ਬਿਜਲੀ ਖ਼ਪਤਕਾਰਾਂ ਨਾਲ ਸਰਕਾਰੀ ਜ਼ਬਰ ਬਰਦਾਸ਼ਤ ਨਹੀਂ
ਸੁਨਾਮ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਘਰਾਂ ਚੋਂ ਪੱਟੇ ਚਿੱਪ ਵਾਲੇ ਬਿਜਲੀ ਮੀਟਰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਨੇ ਬੁੱਧਵਾਰ ਨੂੰ ਲੌਂਗੋਵਾਲ ਵਿਖੇ ਪਾਵਰਕਾਮ ਦੇ ਦਫ਼ਤਰ ਵਿੱਚ ਜਮਾਂ ਕਰਵਾਏ। ਭਾਕਿਯੂ ਏਕਤਾ ਆਜ਼ਾਦ ਦੇ ਜ਼ਿਲਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਲੌਂਗੋਵਾਲ ,ਪਿੰਡੀ ਕੇਹਰ ਸਿੰਘ ਵਾਲੀ,ਦੁੱਲਟ ਕੋਠੇ ਵਿੱਚੋਂ ਖਪਤਕਾਰਾਂ ਦੀ ਸਹਿਮਤੀ ਦੇ ਨਾਲ ਮੀਟਰ ਪੱਟਕੇ ਸਿੱਧੀਆਂ ਤਾਰਾਂ ਜੋੜਕੇ ਖਪਤਕਾਰਾਂ ਨੂੰ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਖਪਤਕਾਰਾਂ ਨਾਲ ਧੱਕਾ ਕਰਦੀ ਹੈ ਤਾਂ ਜਥੇਬੰਦੀ ਹਿੱਕ ਡਾਹ ਕੇ ਖਪਤਕਾਰਾਂ ਦੇ ਅੱਗੇ ਖੜੇਗੀ। ਬਿਜਲੀ ਬਿਲ 2025 ਦੇ ਲਾਗੂ ਹੋਣ ਨਾਲ ਗਰੀਬ ਲੋਕਾਂ ਦੇ ਘਰਾਂ ਦੇ ਵਿੱਚੋਂ ਜਗਦੇ ਬੱਲਬ ਤੇ ਲੋਕਾਂ ਦੇ ਜਿਉਣ ਦਾ ਸਾਂਹ ਬਣ ਚੁੱਕੀ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਕੋਹਾਂ ਦੂਰ ਹੋ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਦਾ ਵੀ ਬਿਜਲੀ ਬਿਲ 2025 ਦੇ ਬਾਰੇ ਆਪਣਾ ਮੂੰਹ ਨਾ ਖੋਲਣਾ ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਤੇ ਮੋਰਚੇ ਤੇ ਪੁਲਿਸ ਜਬਰ ਕਰਨਾ ਵੀ ਇਸ ਗੱਲ ਦੀ ਗਵਾਹੀ ਭਰਦਾ ਕਿ ਲੋਕਾਂ ਦੀ ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਿਲ ਨੂੰ ਪੰਜਾਬ ਚ ਲਾਗੂ ਕਰਾਕੇ ਲੋਕਾਂ ਦਾ ਗਲ਼ਾ ਘੁੱਟਣਾ ਚਾਹੁੰਦੀ ਹੈ। ਪਿੰਡਾਂ ਦੇ ਵਿੱਚ ਬਿਜਲੀ ਖਪਤਕਾਰ ਜਥੇਬੰਦੀ ਦੇ ਆਗੂਆਂ ਕੋਲ ਮੀਟਰ ਪੁੱਟਣ ਲਈ ਵੱਡੀ ਪੱਧਰ ਤੇ ਪਹੁੰਚ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਵੀ ਮੀਟਰ ਪੱਟਣ ਦੀ ਤਾਕੀਦ ਕਰਨ ਵਾਲੇ ਪਰਿਵਾਰਾਂ ਦੇ ਘਰਾਂ ਵਿੱਚ ਲੱਗੇ ਮੀਟਰ ਪੱਟਕੇ ਜਮਾਂ ਕਰਵਾਏ ਜਾਣਗੇ। ਇਸ ਮੌਕੇ ਅਮਰ ਸਿੰਘ ਲੌਂਗੋਵਾਲ, ਅਮਰਜੀਤ ਲੌਂਗੋਵਾਲ, ਸੁਖਦੇਵ ਲੌਂਗੋਵਾਲ, ਧੰਨਾਂ ਦਿਆਲਗੜ੍ਹ,ਬੰਤ ਸਿੰਘ ਆਦਿ ਹਾਜ਼ਰ ਸਨ।