Thursday, July 03, 2025

Malwa

ਮੁੱਖ ਮੰਤਰੀ ਦੇ ਆਪਣੇ ਵਿਭਾਗ ਦੇ ਅਫਸਰ/ਇੰਸਪੈਕਟਰ ਪਿਛਲੇ ਇੱਕ ਹਫਤੇ ਤੋਂ ਕਲਮ-ਛੋੜ ਤੇ

August 01, 2024 07:47 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੇ ਕੋਲ ਕੋਆਪ੍ਰੇਟਿਵ ਵਿਭਾਗ ਦੇ ਸਮੂਹ ਅਧਿਕਾਰੀ ਅਤੇ ਇੰਸਪੈਕਟਰਜ਼ 23 ਜੁਲਾਈ ਤੋਂ ਕਲਮ-ਛੋੜ ਹੜਤਾਲ ਕਰ ਰਹੇ ਹਨ। ਇਸ ਸਬੰਧੀ ਪੰਜਾਬ ਰਾਜ ਕੋਆਪ੍ਰੇਟਿਵ ਆਫਿਸਰ ਐਸੋਸੀਏਸ਼ਨ ਦੇ ਨੁਮਾਇੰਦੇ ਕਰਨਬੀਰ ਸਿੰਘ ਰੰਧਾਵਾ, ਉਪ ਰਜਿਸਟਰਾਰ ਸੰਗਰੂਰ, ਗਗਨਦੀਪ ਸਿੰਘ ਸਹਾਇਕ ਰਜਿਸਟਰਾਰ ਮਾਲੇਰਕੋਟਲਾ ਅਤੇ ਦੀ ਪੰਜਾਬ ਰਾਜ ਕੋਆਪ੍ਰੇਟਿਵ ਇੰਸਪੈਕਟਰਜ਼ ਐਸੋਸੀਸ਼ਨ ਦੇ ਜਿਲ੍ਹਾ ਸੰਗਰੂਰ ਦੇ ਪ੍ਰਧਾਨ/ਨੁਮਾਇੰਦੇ ਪਰਮਿੰਦਰ ਸਿੰਘ ਵੱਲੋਂ ਸਾਝੇ ਬਿਆਨ ਰਾਹੀਂ ਦੱਸਿਆ ਹੈ ਕਿ ਵਿਜੀਲੈਂਸ ਵਿਭਾਗ ਹੁਸ਼ਿਆਰਪੁਰ ਵੱਲੋਂ ਇੱਕ ਪੁਰਾਣੀ ਐਫ.ਆਈ.ਆਰ. ਵਿੱਚ ਵਿਭਾਗ ਦੇ ਸਾਬਕਾ ਇੰਸਪੈਕਟਰ ਹੁਣ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਦਸੂਹਾ ਸ੍ਰੀ ਯੁੱਧਵੀਰ ਸਿੰਘ ਨੂੰ ਬਿਨਾਂ ਕਿਸੇ ਦੋਸ਼ ਦੇ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਦਾ ਐਸੋਸੀਏਸ਼ਨਾਂ ਵੱਲੋਂ ਗੰਭੀਰ ਨੋਟਿਸ ਲੈਦਿਆਂ ਹੋਇਆ ਮਿਤੀ 23 ਜੁਲਾਈ 2024 ਤੋਂ ਕਲਮ-ਛੋੜ ਹੜਤਾਲ ਕੀਤੀ ਹੋਈ ਹੈ। ਐਸੋਸੀਏਸ਼ਨ ਵੱਲੋਂ ਮੰਗ-ਪੱਤਰਾਂ ਰਾਹੀਂ ਇਹ ਮੁੱਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਂਦਾ ਸੀ ਅਤੇ ਇਸ ਸਬੰਧੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਹਿਕਾਰਤਾ ਕਮ ਵਿੱਤੀ ਕਮਿਸ਼ਨਰ ਸ੍ਰੀ ਵੀ.ਕੇ. ਸਿੰਘ ਆਈ.ਏ.ਐਸ. ਨਾਲ ਮੀਟਿੰਗ ਦਾ ਸਮਾਂ ਮੰਗਿਆ ਗਿਆ ਪਰ ਉਚ ਅਧਿਕਾਰੀਆਂ ਵੱਲੋ ਐਸੋਸੀਏਸ਼ਨਾਂ ਨਾਲ ਗੱਲਬਾਤ ਕਰਨੀ ਵੀ ਠੀਕ ਨਹੀਂ ਸਮਝੀ। ਆਗੂਆਂ ਵੱਲੋਂ ਦੱਸਿਆ ਗਿਆ ਹੈ ਕਿ ਐਸੋਸੀਏਸ਼ਨਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਹਨ ਅਤੇ ਜਿਨ੍ਹਾਂ ਦੋਸ਼ੀਆਂ ਵੱਲੋਂ ਗਲਤ ਐਡਵਾਂਸਮੈਂਟ ਕੀਤੀ ਗਈ ਸੀ ।ਉਨ੍ਹਾਂ ਦੇ ਖਿਲਾਫ ਵਿਜੀਲੈਂਸ ਵਿਭਾਗ ਨਿਯਮਾਂ ਅਨੁਸਾਰ ਕਾਰਵਾਈ ਕਰੇ, ਜਿਸ ਵਿੱਚ ਐਸੋਸੀਏਸ਼ਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ ਪਰ ਵਿਜੀਲੈਂਸ ਵਿਭਾਗ ਵੱਲੋਂ ਬੇਕਸੂਰ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਨਜਾਇਜ਼ ਕਾਰਵਾਈ ਬਰਦਾਸ਼ਤ ਬਿਲਕੁੱਲ ਨਹੀਂ ਕੀਤੀ ਜਾਵੇਗੀ।
ਆਗੂਆਂ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਹੜਤਾਲ ਕਰਨ ਦੇ ਹੱਕ ਵਿੱਚ ਨਹੀਂ ਹਨ। ਬਲਕਿ ਆਪਣਾ ਕੰਮ ਕਰਨਾ ਚਾਹੁੰਦੇ ਹਨ ਪਰ ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਮੁਲਾਜ਼ਮਾਂ ਤੇ ਕੀਤੀ ਜਾ ਰਹੀ ਧੱਕੇ-ਸ਼ਾਹੀ ਕਾਰਨ ਸਹਿਕਾਰਤਾ ਵਿਭਾਗ ਦੇ ਸਮੂਹ ਅਫਸਰ ਅਤੇ ਇੰਸਪੈਕਟਰਜ਼ ਮਾਨਸਿਕ ਦਬਾਅ ਹੇਠ ਹਨ ਅਤੇ ਉੱਚ-ਅਧਿਕਾਰੀਆਂ ਵੱਲੋਂ ਇਸ ਮੁੱਦੇ ਨੂੰ ਅੱਖੋਂ-ਪਰੋਖੇ ਕਰਨ ਕਾਰਨ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦੇ ਵਿੱਚ ਰੋਸ਼ ਵੱਧਦਾ ਜਾ ਰਿਹਾ ਹੈ। ਐਸੋਸੀਏਸ਼ਨਾਂ ਵੱਲੋਂ ਸਾਝੇ ਤੌਰ ਤੇ 02 ਅਗਸਤ 2024 ਤੱਕ ਹੜਤਾਲ ਵਧਾਈ ਗਈ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਿੱਤੀ ਕਮਿਸ਼ਨਰ ਸਹਿਕਾਰਤਾ ਵੱਲੋਂ ਜਲਦ ਹੀ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ, ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ।

Have something to say? Post your comment