ਡੀ.ਸੀ. ਨੇ ਮੌਕੇ 'ਤੇ ਹੀ ਸਕੂਲਾਂ 'ਚ ਖੇਡ ਮੈਦਾਨਾਂ ਲਈ 5-5 ਲੱਖ ਰੁਪਏ ਕੀਤੇ ਜਾਰੀ, ਮੈਰੀਟੋਰੀਅਸ ਸਕੂਲ 'ਚ ਆਡੀਟੋਰੀਅਮ ਬਣਵਾਉਣ ਦਾ ਐਲਾਨ
ਡਿਪਟੀ ਕਮਿਸ਼ਨਰ ਨੇ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ਦੇ ਮੈਰਿਟ 'ਚ ਆਏ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਦਿੱਤੀ ਵਧਾਈ
ਪਟਿਆਲਾ : ਸਿਵਲ ਸਰਵੈਂਟ ਬਣਨ ਦੇ ਚਾਹਵਾਨ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ਵਿੱਚ ਮੈਰਿਟ 'ਚ ਆਏ ਵਿਦਿਆਰਥੀਆਂ ਨੂੰ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਆਪਣੀ ਕੁਰਸੀ 'ਤੇ ਬਿਠਾਇਆ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਆਪਣੇ ਸੁਪਨੇ ਸਾਕਾਰ ਕਰਨ ਲਈ ਬੁਰੀ ਸੰਗਤ ਤੋਂ ਬਚਦੇ ਹੋਏ ਮਿਹਨਤ ਕਰਨ ਤਾਂ ਉਨ੍ਹਾਂ ਦੇ ਕੁਝ ਵੀ ਬਣਨ ਦੇ ਸੁਪਨੇ ਜਰੂਰ ਪੂਰੇ ਹੋਣਗੇ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ 12ਵੀਂ ਜਮਾਤ ਦੇ ਮੈਰਿਟ 'ਚ ਆਏ 12 ਵਿਦਿਆਰਥੀਆਂ ਨੂੰ ਆਪਣੇ ਦਫ਼ਤਰ ਵਿਖੇ ਸਨਮਾਨਤ ਕਰਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਜਾਣੂ ਕਰਵਾਇਆ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਵਿਖੇ ਅਗਲੇ ਭਵਿੱਖ ਲਈ ਕੈਰੀਅਰ ਕਾਉਸਲਿੰਗ ਵੀ ਕਰਵਾਈ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਟਾਪਰ ਬਣਨਾ ਜਾਂ ਸਫ਼ਲਤਾ, ਕਿਸੇ ਦੀ ਤਰੱਕੀ ਜਾਂ ਸਫ਼ਲ ਹੋਣ ਦਾ ਇੱਕ ਮਾਪਦੰਡ ਨਹੀਂ ਹੈ, ਮਿਹਨਤ ਕਰਕੇ ਪੈਸਾ, ਨਾਮ ਤੇ ਕੁਝ ਵੀ ਕਮਾਇਆ ਜਾ ਸਕਦਾ ਹੈ, ਪਰੰਤੂ ਮੇਰਾ ਮੰਨਣਾ ਹੈ ਕਿ ਜੇਕਰ ਤੁਸੀਂ ਚੰਗੇ ਤੇ ਨੇਕ ਇਨਸਾਨ ਹੋ ਤਾਂ ਹੀ ਸਫ਼ਲ ਵਿਅਕਤੀ ਹੋ। ਉਨ੍ਹਾਂ ਕਿਹਾ ਕਿ ਹਰੇਕ ਬੱਚੇ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਉਹ ਅਜਿਹੇ ਵਿਅਕਤੀ ਬਣਨ ਜੋ ਕਿਸੇ ਦੂਜੇ ਜਾਂ ਲੋੜਵੰਦ ਦੀ ਮਦਦ ਕਰ ਸਕਣ, ਕਿਉਂਕਿ ਆਪਣੇ ਲਈ ਤਾਂ ਹਰ ਕੋਈ ਕਰਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਟਾਪਰ ਹਨ, ਉਨ੍ਹਾਂ ਨੂੰ ਤਾਂ ਮੇਰੀ ਹੱਲਾਸ਼ੇਰੀ ਹੈ ਹੀ ਪਰੰਤੂ ਜਿਹੜੇ ਟਾਪਰ ਨਹੀਂ ਬਣ ਸਕੇ, ਉਨ੍ਹਾਂ ਨੇ ਵੀ ਬਹੁਤ ਵਧੀਆ ਕੀਤਾ ਹੁੰਦਾ ਹੈ ਤੇ ਵੱਧ ਜਾਂ ਘੱਟ ਨੰਬਰ ਲਿਆਉਣ ਵਾਲਿਆਂ ਵਿੱਚ ਵੀ ਕੋਈ ਨਾ ਕੋਈ ਹੁਨਰ ਜਰੂਰ ਹੁੰਦਾ ਹੈ, ਜਿਸ ਨੂੰ ਨਿਖਾਰਨ ਦੀ ਹੀ ਲੋੜ ਹੁੰਦੀ ਹੈ।
ਡਾ. ਪ੍ਰੀਤੀ ਯਾਦਵ ਨੇ ਇਨ੍ਹਾਂ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਸਕੂਲਾਂ ਬਾਬਤ ਫੀਡਬੈਕ ਹਾਸਲ ਕੀਤੀ, ਜਿਸ 'ਤੇ ਬਾਦਸ਼ਾਹਪੁਰ ਕਾਲੇਕੀ, ਪੀਐਮ ਸ੍ਰੀ ਦੇਵੀਗੜ੍ਹ ਅਤੇ ਸਮਾਣਾ ਦੇ ਸਕੂਲਾਂ 'ਚ ਖੇਡ ਮੈਦਾਨਾਂ ਦੀ ਮੰਗ ਨੂੰ ਤੁਰੰਤ ਪੂਰਾ ਕਰਦਿਆਂ ਹਰ ਖੇਡ ਮੈਦਾਨ ਲਈ 5-5 ਲੱਖ ਰੁਪਏ ਜਾਰੀ ਕੀਤੇ। ਉਨ੍ਹਾਂ ਨੇ ਮੈਰੀਟੋਰੀਅਸ ਸਕੂਲ ਪਟਿਆਲਾ 'ਚ ਆਡੀਟੋਰੀਅਮ ਬਣਾਉਣ ਸਮੇਤ ਹੋਰ ਸਕੂਲਾਂ 'ਚ ਵਿਦਿਆਰਥੀਆਂ ਵੱਲੋਂ ਰੱਖੀਆਂ ਹੋਰ ਮੰਗਾਂ ਵੀ ਤੁਰੰਤ ਪ੍ਰਵਾਨ ਕੀਤੀਆਂ।
ਡਿਪਟੀ ਕਮਿਸ਼ਨਰ ਨੇ ਮੈਰਿਟ 'ਚ ਆਏ ਵਿਦਿਆਰਥੀਆਂ ਮਨੀਸ਼ਾ, ਮਨਪ੍ਰੀਤ ਕੌਰ, ਭਾਨੂ ਕਪੂਰ, ਹੁਸਨਪ੍ਰੀਤ ਕੌਰ, ਨਿਸ਼ਠਾ ਮਿੱਤਲ, ਹਰਜੋਤ ਕੌਰ, ਜਸ਼ਨਦੀਪ ਸਿੰਘ, ਨਿਰਜਲਾ ਯਾਦਵ, ਹਰਸਿਮਰਨ ਕੌਰ, ਜਸ਼ਨਪ੍ਰੀਤ ਸਿੰਘ, ਨਰਿੰਦਰਪਾਲ ਕੌਰ ਤੇ ਖੁਸ਼ਪ੍ਰੀਤ ਕੌਰ ਨੂੰ ਸਨਮਾਨਤ ਕੀਤਾ। ਇਸ ਮੌਕੇ ਏ.ਡੀ.ਸੀ (ਜ) ਇਸ਼ਾ ਸਿੰਗਲ, ਮੁੱਖ ਮੰਤਰੀ ਫੀਲਫ਼ ਅਫ਼ਸਰ ਸਤੀਸ਼ ਚੰਦਰ, ਡਿਪਟੀ ਡੀ.ਈ.ਓ. ਰਵਿੰਦਰਪਾਲ ਸਿੰਘ, ਸਕੂਲਾਂ ਦੇ ਪ੍ਰਿਸੀਪਲ, ਅਧਿਆਪਕ ਤੇ ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਸਨ।