Monday, December 22, 2025

Social

ਦਸ਼ਮੇਸ਼ ਦੇ ਦੁਲਾਰੇ

December 22, 2025 12:15 AM
Amarjeet Cheema (Writer from USA)

ਜਦੋਂ ਗੰਗੂ ਰਸੋਈਆ ਲਾਲਚ ਵਿੱਚ ਆ ਕੇ ਗੁਰਾਂ ਦੇ ਲਾਲਾਂ ਨੂੰ,

ਸੂਬਾ ਸਰਹਿੰਦ ਦੇ ਹਾਕਮ ਵਜੀਦੇ ਖਾਨ ਕੋਲ ਫੜਾਉਣ ਬਾਰੇ ਸੋਚਦਾ ਹੈ ਤਾਂ ਉਸ ਦੀ ਜ਼ਮੀਰ,

ਉਸ ਨੂੰ ਇੰਝ ਲਾਹਣਤਾਂ ਪਾਉਦੀ ਹੈ !!!

ਦਸ਼ਮੇਸ਼ ਦੇ ਦੁਲਾਰੇ
ਇਹ ਨੇ ਅੱਖੀਆਂ ਦੇ ਤਾਰੇ
ਕੰਨੀਂ ਹਾਕਮਾਂ ਦੇ ਗੱਲ,
ਨਾ ਤੂੰ ਪਾਵੀਂ ਗੰਗੂਆ...
ਲਾਲਾਂ ਉੱਤੇ ਕਹਿਰ ਨਾ,
ਕਮਾਵੀਂ ਗੰਗੂਆ....

ਦੇਖੀਂ ਲੋਭ ਵਿੱਚ ਆ ਕੇ
ਲੂਣ ਗੁਰਾਂ ਦਾ ਤੂੰ ਖਾ ਕੇ
ਐਵੇਂ ਨਮਕ ਹਰਾਮੀ ਨਾ
ਕਹਾਵੀਂ ਗੰਗੂਆ...
ਲਾਲਾਂ ਉੱਤੇ ਕਹਿਰ ਨਾ,
ਕਮਾਵੀਂ ਗੰਗੂਆ....

ਕਾਹਤੋਂ ਫ਼ਿਰੇ ਲਲਚਾਇਆ
ਮੈਲ਼ ਹੱਥਾਂ ਦੀ ਏ ਮਾਇਆ
ਦਾਗ ਭੁੱਲ ਨਾ ਕੁਲ਼ਾਂ ਨੂੰ
ਕਿਤੇ ਲਾਵੀਂ ਗੰਗੂਆ...
ਲਾਲਾਂ ਉੱਤੇ ਕਹਿਰ ਨਾ,
ਕਮਾਵੀਂ ਗੰਗੂਆ....

ਲਾਲ ਗੁਰਾਂ ਦੇ ਫੜਾਕੇ
ਧੋਖਾ ਗੁਰਾਂ ਨਾ ਕਮਾਕੇ
ਭਾਗੀ ਨਰਕਾਂ ਦਾ ਬਣ ਨਾ
ਤੂੰ ਜਾਵੀਂ ਗੰਗੂਆ...
ਲਾਲਾਂ ਉੱਤੇ ਕਹਿਰ ਨਾ,
ਕਮਾਵੀਂ ਗੰਗੂਆ....

ਪੜ੍ਹਕੇ ਗੁਰੂਆਂ ਦੀ ਬਾਣੀ
ਬਣ ਸਮੇਂ ਦਾ ਤੂੰ ਹਾਣੀ
ਕਰਕੇ ਹੱਕ ਦੀ ਕਮਾਈ
ਵੇ ਤੂੰ ਖਾਵੀਂ ਗੰਗੂਆ
ਲਾਲਾਂ ਉੱਤੇ ਕਹਿਰ ਨਾ,
ਕਮਾਵੀਂ ਗੰਗੂਆ....

ਬੈਠ ਜੱਗ ਤੇ ਨਾ ਰਹਿਣਾ
ਮੰਨ "ਚੀਮੇਂ" ਦਾ ਤੂੰ ਕਹਿਣਾ
ਹੱਥੀਂ ਆਪਣੇ ਨਾ ਕਤਲ
ਕਰਾਵੀਂ ਗੰਗੂਆ
ਲਾਲਾਂ ਉੱਤੇ ਕਹਿਰ ਨਾ,
ਕਮਾਵੀਂ ਗੰਗੂਆ....

ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+1(716) 908-3631

Have something to say? Post your comment