਵੇਗਾ ਅਤੇ ਰਾਜ ਸਰਕਾਰ ਪਹਿਲਾਂ ਹੀ ਬੀਮਾ ਕੰਪਨੀ ਨੂੰ ਐਡਵਾਂਸ ਪ੍ਰੀਮੀਅਮ ਅਦਾ ਕਰ ਚੁੱਕੀ ਹੈ।
ਇਸ ਯੋਜਨਾ ਦੇ ਮੁੱਖ ਉਦੇਸ਼ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਪੰਜਾਬ ਦੇ ਕਿਸੇ ਵੀ ਨਾਗਰਿਕ ਨੂੰ ਵਿੱਤੀ ਤੰਗੀਆਂ-ਤੁਰਸ਼ੀਆਂ ਕਰਕੇ ਇਲਾਜ ਤੋਂ ਵਾਂਝਾ ਨਹੀਂ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬੀਆਂ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ, ਪਰ ਪਰਮਾਤਮਾ ਨਾ ਕਰਕੇ ਜੇਕਰ ਕੋਈ ਬੀਮਾਰ ਹੋ ਵੀ ਜਾਂਦਾ ਹੈ ਤਾਂ ਉਸਨੂੰ ਹੁਣ ਇਲਾਜ ਲਈ ਚਿੰਤਾ ਕਰਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਇਹ ਸਿਹਤ ਯੋਜਨਾ ਸਾਰੇ ਵਰਗਾਂ ਨੂੰ ਮੁੱਖ ਰੱਖਦਿਆਂ ਤਿਆਰ ਕੀਤੀ ਗਈ ਹੈ, ਜੋ ਹਰ ਇੱਕ ਪੰਜਾਬੀ ਪਰਿਵਾਰ ਨੂੰ ਕਵਰੇਜ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਉਹ ਕੁਝ ਅਜਿਹੇ ਪਰਿਵਾਰਾਂ ਨੂੰ ਵੀ ਜਾਣਦੇ ਹਨ ਜਿਨ੍ਹਾਂ ਨੇ ਆਪਣੇ ਸਕੇ-ਸਬੰਧੀਆਂ ਦੇ ਇਲਾਜ ਲਈ ਆਪਣੀ ਜ਼ਿੰਦਗੀ ਭਰ ਦੀ ਪੂੰਜੀ ਤੱਕ ਖ਼ਰਚ ਦਿੱਤੀ ਅਤੇ ਕਈਆਂ ਨੂੰ ਵਿੱਤੀ ਬੋਝ ਦੇ ਚਲਦਿਆਂ ਬਿਮਾਰੀ ਅੱਗੇ ਗੋਡੇ ਵੀ ਟੇਕਣੇ ਪਏ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਅਤੇ ਇਨ੍ਹਾਂ ਸਭ ਚੀਜ਼ਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਸਰਕਾਰ ਇਹ ਯੋਜਨਾ ਲੈ ਕੇ ਆਈ ਹੈ ਅਤੇ ਜੋ ਵੀ ਅੱਜ ਤੋਂ ਇਸ ਯੋਜਨਾ ਅਧੀਨ ਰਜਿਸਟਰ ਕਰਦਾ ਹੈ ਉਹ ਹੁਣ ਤੋਂ ਹੀ ਇਸ ਤਹਿਤ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ।
ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਗਰੀਬ ਪਰਿਵਾਰਾਂ ਨੂੰ ਐਲਪੀਜੀ ਕੁਨੈਕਸ਼ਨ ਪ੍ਰਦਾਨ ਕਰਨ ਲਈ ਉਜਵਲਾ ਯੋਜਨਾ ਸ਼ੁਰੂ ਕੀਤੀ ਅਤੇ ਫਿਰ ਜਿਨ੍ਹਾਂ ਨੂੰ ਕੁਨੈਕਸ਼ਨ ਦਿੱਤੇ ਗਏ ਉਨ੍ਹਾਂ ਨੂੰ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਦਾਇਰੇ ਤੋਂ ਬਾਹਰ ਕਰ ਦਿੱਤਾ ਗਿਆ। ਉਨ੍ਹਾਂ ਨੇ ਪਿਛਲੀ ਸੂਬਾ ਸਰਕਾਰ ਦੀ ਇੱਕ ਯੋਜਨਾ ਦਾ ਵੀ ਹਵਾਲਾ ਦਿੱਤਾ ਜਿੱਥੇ ਵਿਦਿਆਰਥੀਆਂ ਨੂੰ ਸਿਰਫ਼ ਆਟਾ-ਦਾਲ ਸਕੀਮ ਅਧੀਨ ਦਾਖ਼ਲ ਕਰਨ ਲਈ 8ਵੀਂ ਜਮਾਤ ਤੱਕ ਫੇਲ੍ਹ ਨਹੀਂ ਕੀਤਾ ਜਾਂਦਾ ਸੀ। ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰ ਦੀਆਂ ਬਿਜ਼ਨਸ ਬਲਾਸਟਰ ਸਕੀਮਾਂ 'ਤੇ ਵਿਸ਼ੇਸ਼ ਤੌਰ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਕੰਪਨੀਆਂ ਨਾਲ ਲਗਭਗ 45 ਕਰੋੜ ਦੇ ਐਮ.ਓ.ਯੂ. ਹਾਸਲ ਕੀਤੇ ਹਨ।
ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਕਾਟੋ-ਕਲੇਸ਼ 'ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਆਗੂ ਸੇਵਾ ਲਈ ਨਹੀਂ ਸਗੋਂ ਮੇਵਾ (ਪੈਸੇ) ਲਈ ਮੁੱਖ ਮੰਤਰੀ ਬਣਨ ਲਈ ਇੱਕ ਦੂਜੇ ਨਾਲ ਲੜ-ਝਗੜ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਰੱਖਿਆ ਕਰਮੀਆਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਦੀ ਸਹਾਇਤਾ ਦੀ ਨੀਤੀ ਲਿਆਂਦੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਸੂਬਾ ਸਰਕਾਰ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ 2 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ 'ਆਪ' ਦੀ ਸਮੁੱਚੀ ਲੀਡਰਸ਼ਿਪ ਆਮ ਆਦਮੀਆਂ ਦੀ ਹੈ ਅਤੇ ਸੂਬਾ ਸਰਕਾਰ ਆਮ ਆਦਮੀ ਦੀ ਭਲਾਈ ਲਈ ਲਗਾਤਾਰ ਸਖ਼ਤ ਉਪਰਾਲੇ ਕਰ ਰਹੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 16 ਮਾਰਚ ਨੂੰ ਸੂਬਾ ਸਰਕਾਰ ਦੇ ਚਾਰ ਸਾਲ ਪੂਰੇ ਹੋ ਜਾਣਗੇ ਅਤੇ ਇਸ ਮਿਆਦ ਦੌਰਾਨ ਉਨ੍ਹਾਂ ਨੇ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕਈ ਲੀਹੋਂ ਹਟਵੀਆਂ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਮ ਆਦਮੀ ਕਲੀਨਿਕ, ਸਕੂਲ ਆਫ਼ ਐਮੀਨੈਂਸ ਸ਼ੁਰੂ ਕੀਤੇ, 61000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ, ਟੇਲਾਂ ਤੱਕ ਪਾਣੀ ਪਹੁੰਚਾਇਆ, 90 ਫੀਸਦ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦਿੱਤੀ ਅਤੇ ਲੋਕਾਂ ਦੀ ਭਲਾਈ ਲਈ ਹੋਰ ਬਹੁਤ ਕੁਝ ਯਕੀਨੀ ਬਣਾਇਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਲੋਕ-ਪੱਖੀ ਉਪਰਾਲੇ ਜਾਰੀ ਰਹਿਣਗੇ।
ਇਸ ਦੌਰਾਨ ‘ਆਪ’ ਪੰਜਾਬ ਦੇ ਸਹਿ-ਪ੍ਰਭਾਰੀ ਸਤਿੰਦਰ ਜੈਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਹਰਪਾਲ ਸਿੰਘ ਚੀਮਾ, ‘ਆਪ’ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ, ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਕੁਲਵੰਤ ਸਿੰਘ ਸਮੇਤ ਹੋਰ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।