ਪੰਜਾਬੀ ਦੇ ਸਭ ਤੋਂ ਵੱਡੇ 51 ਹਜ਼ਾਰ ਡਾਲਰ ਵਾਲੇ ਢਾਹਾਂ ਸਾਹਿਤ ਇਨਾਮ - 2025 ਲਈ ਬਲਬੀਰ ਪਰਵਾਨਾ, ਮੁਦੱਸਰ ਬਸ਼ੀਰ ਤੇ ਭਗਵੰਤ ਰਸੂਲਪੁਰੀ ਦੀਆਂ ਪੁਸਤਕਾਂ ਦੀ ਚੋਣ
ਸਰੀ : ਕੈਨੇਡਾ ਦੀ ਧਰਤੀ ਤੋਂ ਸਾਲ 2013 ਵਿਚ ਆਰੰਭ ਹੋਏ ਅਤੇ ਪੰਜਾਬੀ ਸਾਹਿਤ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਿਤ 51000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ 2025 ਦੇ ਆਖਰੀ ਪੜਾਅ ਵਿਚ ਪੁੱਜੀਆਂ ਤਿੰਨ ਪੁਸਤਕਾਂ ਅਤੇ ਉਹਨਾਂ ਦੇ ਲੇਖਕਾਂ ਦੇ ਨਾਵਾਂ ਦਾ ਐਲਾਨ ਸਰੀ ਲਾਇਬ੍ਰੇਰੀ ਦੀ ਨਿਊਟਨ ਸ਼ਾਖਾ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਰ ਦਿੱਤਾ ਗਿਆ ਹੈ । ਇਸ ਮੌਕੇ ਸ. ਬਰਜਿੰਦਰ ਸਿੰਘ ਢਾਹਾਂ ਬਾਨੀ ਢਾਹਾਂ ਸਾਹਿਤ ਇਨਾਮ ਨੇ ਸੰਬੋਧਨ ਕਰਦੇ ਤਿੰਨ ਫਾਈਨਲਿਸਟਾਂ ਸ੍ਰੀ ਬਲਬੀਰ ਪਰਵਾਨਾ (ਜਲੰਧਰ) ਦੇ ਨਾਵਲ ‘ਰੌਲਿਆਂ ਵੇਲੇ’, ਸ੍ਰੀ ਮੁਦੱਸਰ ਬਸ਼ੀਰ (ਲਾਹੌਰ) ਦੇ ਨਾਵਲ ‘ਗੋਇਲ’ ਅਤੇ ਸ੍ਰੀ ਭਗਵੰਤ ਰਸੂਲਪੁਰੀ (ਜਲੰਧਰ) ਦੇ ਕਹਾਣੀ ਸੰਗ੍ਰਹਿ ‘ਡਲਿਵਰੀ ਮੈਨ’ ਦੇ ਨਾਵਾਂ ਦਾ ਐਲਾਨ ਕੀਤਾ । ਉਹਨਾਂ ਦੱਸਿਆ ਕਿ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿਚ 13 ਨਵੰਬਰ 2025 ਨੂੰ ਹੋ ਰਹੇ ਸਨਮਾਨ ਸਮਾਰੋਹ ਵਿਚ ਇਹਨਾਂ ਵਿਚੋਂ ਇੱਕ ਪੁਸਤਕ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਦਾ ਇਨਾਮ ਅਤੇ ਦੋਵਾਂ ਨੂੰ 10-10 ਹਜ਼ਾਰ ਕੈਨੇਡੀਅਨ ਡਾਲਰ ਦਾ ਢਾਹਾਂ ਸਾਹਿਤ ਇਨਾਮ ਬਹੁਤ ਸਤਿਕਾਰ ਸਹਿਤ ਭੇਟ ਕੀਤਾ ਜਾਵੇਗਾ । ਇਸ ਮੌਕੇ ਜੇਤੂ ਕਿਤਾਬਾਂ ਦੇ ਗੁਰਮੁਖੀ ਜਾਂ ਸ਼ਾਹਮੁਖੀ ਵਿੱਚ ਲਿਪੀਅੰਤਰਨ ਕਰਨ ਲਈ ਵੀ 6,000 ਕੈਨੇਡੀਅਨ ਡਾਲਰ ਦਾ ਸਨਮਾਨ ਭੇਟ ਕੀਤਾ ਜਾਵੇਗਾ ।
ਸ. ਬਰਜਿੰਦਰ ਸਿੰਘ ਢਾਹਾਂ ਨੇ ਗੱਲਬਾਤ ਕਰਦੇ ਕਿਹਾ ਕਿ ਢਾਹਾਂ ਸਾਹਿਤ ਇਨਾਮ ਦਾ ਉਦੇਸ਼ ਮਾਂ ਬੋਲੀ ਪੰਜਾਬੀ ਵਿਚ ਰਚੇ ਪੰਜਾਬੀ ਸਾਹਿਤ ਦਾ ਵਿਸ਼ਵ ਪੱਧਰ ‘ਤੇ ਪ੍ਰਚਾਰ ਅਤੇ ਪਸਾਰ ਕਰਨਾ, ਪੰਜਾਬੀ ਗਲਪ ਦੀਆਂ ਨਵੀਆਂ ਉੱਤਮ ਰਚਨਾਵਾਂ ਲਈ ਪੰਜਾਬੀ ਪਾਠਕਾਂ ਨੂੰ ਪ੍ਰੇਰਿਤ ਕਰਨਾ, ਲੇਖਕਾਂ ਦੀ ਹੌਂਸਲਾ ਅਫ਼ਜ਼ਾਈ ਕਰਨੀ ਅਤੇ ਸਰਹੱਦੋਂ ਪਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ । ਇਸ ਦੇ ਇਨਾਮ ਦੇ ਜੇਤੂ ਜਿੱਥੇ ਪੰਜਾਬੀ ਸਾਹਿਤ ਜਗਤ ਦੇ ਉੱਚ ਕੋਟੀ ਦੇ ਨਾਵਲਕਾਰ ਅਤੇ ਕਹਾਣੀਕਾਰ ਹਨ, ਉੱਥੇ ਉਹਨਾਂ ਦੀਆਂ ਪੁਸਤਕਾਂ ਦੇ ਵਿਸ਼ੇ ਪੰਜਾਬੀ ਸਾਹਿਤ ਜਗਤ ਨੂੰ ਇਕ ਵਿੱਲਖਣ ਸੁਨੇਹਾ ਦਿੰਦੀਆਂ ਹਨ । ਸ. ਢਾਹਾਂ ਨੇ ਦੱਸਿਆ ਕਿ ਜਿਊਰੀ ਨੂੰ ਇਸ ਸਾਲ ਇਨਾਮ ਲਈ ਕੈਨੇਡਾ, ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਅਮਰੀਕਾ ਅਤੇ ਯੂ.ਕੇ. ਤੋਂ 55 ਪੁਸਤਕਾਂ ਪ੍ਰਾਪਤ ਹੋਈਆਂ । ਸ. ਢਾਹਾਂ ਨੇ ਕਿਹਾ ਕਿ ਢਾਹਾਂ ਸਾਹਿਤ ਇਨਾਮ ਨੇ ਹੱਦਾਂ-ਸਰਹੱਦਾਂ ਤੋਂ ਉੱਪਰ ਉੱਠਕੇ ਗੁਰਮੁਖੀ ਅਤੇ ਸ਼ਾਹਮੁਖੀ ਦੋਵਾਂ ਲਿਪੀਆਂ ਵਿੱਚ ਪੰਜਾਬੀ ਸਾਹਿਤ ਦੇ ਸਥਾਪਿਤ ਅਤੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਤੇ ਦੋਵਾਂ ਪੰਜਾਬਾਂ ਵਿਚ ਸਾਂਝਾਂ ਦਾ ਪੁਲ ਬਣ ਰਿਹਾ ਹੈ । ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ 13 ਨਵੰਬਰ ਨੂੰ ਹੋ ਰਹੇ ਸਨਮਾਨ ਸਮਾਰੋਹ ਵਿੱਚ ਪ੍ਰਸਿੱਧ ਕੈਨੇਡੀਅਨ ਨਾਵਲਕਾਰ ਗੁਰਜਿੰਦਰ ਬਸਰਾਨ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ ਅਤੇ ਇਸ ਮੌਕੇ ਕਲਾਕਾਰਾਂ ਵੱਲੋਂ ਸ਼ਾਨਦਾਰ ਸੰਗੀਤਕ ਪੇਸ਼ਕਾਰੀਆਂ ਵੀ ਹੋਣਗੀਆਂ ।
ਢਾਹਾਂ ਇਨਾਮ ਸਲਾਹਕਾਰ ਕਮੇਟੀ ਦੇ ਚੇਅਰਮੈਨ ਸ੍ਰੀ ਬਲਬੀਰ ਮਾਧੋਪੁਰੀ ਨੇ ਕਿਹਾ ਕਿ ਜਿਊਰੀ ਵੱਲੋਂ ਇਨਾਮਾਂ ਲਈ ਪ੍ਰਾਪਤ ਅਰਜ਼ੀਆਂ ਵਿੱਚੋਂ ਤਿੰਨ ਫਾਈਨਲਿਸਟਾਂ ਦੀ ਚੋਣ ਬਹੁਤ ਹੀ ਯੋਗ ਤੇ ਨਿਰਪੱਖ ਢੰਗ ਨਾਲ ਕੀਤੀ ਗਈ ਹੈ । ਸਨਮਾਨਿਤ ਪੁਸਤਕਾਂ ਦਾ ਐਲਾਨ ਕਰਨ ਮੌਕੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਕੈਨੇਡੀਅਨ ਸੈਨੇਟਰ ਬਲਤੇਜ ਸਿੰਘ ਢਿੱਲੋਂ ਸਨ । ਇਸ ਮੌਕੇ ਪ੍ਰਸਿੱਧ ਨਾਵਲਕਾਰ ਸ. ਜਰਨੈਲ ਸਿੰਘ ਸੇਖਾ, ਸ਼ਾਇਰ ਸ੍ਰੀ ਮੋਹਨ ਗਿੱਲ, ਸ੍ਰੀ ਅਜਮੇਰ ਰੋਡੇ, ਸ੍ਰੀ ਸਾਧੂ ਬਿਨਿੰਗ ਤੋਂ ਇਲਾਵਾ ਅਨੇਕਾਂ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ ।
ਵਰਨਣਯੋਗ ਹੈ ਕਿ ਢਾਹਾਂ ਸਾਹਿਤ ਇਨਾਮ ਵੈਨਕੂਵਰ, ਕੈਨੇਡਾ ਵਿਚ ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੁਆਰਾ ਦਿੱਤਾ ਜਾਂਦਾ ਹੈ ਅਤੇ ਜੋ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਡਿਪਾਰਟਮੈਂਟ ਆਫ ਏਸ਼ੀਅਨ ਸਟੱਡੀਜ਼ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ। ਇਸ ਇਨਾਮ ਦੇ ਬਾਨੀ ਸੰਸਥਾਪਕ ਸ. ਬਰਜਿੰਦਰ ਸਿੰਘ ਢਾਹਾਂ ਤੇ ਉਹਨਾਂ ਸੁਪਤਨੀ ਬੀਬੀ ਰੀਟਾ ਢਾਹਾਂ ਹਨ । ਦੱਖਣ ਏਸ਼ਿਆਈ ਭਾਸ਼ਾਵਾਂ ਵਿੱਚੋਂ ਢਾਹਾਂ ਸਾਹਿਤ ਇਨਾਮ ਪੰਜਾਬੀ ਭਾਸ਼ਾ ਦੀ ਗੁਰਮੁਖੀ ਜਾਂ ਸ਼ਾਹਮੁਖੀ ਲਿਪੀ ਦੀਆਂ ਗਲਪ ਪੁਸਤਕਾਂ ਲਈ ਸਭ ਤੋਂ ਵੱਡਾ ਅੰਤਰਰਾਸ਼ਟਰੀ ਸਾਹਿਤਕ ਇਨਾਮ ਹੈ, ਜੋ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿਖੇ ਸਾਲ 2013 ਵਿਚ ਸਥਾਪਿਤ ਕੀਤਾ ਗਿਆ ਸੀ, ਜਿੱਥੇ ਪੰਜਾਬੀ ਲੋਕਾਂ ਦਾ, ਪੰਜਾਬੀ ਭਾਸ਼ਾ ਦਾ ਅਤੇ ਪੰਜਾਬੀ ਸੱਭਿਆਚਾਰ ਦਾ ਇੱਕ ਅਮੀਰ ਇਤਿਹਾਸ ਹੈ । ਪੰਜਾਬੀ ਹੁਣ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਦੇਸ਼ ਦੇ ਬਹੁ-ਸੱਭਿਆਚਾਰ ਦਾ ਪ੍ਰਮੁੱਖ ਹਿੱਸਾ ਹੈ ।