ਪਾਤੜਾਂ, (ਸੰਜੇ ਗਰਗ) : ਕਰੀਬ ਪੰਜ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਕੈਨੇਡਾ ਗਏ ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਮੌਲਵੀਵਾਲਾ ਦੇ ਮਾਪਿਆਂ ਦੇ ਇਕਲੋਤੇ ਨੌਜਵਾਨ ਪੁੱਤਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਆਸ ਪਾਸ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਪਿੰਡ ਮੌਲਵੀਵਾਲਾ ਵਾਸੀ ਅਮਰ ਸਿੰਘ ਦਾ ਬੇਟਾ ਕਰਨਵੀਰ ਸਿੰਘ ਸੰਧੂ ਕੈਨੇਡਾ ਦੇ ਸਰੀ ਵਿੱਚ ਰਹਿ ਰਿਹਾ ਸੀ ਅਤੇ ਟਰਾਲਾ ਚਲਾਉਂਦਾ ਸੀ ਜਿੱਥੇ ਕਰੀਬ ਇੱਕ ਮਹੀਨਾ ਪਹਿਲਾਂ ਉਸ ਦੇ ਟਰਾਲੇ ਦਾ ਐਕਸੀਡੈਂਟ ਹੋ ਗਿਆ। ਹਾਦਸੇ ਮਗਰੋਂ ਕਰਨਵੀਰ ਸਿੰਘ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਗਿਆ ਜਿਸ ਦੇ ਚਲਦਿਆਂ 20 ਦਸੰਬਰ ਨੂੰ ਜਦੋਂ ਉਹ ਘਰ ਵਿੱਚ ਸੁੱਤਾ ਹੋਇਆ ਸੀ ਤਾਂ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਜਿਸ ਦਾ ਪਤਾ ਉਸਦੀ ਨਾਲ ਰਹਿ ਰਹੀ ਭੈਣ ਸਰਬਜੀਤ ਕੌਰ ਨੂੰ ਉਸ ਵਕਤ ਲੱਗਾ ਜਦੋਂ ਉਹ ਕੰਮ ਤੇ ਜਾਣ ਲੱਗੀ ਤਾਂ ਉਸਨੇ ਆਪਣੇ ਭਰਾ ਨੂੰ ਉਠਾਉਣ ਲਈ ਆਵਾਜ਼ ਦਿੱਤੀ ਪਰ ਕਰਨਵੀਰ ਸਿੰਘ ਦਾ ਸਰੀਰ ਬਿਲਕੁਲ ਠੰਡਾ ਹੋਇਆ ਪਿਆ ਸੀ ਜਿਸ ਤੇ ਉਸ ਨੇ ਤੁਰੰਤ ਐਂਬੂਲੈਂਸ ਨੂੰ ਸੂਚਿਤ ਕੀਤਾ ਪਰ ਉਸ ਵਕਤ ਤੱਕ ਕਰਨਵੀਰ ਸਿੰਘ ਜੀ ਮੌਤ ਹੋ ਚੁੱਕੀ ਸੀ। ਪਰਿਵਾਰਿਕ ਮੈਂਬਰ ਅਤੇ ਤੇ ਪੀਏਡੀਬੀ ਪਾਤੜਾਂ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਮੌਲਵੀਵਾਲਾ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹੋਣਹਾਰ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਘਰ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ।