ਸੁਨਾਮ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਨੇ ਐਤਵਾਰ ਦੇਰ ਸ਼ਾਮ ਨੂੰ ਇੰਟਰਨੈੱਟ ਮੀਡੀਆ ਜ਼ਰੀਏ ਆਪਣੇ ਫੇਸਬੁੱਕ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਕੇ ਆਰ ਟੀ ਆਈ ਐਕਟੀਵਿਸਟ ਮਾਨਿਕ ਗੋਇਲ ਅਤੇ ਹੋਰ ਸੋਸ਼ਲ ਮੀਡੀਆ ਪੱਤਰਕਾਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਪੱਤਰਕਾਰਾਂ ਵੱਲੋਂ ਹੈਲੀਕਾਪਟਰ ਦੇ ਗੇੜਿਆਂ ਬਾਰੇ ਸਵਾਲ ਪੁੱਛਣ ਤੇ ਦਰਜ ਹੋਏ ਪਰਚੇ ਬਿਨਾਂ ਸ਼ਰਤ ਰੱਦ ਹੋਣੇ ਚਾਹੀਦੇ ਨੇ, ਸੋਸ਼ਲ ਮੀਡੀਆ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ।
ਉਨ੍ਹਾਂ ਆਖਿਆ ਕਿ ਲੋਕਤੰਤਰ ਵਿੱਚ ਸਰਕਾਰਾਂ ਨੂੰ ਸਵਾਲ ਜਵਾਬ ਕਰਨਾ ਲੋਕਾਂ ਦਾ ਸੰਵਿਧਾਨਕ ਹੱਕ ਹੈ, ਲੋਕਾਂ ਦੇ ਇਸ ਅਧਿਕਾਰ ਦੀ ਹਮੇਸ਼ਾ ਰੱਖਿਆ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਦੇ ਚਚੇਰੇ ਭਰਾ ਗਿਆਨ ਸਿੰਘ ਮਾਨ ਵੱਲੋਂ ਪਾਈ ਪੋਸਟ ਨੇ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਸੀਐਮ ਦੇ ਪਰਿਵਾਰ ਵਿੱਚੋਂ ਸੂਬੇ ਦੀ ਸਰਕਾਰ ਨੂੰ ਨਸੀਹਤ ਦਿੱਤੀ ਜਾ ਰਹੀ ਹੈ ਕਿ ਅਜਿਹਾ ਵਰਤਾਰਾ ਠੀਕ ਨਹੀਂ ਹੈ। ਦੱਸ ਦੇਈਏ ਗਿਆਨ ਸਿੰਘ ਮਾਨ ਨੇ ਇਸ ਤੋਂ ਪਹਿਲਾਂ ਵੀ ਇਸੇ ਤਰਜ਼ ਤੇ ਪੰਜਾਬ ਅੰਦਰ ਆਏ ਹੜਾਂ ਦੇ ਦਿਨਾਂ ਦੌਰਾਨ ਵੀ ਆਪਣੀ ਹੀ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਸਨ ਕਿ ਨਾਲਿਆਂ ਦੀ ਸਫ਼ਾਈ ਲਈ ਜਾਰੀ ਕੀਤੇ ਢਾਈ ਸੌ ਕਰੋੜ ਰੁਪਏ ਕਿੱਥੇ ਗਏ, ਉਸ ਸਮੇਂ ਗਿਆਨ ਸਿੰਘ ਮਾਨ ਵੱਲੋਂ ਸਾਂਝੀ ਕੀਤੀ ਪੋਸਟ ਨੇ ਰਾਜਨੀਤਿਕ ਗਲਿਆਰਿਆਂ ਵਿਚ ਚਰਚਾ ਛੇੜੀ ਸੀ।