ਸੁਨਾਮ : ਨਗਰ ਕੌਂਸਲ ਚੋਣਾਂ ਬਾਰੇ ਨਾ ਤਾਂ ਸੂਬਾ ਸਰਕਾਰ ਦੇ ਪੱਧਰ 'ਤੇ ਕੋਈ ਰਸਮੀ ਫੈਸਲਾ ਲਿਆ ਗਿਆ ਹੈ, ਅਤੇ ਨਾ ਹੀ ਮੌਜੂਦਾ ਕੌਂਸਲ ਹਾਊਸ ਦਾ ਕਾਰਜਕਾਲ (ਲਗਭਗ ਚਾਰ ਮਹੀਨੇ) ਖਤਮ ਹੋਇਆ ਹੈ। ਇਸ ਦੇ ਬਾਵਜੂਦ, ਸੋਸ਼ਲ ਮੀਡੀਆ ਪਲੇਟਫਾਰਮ ਇਨ੍ਹਾਂ ਸੰਭਾਵੀ ਚੋਣਾਂ ਬਾਰੇ ਅਜੀਬੋ-ਗਰੀਬ ਦਾਅਵਿਆਂ ਨਾਲ ਭਰੇ ਹੋਏ ਹਨ। 'ਸੰਭਾਵੀ ਉਮੀਦਵਾਰ' ਬਨਾਮ 'ਰਣਨੀਤਕ ਦਬਾਅ ' ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਚਿਹਰੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਆਪਣਾ ਪ੍ਰਚਾਰ ਕਰ ਰਹੇ ਹਨ, ਇਹ ਦਾਅਵਾ ਕਰ ਰਹੇ ਹਨ ਕਿ ਉਹ ਨਗਰ ਕੌਂਸਲ ਚੋਣਾਂ ਲਈ ਉਮੀਦਵਾਰ ਹੋ ਸਕਦੇ ਹਨ। ਅਜਿਹੀ ਅਚਨਚੇਤੀ ਅਤੇ ਅਣਅਧਿਕਾਰਤ ਦਾਅਵੇਦਾਰੀ ਆਮ ਜਨਤਾ ਅਤੇ ਰਾਜਨੀਤਕ ਹਲਕਿਆਂ ਵਿੱਚ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ। ਕੀ ਸੁਨਾਮ ਨਗਰ ਕੌਂਸਲ ਦੀ ਚੋਣ ਲੜਣ ਲਈ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਵਾਲੇ ਇਹ ਚਿਹਰੇ ਸੱਚਮੁੱਚ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹਨ, ਜਾਂ ਇਹ ਸਿਰਫ਼ 'ਚੋਣਾਂ ਤੋਂ ਪਹਿਲਾਂ ਦਾ ਪ੍ਰਚਾਰ ਸਟੰਟ' ਹੈ? ਚਰਚਾ ਇਹ ਵੀ ਚੱਲ ਰਹੀ ਹੈ ਕਿ ਕੀ ਅਜਿਹਾ ਵਰਤਾਰਾ ਦਬਾਅ ਦੀ ਰਾਜਨੀਤੀ ਹੈ । ਰਾਜਨੀਤਕ ਹਲਕਿਆਂ ਵਿੱਚ ਕਿਆਸ ਅਰਾਈਆਂ ਹਨ ਕਿ ਇਹ ਕਦਮ ਅਸਲ ਟਿਕਟ ਦਾਅਵੇਦਾਰਾਂ ਜਾਂ ਪ੍ਰਮੁੱਖ ਰਾਜਨੀਤਕ ਪਾਰਟੀਆਂ 'ਤੇ ਦਬਾਅ ਪਾਉਣ ਲਈ ਇੱਕ ਜਾਣਬੁੱਝ ਕੇ ਕੀਤੀ ਗਈ ਰਣਨੀਤੀ ਹੋ ਸਕਦੀ ਹੈ। ਇਹ "ਸੰਭਾਵਿਤ" ਆਖਰੀ ਸਮੇਂ 'ਤੇ ਟਿਕਟ ਹਾਸਲ ਕਰਨ ਜਾਂ ਆਪਣੀ ਰਾਜਨੀਤਕ ਸੌਦੇਬਾਜ਼ੀ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਦਾ ਟੀਚਾ ਰੱਖ ਸਕਦੇ ਹਨ। *> ਵੋਟਰਾਂ ਚ ਭੰਬਲਭੂਸਾ: ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੇ ਵਸ਼ਿੰਦੇ ਸੋਸ਼ਲ ਮੀਡੀਆ ਤੇ ਚੱਲ ਰਹੀ ਇਸ ਮੁਹਿੰਮ ਨੂੰ ਲੈਕੇ ਭੰਬਲਭੂਸੇ ਵਿੱਚ ਹਨ। ਨਾ ਹਾਲ ਦੀ ਘੜੀ ਸਰਕਾਰ ਨੇ ਨਗਰ ਕੌਂਸਲ ਚੋਣਾਂ ਕਰਵਾਉਣ ਦਾ ਕੋਈ ਫੈਸਲਾ ਲਿਆ ਹੈ, ਅਤੇ ਸੁਨਾਮ ਨਗਰ ਕੌਂਸਲ ਦੇ ਚੁਣੇ ਹੋਏ ਹਾਊਸ ਦੀ ਮਿਆਦ ਖਤਮ ਹੋਣ ਵਿੱਚ ਅਜੇ ਚਾਰ ਮਹੀਨੇ ਦਾ ਸਮਾਂ ਅਜੇ ਬਾਕੀ ਹਨ। ਦੂਜੇ ਪਾਸੇ, ਅਚਨਚੇਤੀ ਅਤੇ ਗੈਰ-ਪ੍ਰਮਾਣਿਤ ਉਮੀਦਵਾਰਾਂ ਦੁਆਰਾ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਚੋਣਾਂ ਤੋਂ ਪਹਿਲਾਂ ਹੀ ਭੰਬਲਭੂਸਾ ਅਤੇ ਅਨਿਸ਼ਚਿਤਤਾ ਨੂੰ ਵਧਾ ਰਹੀ ਹੈ। ਰਾਜਨੀਤੀ ਵਿੱਚ ਪਹਿਲੀ ਵਾਰ, ਸੋਸ਼ਲ ਮੀਡੀਆ ਰਾਹੀਂ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ।