ਪਟਿਆਲਾ : ਪਟਿਆਲਾ ਦਾ ਨਵਾਂ ਬਣਿਆ ਬੱਸ ਅੱਡਾ ਬਨਣ ਮਗਰੋਂ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਜਾਗੀ ਸੀ। ਪਰ ਬੀਤੇ ਕੁਝ ਦਿਨ ਪਹਿਲਾਂ ਅਰਬਨ ਅਸਟੇਟ ਅਤੇ ਹੋਰ ਨੇੜਲੇ ਖੇਤਰਾਂ ਦੇ ਰਹਿਣ ਵਾਲੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਂਵਾ ਦੇ ਨੁਮਾਇੰਦਿਆ ਵੱਲੋਂ ਨਵੇਂ ਬੱਸ ਅੱਡੇ ਦੇ ਨੇੜੇ ਲੱਗਣ ਵਾਲੇ ਜਾਮ ਅਤੇ ਹੋਰ ਮੁਸ਼ਕਲਾਂ ਦੇ ਨਾਲ ਨਾਲ ਇਸ ਦੀ ਬਾਹਰਲੀ ਦਿਖ ਬਾਰੇ ਸੁਝਾਵਾਂ ਨੂੰ ਲੈ ਕੇ ਚੇਅਰਮੈਨ ਪੀਆਰਟੀਸੀ ਰਣਜੋਧ ਸਿੰਘ ਹਡਾਣਾ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਬੱਸ ਅੱਡੇ ਦੇ ਬਾਹਰ ਖੜੀਆਂ ਨਜਾਇਜ ਰੇਹੜੀਆਂ, ਸੜਕ ਤੇ ਆਟੋ ਰਿਕਸ਼ਾ ਕਾਰਨ ਲੱਗਾ ਜਾਮ ਆਦਿ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਜਿਸ ਤੇ ਚੇਅਰਮੈਨ ਹਡਾਣਾ ਨੇ ਜਲਦ ਕੰਮ ਸ਼ੁਰੂ ਕਰਨ ਦੀ ਗੱਲ ਆਖੀ ਸੀ।ਇਸ ਬਾਬਤ ਹਡਾਣਾ ਵੱਲੋਂ ਪਟਿਆਲਾ ਵਿੱਚਲੇ ਬਣੇ ਨਵੇਂ ਬੱਸ ਅੱਡੇ ਵਿੱਚਲੀਂ ਨਵੀਂ ਵਰਕਸ਼ਾਪ ਬਲਾਕ ਦੇ ਕੰਮਾਂ ਦੀ ਪ੍ਰਗਤੀ ਅਤੇ ਨਵੇਂ ਬੱਸ ਸਟੈਂਡ ਦੇ ਬਾਹਰ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਵੱਖ ਵੱਖ ਵਿਭਾਗਾ ਦੇ ਅਫਸਰ ਸਾਹਿਬਾਨਾਂ ਨੂੰ ਨਿਸ਼ਚਿਤ ਸਮੇਂ ਵਿੱਚ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।
ਹੁਣ ਹਰ ਮੰਤਰੀ, ਚੇਅਰਮੈਨ ਅਤੇ ਹਰੇਕ ਅਫਸਰ ਲੋਕਾਂ ਦੇ ਹਿੱਤਾਂ ਲਈ ਦਿਨ ਰਾਤ ਕੰਮ ਕਰਨਗੇ
ਹਡਾਣਾ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ ਮੁਤਾਬਕ ਹੁਣ ਹਰ ਮੰਤਰੀ, ਚੇਅਰਮੈਨ ਅਤੇ ਹਰੇਕ ਅਫਸਰ ਲੋਕਾਂ ਦੇ ਹਿੱਤਾਂ ਲਈ ਦਿਨ ਰਾਤ ਕੰਮ ਕਰਨਗੇ। ਉਹਨਾਂ ਕਿਹਾ ਕਿ ਪੀਆਰਟੀਸੀ ਜਲਦ ਲੋਕਾਂ ਦੀ ਸਹੂਲਤ ਲਈ ਅਤੇ ਲੋਕਾਂ ਨਾਲ ਹੋਰ ਚੰਗੇ ਤਰੀਕੇ ਨਾਲ ਜੁੜਨ ਲਈ ਹੈਲਪਲਾਈਨ ਨੰਬਰਾਂ ਨੂੰ ਹਰੇਕ ਬੱਸ ਵਿੱਚ ਪ੍ਰਕਾਸ਼ਿਤ ਕਰੇਗਾ ਤਾਂ ਜ਼ੋ ਲੋਕਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਦੇ ਨਾਲ ਨਾਲ ਕਾਰਪੋਰੇਸ਼ਨ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਇਆ ਜਾ ਸਕੇ। ਚੇਅਰਮੈਨ ਪੀਆਰਟੀਸੀ ਨਾਲ ਹੋਈ ਮੀਟਿੰਗ ਵਿੱਚ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਸ਼ਾਮਲ ਸਨ। ਜਿਨਾਂ ਵਿੱਚ ਸੀਨੀਅਰ ਆਰਕੀਟਕੈਟ (ਦੱਖਣ), ਆਰਕੀਟੈਕਚਰ ਵਿਭਾਗ ਪੰਜਾਬ, ਨਾਭਾ ਰੋਡ ਪਟਿਆਲਾ, ਕਾਰਜਕਾਰੀ ਇੰਜੀਨੀਅਰ ਪ੍ਰਾਂਤਕ ਮੰਡਲ ਨੰ. 1 ਲੋ:ਨਿ:ਵਿ: (ਭ: ਤੇ ਮ:) ਸ਼ਾਖਾ ਪਟਿਆਲਾ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ. 1 ਪਟਿਆਲਾ, ਕਾਰਜਕਾਰੀ ਇੰਜੀਨੀਅਰ ਬਿਜਲੀ ਮੰਡਲ ਲੋ:ਨਿ:ਵਿ: (ਭ: ਤੇ ਮ:) ਸ਼ਾਖਾ ਪਟਿਆਲਾ, ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ ਮੰਡਲ ਲੋ:ਨਿ:ਵਿ: (ਭ: ਤੇ ਮ:) ਸ਼ਾਖਾ, ਪਟਿਆਲਾ, ਕਾਰਜਕਾਰੀ ਇੰਜੀਨੀਅਰ ਨਗਰ ਨਿਗਮ ਪਟਿਆਲਾ, ਡੀ.ਐਸ.ਪੀ. ਟਰੈਫਿਕ ਪੁੁਲਿਸ ਪਟਿਆਲਾ ਦੇ ਨੁਮਾਇੰਦੇ ਮੌਜੂਦ ਰਹੇ।

ਇਸ ਮੀਟਿੰਗ ਵਿੱਚ ਨਵੇਂ ਬੱਸ ਸਟੈਂਡ ਪਟਿਆਲਾ ਵਿਖੇ ਉਸਾਰੇ ਜਾਣ ਵਾਲੇ ਸ਼ੈੱਡ ਦੀਆਂ ਸ਼ੀਟਾਂ ਰੰਗ ਨਿਰਧਾਰਤ ਕਰਨ ਸਬੰਧੀ, ਨਵੀਂ ਵਰਕਸ਼ਾਪ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਮੌਜੂਦਾ ਚੱਲ ਰਹੇ ਕੰਮ ਜਿਵੇਂ ਕਿ ਸ਼ੈੱਡ, ਫਲੌਰਿੰਗ, ਪੈਟਿੰਗ ਅਤੇ ਹੋਰ ਰਹਿੰਦੇ ਕੰਮਾਂ ਨੂੰ ਤੈਅ ਮਿਤੀ ਤੱਕ ਮੁੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।ਇਸ ਤੋਂ ਇਲਾਵਾ ਨਵੀਂ ਵਰਕਸ਼ਾਪ ਬਲਾਕ ਵਿਖੇ ਟਾਇਲਟ ਵਿੱਚ ਸੈਨਟਰੀ, ਫਾਇਰ, ਫਿੰਟਿੰਗ, ਲਾਈਟਿੰਗ ਅਤੇ ਹੋਰ ਰਹਿੰਦੇ ਕੰਮਾਂ ਨੂੰ ਜਲਦ ਮੁੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਨਵੇਂ ਬੱਸ ਸਟੈਂਡ ਪਟਿਆਲਾ ਨਾਲ ਬਣਾਈ ਜਾ ਰਹੀ ਸਲਿਪ ਰੋਡ ਦਾ ਕੰਮ ਲੰਬਿਤ ਅਵਸਥਾ ਵਿੱਚ ਹੋਣ ਕਾਰਣ ਸਰਹਿੰਦ ਬਾਈ ਪਾਸ ਵੱਲ ਜਾ ਰਹੀਆਂ ਬੱਸਾਂ ਨੂੰ ਕਾਫੀ ਮੁੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਣ ਆਪ ਤੌਰ ‘ਤੇ ਚੌਂਕ ਵਿੱਚ ਟਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ।ਨਵੇਂ ਬੱਸ ਸਟੈਂਡ ਪਟਿਆਲਾ ਦੇ ਬਾਹਰਲੇ ਪਾਸੇ ਉਸਾਰੇ ਜਾ ਰਹੇ ਸਿਲਪ ਰੋਡ ‘ਤੇ ਖੜੇ ਇਲੈਕਟ੍ਰੀਕਲ ਪੋਲ, ਯੂਨੀਪੋਲ ਨੂੰ ਹਟਾ ਕੇ ਬੱਸਾਂ ਦੀ ਆਵਾਜਾਈ ਦਾ ਰਸਤਾ ਖੁੱਲ੍ਹਾਂ ਕੀਤਾ ਜਾਵੇ। ਇਸ ਤੋਂ ਇਲਾਵਾ ਪਾਰਕ ਹਸਪਤਾਲ ਦੇ ਪਾਸੇ ਵਾਲੀ ਸੜਕ ਨੂੰ ਚੌੜਾ ਕਰਨ ਸਬੰਧੀ ਅਤੇ ਨਵੇਂ ਬੱਸ ਸਟੈਂਡ ਦੀ ਬਾਊਂਡਰੀਵਾਲ ਦੇ ਨਾਲ ਨਾਲ ਕੱਚੀ ਜਗਾਂ ਉੱਪਰ ਜਲਦ ਇੰਟਰਲਾਕਿੰਗ ਟਾਈਲਾਂ ਲਗਾਉਣ ਸਬੰਧੀ ਕਿਹਾ ਗਿਆ। ਨਗਰ ਨਿਗਮ ਪਟਿਆਲਾ ਵੱਲੋਂ ਲਗਾਏ ਗਏ ਇਸ਼ਤਿਹਾਰੀ ਬੋਰਡ, ਯੂਨੀਪੋਲ ਨੂੰ ਹਟਾਉਣ ਸਬੰਧੀ ਅਤੇ ਖਾਸ ਤੌਰ ਬਾਹਰਲੇ ਪਾਸੇ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੁੁਲਿਸ ਕਰਮਚਾਰੀਆਂ ਦੀ ਤਾਇਨਾਤੀ ਕਰਨ ਸਬੰਧੀ ਵਿਸ਼ੇਸ਼ ਚਰਚਾ ਹੋਈ।