ਰਾਜਿੰਦਰ ਦੀਪਾ ਨੇ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ
ਸੁਨਾਮ : ਥਾਣਾ ਸ਼ਹਿਰੀ ਸੁਨਾਮ ਦੀ ਹਦੂਦ ਅੰਦਰ ਲੁੱਟ ਖੋਹ ਦੀਆਂ ਵਾਪਰ ਰਹੀਆਂ ਘਟਨਾਵਾਂ ਨੇ ਲੋਕਾਂ ਦੇ ਮਨਾਂ ਵਿੱਚ ਖੌਫ਼ ਪੈਦਾ ਕੀਤਾ ਹੈ। ਲੁਟੇਰਿਆਂ ਨੇ ਲੰਘੇ ਕੱਲ੍ਹ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਇਲਾਕੇ ਪੀਰਾਂ ਵਾਲਾ ਗੇਟ ਨੇੜੇ ਤੜਕਸਾਰ ਆਪਣੇ ਕਾਰੋਬਾਰ ਲਈ ਸਬਜ਼ੀ ਮੰਡੀ ਜਾ ਰਹੇ ਕਾਲੂ ਨਾਮ ਦੇ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਨੂੰ ਜੇਰੇ ਇਲਾਜ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਪੀੜਤ ਵਿਅਕਤੀ ਸਬਜ਼ੀ ਮੰਡੀ ਵਿੱਚ ਫ਼ੜੀ ਆਦਿ ਲਾਕੇ ਕੰਮ ਧੰਦਾ ਕਰਦਾ ਹੈ ਅਤੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਹੈ। ਸ਼ਹਿਰ ਦੇ ਐਨ ਵਿਚਾਲੇ ਵਾਪਰੀ ਲੁੱਟ ਖੋਹ ਕਰਨ ਦੀ ਵਾਰਦਾਤ ਨੇ ਲੋਕਾਂ ਦੇ ਮਨਾਂ ਅੰਦਰ ਸਹਿਮ ਪੈਦਾ ਹੋ ਗਿਆ ਹੈ। ਉਧਰ ਥਾਣਾ ਸ਼ਹਿਰੀ ਸੁਨਾਮ ਅਧੀਨ ਆਉਂਦੀ ਜ਼ੈਲ ਪੋਸਟ ਅਨਾਜ਼ ਮੰਡੀ ਦੇ ਏਰੀਆ ਵਿੱਚ ਬਿਗੜਵਾਲ ਰੋਡ ਤੇ ਕਿਸਾਨਾਂ ਦੁਆਰਾ ਇੰਟਰਨੈੱਟ ਮੀਡੀਆ ਤੇ ਦੱਸਿਆ ਗਿਆ ਹੈ ਕਿ ਲੁੱਟ ਖੋਹਾਂ ਕਰਨ ਵਾਲੇ ਲੁਟੇਰੇ ਅਕਸਰ ਲੋਕਾਂ ਨੂੰ ਲੁੱਟਣ ਤੋਂ ਇਲਾਵਾ ਖੇਤੀ ਮੋਟਰਾਂ ਦੇ ਟਰਾਂਸਫਰਮਰ ਅਤੇ ਕੇਬਲਾਂ ਲਾਹਕੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਪਹੁੰਚਾ ਰਹੇ ਹਨ। ਦੱਸਿਆ ਜਾ ਰਿਹਾ ਹੈ ਮਹੁੱਲਾ ਅਜੀਤ ਨਗਰ ਵਿੱਚ ਝਪਟਮਾਰ ਇੱਕ ਰਾਹਗੀਰ ਔਰਤ ਤੋਂ ਮੋਬਾਈਲ ਫੋਨ ਖੋਹਕੇ ਫ਼ਰਾਰ ਹੋ ਗਏ ਹਨ। ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਖੌਫ਼ਜ਼ਦਾ ਕੀਤਾ ਹੋਇਆ ਹੈ। ਉਧਰ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਲੁਟੇਰਿਆਂ ਹੱਥੋਂ ਜ਼ਖ਼ਮੀ ਕੀਤੇ ਸਿਵਲ ਹਸਪਤਾਲ ਸੁਨਾਮ ਵਿਖੇ ਜੇਰੇ ਇਲਾਜ਼ ਕਾਲੂ ਨਾਮ ਦੇ ਵਿਅਕਤੀ ਦਾ ਹਾਲ ਜਾਣਦੇ ਹੋਏ ਸੂਬੇ ਅੰਦਰ ਵਿਗੜੀ ਕਾਨੂੰਨ ਵਿਵਸਥਾ ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਆਖਿਆ ਕਿ ਪੁਲਿਸ ਲੋਕਾਂ ਦੀ ਸੁਰੱਖਿਆ ਨੂੰ ਜੋਖ਼ਮ ਵਿੱਚ ਪਾਕੇ ਮੰਤਰੀ ਦੇ ਦੁਆਲੇ ਘੇਰਾ ਬੰਦੀ ਬਣਾ ਰਹੀ ਹੈ ਜਦਕਿ ਇਸਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਇਸ ਸਬੰਧੀ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਆਖਿਆ ਕਿ ਪੁਲਿਸ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਪੈੜ ਨੱਪਣ ਲਈ ਬਾਰੀਕੀ ਨਾਲ ਜਾਂਚ ਕਰ ਰਹੀ ਹੈ।