ਸੁਨਾਮ : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਸੁਨਾਮ ਊਧਮ ਸਿੰਘ ਵਾਲਾ ਦੀਆਂ ਚੋਣਾਂ ਲਈ ਚੋਣ ਅਮਲਾ ਬੈਲਟ ਪੇਪਰ ਲੈਕੇ ਪੋਲਿੰਗ ਬੂਥਾਂ ਲਈ ਰਵਾਨਾ ਹੋਇਆ। ਸ਼ਹੀਦ ਊਧਮ ਸਿੰਘ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੁਨਾਮ ਤੋਂ ਚੋਣ ਸਮੱਗਰੀ ਦੇਣ ਸਮੇਂ ਐਸ ਡੀ ਐਮ ਪ੍ਰਮੋਦ ਸਿੰਗਲਾ, ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਖ਼ੁਦ ਨਿਗਰਾਨੀ ਕਰ ਰਹੇ ਸਨ। ਸੰਗਰੂਰ ਜ਼ਿਲ੍ਹੇ ਦੇ ਐਸ ਪੀ(ਐਚ)ਰਾਜੇਸ਼ ਛਿੱਬਰ ਨੇ ਬਕਾਇਦਾ ਚੋਣ ਡਿਊਟੀ ਲਈ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਅਮਨ ਕਾਨੂੰਨ ਕਾਇਮ ਰੱਖਣਾ ਪੁਲਿਸ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਆਖਿਆ ਕਿ ਪੁਲਿਸ ਦੇ ਜਵਾਨ ਪੋਲਿੰਗ ਬੂਥਾਂ ਤੇ ਪੂਰੀ ਨਜ਼ਰ ਰੱਖਣਗੇ, ਕਿਸੇ ਸ਼ਰਾਰਤੀ ਅਨਸਰ ਨੂੰ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ।

ਐਸ ਡੀ ਐਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਸੁਨਾਮ ਬਲਾਕ ਵਿੱਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਤਾਇਨਾਤ ਅਮਲੇ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਵੋਟਾਂ ਪੈਣ ਸਮੇਂ ਆਪਣੀ ਡਿਊਟੀ ਪੂਰੀ ਪਾਰਦਰਸ਼ਤਾ ਨਾਲ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਕੁਤਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੋਣ ਅਮਲ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ਲਈ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਦੱਸ ਦੇਈਏ ਸੁਨਾਮ ਊਧਮ ਸਿੰਘ ਵਾਲਾ ਪੰਚਾਇਤ ਸੰਮਤੀ ਚੋਣਾਂ ਲਈ 15 ਜੋਨ ਬਣਾਏ ਗਏ ਹਨ, 48 ਪਿੰਡ ਪੰਚਾਇਤਾਂ ਦੇ ਅਧਾਰਿਤ 74 ਬੂਥ ਬਣਾਏ ਗਏ ਹਨ। ਮਰਦ ਵੋਟਰ 33560 ਅਤੇ 30238 ਔਰਤ ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਇਸ ਮੌਕੇ ਡੀਐਸਪੀ ਹਰਵਿੰਦਰ ਸਿੰਘ ਖਹਿਰਾ, ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਇੰਸਪੈਕਟਰ ਪ੍ਰਤੀਕ ਜਿੰਦਲ, ਐਸ ਐਚ ਓ ਲੌਂਗੋਵਾਲ ਬਲਵੰਤ ਸਿੰਘ ਬਿਲਿੰਗ ਸਮੇਤ ਹੋਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।