ਮੈਂ ਬਹੁਤ ਛੋਟਾ ਸੀ ਤੇ ਮੇਰੇ ਕੋਲ਼ੋਂ ਗ਼ਲਤੀ ਨਾਲ ਇੱਕ ਕਾਢਾ ਮਰ ਗਿਆ। ਮੈਨੂੰ ਬਹੁਤ ਅਫ਼ਸੋਸ ਹੋਇਆ ਤੇ ਬੜਾ ਦੁੱਖ ਲੱਗਾ ਕਿ ਇਹ ਮੇਰੇ ਕੋਲੋਂ ਕੀ ਕਹਿਰ ਹੋ ਗਿਆ। ਸਾਡੇ ਪਿੰਡ ਪੀਰਾਂ ਦੀ ਮਜ਼ਾਰ ਹੈ ਤੇ ਆਲ਼ੇ ਦੁਆਲ਼ੇ ਦੇ ਪਿੰਡਾਂ ਦੇ ਲੋਕਾਂ ਵਿੱਚ ਉਹਦੀ ਬੜੀ ਮਾਨਤਾ ਹੁੰਦੀ ਸੀ। ਲੋਕੀਂ ਕਹਿੰਦੇ ਹੁੰਦੇ ਸਨ ਕਿ ਜਿਹੜਾ ਵੀ ਪੀਰਾਂ ਦੇ ਦਰ ਤੇ ਸੱਚੇ ਦਿਲੋਂ ਅਰਦਾਸ ਕਰਦਾ ਹੈ ਤਾਂ ਪੀਰ ਉਹਨਾਂ ਦੀਆਂ ਮਨੋਕਾਮਨਾਵਾਂ ਜ਼ਰੂਰ ਪੂਰੀਆਂ ਕਰਦਾ ਹੈ। ਮੈਂ ਕਾਢੇ ਨੂੰ ਚੁੱਕ ਕੇ ਪੀਰਾਂ ਦੀ ਮਜ਼ਾਰ ਤੇ ਲੈ ਗਿਆ ਤੇ ਲੱਗਿਆ ਬੇਨਤੀਆਂ ਕਰਨ ਪਈ ਬਾਬਾ ਜੀ ਇਸ ਕਾਢੇ ਨੂੰ ਜਿਉਂਦਾ ਕਰ ਦਿਓੁ ਮੈਂ ਤੁਹਾਡੇ ਦੁੱਕੀ ਦੀਆਂ ਫੁੱਲੀਆਂ ਚੜਾਵਾਂਗਾ। ਕਰਦਿਆਂ ਕਰਦਿਆਂ ਹਨੇਰਾ ਹੋ ਗਿਆ ਪਰ ਕੁੱਝ ਚਮਤਕਾਰ ਨਾ ਹੋਇਆ। ਕਦੇ ਕਦੇ ਕਾਢੇ ਦੀਆਂ ਲੱਤਾਂ ਹਿੱਲਣ ਤਾਂ ਮੈਨੂੰ ਲੱਗੇ ਕਿ ਕਾਢਾ ਜਿਉਂਦਾ ਹੋ ਰਿਹਾ ਹੈ। ਮੇਰੀ ਮਾਂ ਮੇਰੇ ਅਣਭੋਲਪੁਣੇ ਤੇ ਹੱਸੇ ਤੇ ਕਹੇ ਕਿ ਪੁੱਤ ਕਮਲ਼ਾ ਨਾ ਬਣ, ਇਹ ਮਰ ਚੁੱਕਾ ਹੈ ਤੇ ਮਰੇ ਹੋਏ ਕਦੇ ਜਿਉਂਦੇ ਨਹੀਂ ਹੁੰਦੇ। ਮੈਂ ਕਿਹਾ ਕਿ ਮਾਂ ਕਦੇ ਕਦੇ ਇਹਦੀਆਂ ਲੱਤਾਂ ਹਿੱਲਦੀਆਂ ਹਨ, ਸ਼ਾਇਦ ਜਿਉਂਦਾ ਹੋ ਜਾਏ। ਉਹ ਕਹਿੰਦੀ ਪੁੱਤ ਹਵਾ ਦੇ ਨਾਲ ਉਹਦੀਆਂ ਲੱਤਾਂ ਹਿੱਲਦੀਆਂ ਹਨ ਤੇ ਤੈਨੂੰ ਵਹਿਮ ਹੈ ਕਿ ਬਾਬੇ ਦੀ ਮਿਹਰ ਨਾਲ ਇਹਦੇ ਵਿੱਚ ਜਾਨ ਪੈ ਰਹੀ ਹੈ। ਅਖ਼ੀਰ ਕਾਫ਼ੀ ਹਨੇਰੇ ਬਾਦ ਮੈਂ ਕਾਢੇ ਨੂੰ ਉੱਥੇ ਹੀ ਛੱਡਕੇ ਘਰ ਆ ਗਿਆ ਤੇ ਬਾਬੇ ਨੂੰ ਬੇਨਤੀ ਕਰ ਆਇਆ ਕਿ ਬਾਬਾ ਜੀ ਇਹਨੂੰ ਜ਼ਿੰਦਾ ਕਰ ਦਿਓੁ। ਮੈਂ ਸਵੇਰੇ ਫ਼ਿਰ ਆਵਾਂਗਾ। ਦੂਸਰੇ ਦਿਨ ਮੈਂ ਫ਼ਿਰ ਤੜਕੇ ਉੱਠਕੇ ਇਸੇ ਉਮੀਦ ਨਾਲ ਮਜ਼ਾਰ ਤੇ ਗਿਆ ਪਈ ਸ਼ਾਇਦ ਕਾਢਾ ਜਿਉਂਦਾ ਹੋ ਗਿਆ ਹੋਵੇਗਾ। ਪਰ ਉਹ ਉਸੇ ਤਰ੍ਹਾਂ ਹੀ ਮਰਿਆ ਪਿਆ ਸੀ। ਸੋ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਰਾਜਵੀਰ ਜਵੰਦੇ ਨਾਲ। ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਇਸਦਾ ਦਿਮਾਗ ਪੂਰੀ ਤਰ੍ਹਾਂ ਨਾਲ ਕੰਮ ਕਰਨੋਂ ਹੱਟ ਗਿਆ ਹੈ ਤੇ ਸਾਡੇ ਵੱਲੋਂ ਹੱਥ ਖੜ੍ਹੇ ਹਨ ਤੇ ਹੁਣ ਕੋਈ ਚਮਤਕਾਰ ਹੀ ਹੋ ਸਕਦਾ ਹੈ। ਸਾਡੇ ਲੋਕਾਂ ਨੇ ਇੱਕ ਭੇਡ ਚਾਲ ਫੜੀ ਕਿ ਹਰ ਕੋਈ ਅਰਦਾਸਾਂ ਕਰਨ ਲੱਗ ਪਿਆ। ਹਰ ਇੱਕ ਧਰਮ ਦੇ ਲੋਕਾਂ ਨੇ ਆਪਣੇ ਆਪਣੇ ਵਿਸ਼ਵਾਸ ਅਨੁਸਾਰ, ਆਪਣੇ ਆਪਣੇ ਗੁਰੂਆਂ, ਪੀਰਾਂ ਪੈਗ਼ੰਬਰਾਂ ਅੱਗੇ ਅਰਦਾਸਾਂ, ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਈ ਹੇ ਵਾਹਿਗੁਰੂ, ਪਰਮਾਤਮਾ, ਅੱਲਾ ਭਗਵਾਨ ਜੀ ਸਾਡੀਆਂ ਦੁਆਵਾਂ ਕਬੂਲ ਕਰ ਲੈ ਤੇ ਇਸ ਵਿਚਾਰੇ ਨੌਜਵਾਨ ਨੂੰ ਜ਼ਿੰਦਗੀ ਬਖ਼ਸ਼ ਦੇ।
ਪਰ ਆਖ਼ਰ ਹੋਇਆ ਉਹੀ ਜੋ ਵਾਹਿਗੁਰੂ ਨੂੰ ਮਨਜ਼ੂਰ ਸੀ। ਬਹੁਤ ਸਾਰੀਆਂ ਅਖ਼ਬਾਰਾਂ ਵਿੱਚ ਤੇ ਰੇਡੀਓੁ ਵਿੱਚ ਇਹੀ ਖ਼ਬਰਾਂ ਪੜ੍ਹਦੇ ਸੁਣਦੇ ਸੀ ਕਿ ਸੱਚੇ ਦਿਲੋਂ ਕੀਤੀਆਂ ਅਰਦਾਸਾਂ ਦੇ ਦੁਆਵਾਂ ਜਰੂਰ ਕਬੂਲ ਹੁੰਦੀਆਂ ਹਨ। ਅਸੀਂ ਵੀ ਸਾਰੇ ਦਿਲੋਂ ਇਹੋ ਹੀ ਚਾਹੁੰਦੇ ਸੀ ਕਿ ਵਾਹਿਗੁਰੂ ਮਿਹਰ ਕਰੇ ਤੇ ਰਾਜਵੀਰ ਆਪਣੇ ਘਰ ਸਹੀ ਸਲਾਮਤ ਵਾਪਸ ਪਰਤੇ। ਪਰ ਹੁੰਦਾ ਉਹੀ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ। ਜੋ ਵੀ ਹੋਇਆ ਉਹਦਾ ਬੜਾ ਦੁੱਖ ਹੋਇਆ ਪਰ ਜੋ ਦੁੱਖ ਉਹਦੀ ਮਾਂ ਨੂੰ, ਉਹਦੀ ਘਰਵਾਲੀ ਨੂੰ ਜਾਂ ਧੀ ਨੂੰ ਹੋਇਆ, ਉਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਅਸੀਂ ਸਾਰੇ ਤਾਂ ਦੋ-ਚਾਰ ਦਿਨ ਅਫ਼ਸੋਸ ਕਰਕੇ ਫ਼ਾਰਗ ਹੋ ਜਾਵਾਂਗੇ ਪਰ ਇਸ ਦੁੱਖ ਤੋਂ ਉਹਦਾ ਪਰਿਵਾਰ ਕਦੇ ਵੀ ਫ਼ਾਰਗ ਨਹੀਂ ਹੋਵੇਗਾ। ਇਹ ਦੁੱਖ ਉਹਨਾਂ ਦੇ ਸਾਹਾਂ ਦੇ ਨਾਲ ਹੀ ਜਾਵੇਗਾ। ਅਸੀਂ ਵੀ ਸਾਰਾ ਕੁੱਝ ਜਾਣਦੇ ਹੋਏ ਵੀ ਕਿ ਰੱਬ ਦਾ ਭਾਣਾ ਮੰਨਣਾ ਹੀ ਪੈਣਾ ਹੈ,
ਫ਼ਿਰ ਵੀ ਪਰਮਾਤਮਾ ਨੂੰ ਕਟਹਿੱਰੇ ਵਿੱਚ ਖੜ੍ਹਾ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਹੁਣ ਸਾਰੇ ਹੀ ਕਹਿੰਦੇ ਹਨ ਕਿ ਦੇਖੋ ਜੀ ਉਹ ਕਿਹੜੀ ਰੂਹ ਹੈ ਜਿਹਨੇ ਅਰਦਾਸਾਂ ਨਹੀਂ ਕੀਤੀਆਂ ? ਪਰ ਵਾਹਿਗੁਰੂ ਨੇ ਕਿਸੇ ਦੀ ਨਹੀਂ ਸੁਣੀ। ਜੇ ਸੱਚੇ ਦਿਲੋਂ ਕੀਤੀਆਂ ਅਰਦਾਸਾਂ ਪੂਰੀਆਂ ਹੋਣ ਤਾਂ (ਜਾਣੀ ਮਰੇ ਹੋਏ ਇਨਸਾਨ ਵਿੱਚ ਜਾਨ ਪੈ ਜਾਵੇ ਤਾਂ) ਅਸੀਂ ਕਿਸੇ ਵੀ ਇਨਸਾਨ ਨੂੰ ਇਸ ਦੁਨੀਆਂ ਤੋਂ ਜਾਣ ਨਾ ਦੇਈਏ। ਸਾਨੂੰ ਬਹੁਤ ਦੁੱਖ ਹੈ ਇੱਕ ਨੌਜਵਾਨ ਦਾ ਭਰੀ ਜੁਆਨੀ ਵਿੱਚ ਦੁਨੀਆਂ ਤੋਂ ਕੂਚ ਕਰ ਜਾਣ ਦਾ। ਪਰ ਉਹਦੇ ਭਾਣੇ ਨੂੰ ਕੌਣ ਮੋੜ ਸਕਦਾ ਹੈ?
ਉਹਦਾ ਭਾਣਾ ਮਿੱਠਾ ਕਰਕੇ ਮੰਨਣਾ ਹੀ ਪੈਂਦਾ ਹੈ। ਪਰਮਾਤਮਾ ਉਹਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਮੈਂ ਮੰਨਦਾ ਹਾਂ ਕਿ ਸੱਚੇ ਦਿਲੋਂ ਕੀਤੀਆਂ ਦੁਆਵਾਂ ਰੱਬ ਮਨਜ਼ੂਰ ਕਰਦਾ ਹੈ ਪਰ ਉਸਦੀ ਵੀ ਸ਼ਾਇਦ ਕੋਈ ਹੱਦ ਹੁੰਦੀ ਹੈ। ਸੋ ਇਸ ਵਿੱਚ ਅਸੀਂ ਵਾਹਿਗੁਰੂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਜੀ, ਇਸ ਤਰ੍ਹਾਂ ਦੀ ਅਣਹੋਣੀ ਕਿਸੇ ਤੇ ਨਾ ਵੀ ਨਾ ਵਰਤੇ।
ਨਹੀਂਓੁ ਲੱਭਣੇ ਲਾਲ ਗੁਆਚੇ ਤੇ ਮਿੱਟੀ ਨਾ ਫ਼ਰ਼ੋਲ ਜੋਗੀਆ....
ਅਮਰਜੀਤ ਚੀਮਾਂ (ਯੂ ਐੱਸ ਏ)
+17169083631