ਸੁਨਾਮ : ਆਵਾਜਾਈ ਨਿਯਮਾਂ ਦੀ ਉਲੰਘਣਾ ਕਰਕੇ ਸੁਨਾਮ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚ ਗੱਡੀਆਂ ਬੇਤਰਤੀਬੀਆਂ ਲੱਗ ਜਾਣ ਕਾਰਨ ਲੱਗਦੇ ਜਾਮ ਰਾਹਗੀਰਾਂ ਲਈ ਮੁਸ਼ਕਿਲ ਪੈਦਾ ਕਰ ਰਹੇ ਹਨ। ਰਾਹਗੀਰ ਟਰੈਫਿਕ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਰਹੇ ਹਨ। ਸੋਮਵਾਰ ਨੂੰ ਸੁਨਾਮ ਦੇ ਨਵਾਂ ਬਜ਼ਾਰ ਵਿੱਚ ਲੱਗੇ ਜਾਮ ਵਿੱਚ ਫ਼ਸੇ ਰਾਹਗੀਰਾਂ ਜਸਵੀਰ ਸਿੰਘ, ਗੁਰਤੇਜ ਸਿੰਘ ਅਤੇ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਟਰੈਫਿਕ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰਦਿਆਂ ਆਖਿਆ ਕਿ ਟ੍ਰੈਫਿਕ ਪੁਲਿਸ ਵਿੱਚ ਤਾਇਨਾਤ ਕਰਮਚਾਰੀ ਸ਼ਹਿਰ ਦੇ ਆਈ ਟੀ ਆਈ ਚੌਕ ਤੱਕ ਸੀਮਤ ਹੋ ਕੇ ਰਹਿ ਗਏ ਹਨ। ਬਜ਼ਾਰਾਂ ਵਿੱਚ ਕੀ ਹੋ ਰਿਹਾ ਇਸ ਬਾਰੇ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਜਗ੍ਹਾ ਖੜਕੇ ਆਉਣ ਜਾਣ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਜਦਕਿ ਬਜ਼ਾਰਾਂ ਵਿੱਚ ਛੋਟੀ ਉਮਰ ਦੀ ਮੰਡੀਰ ਇੱਕ ਮੋਟਰਸਾਈਕਲ ਤੇ ਚਾਰ ਚਾਰ ਜਣੇ ਸਵਾਰ ਹੋਕੇ ਤੇਜ਼ ਰਫ਼ਤਾਰ ਨਾਲ਼ ਡਰਾਇਵਿੰਗ ਕਰਦੇ ਆਮ ਦੇਖੇ ਜਾ ਸਕਦੇ ਹਨ। ਜਾਮ ਵਿੱਚ ਫ਼ਸੇ ਵਿਅਕਤੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਜ਼ਾਰਾਂ ਵਿੱਚ ਲੱਗਦੇ ਜ਼ਾਮ ਤੋਂ ਨਿਜਾਤ ਦਿਵਾਈ ਜਾਵੇ।