ਬਰਨਾਲਾ, (ਸੁਖਰਾਜ ਚਹਿਲ) : ਪੜ੍ਹਾਈ ਲਈ ਕੇਨੈਡਾ ਗਏ ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁਰਮ ਦੇ ਇੱਕ ਨੌਜਵਾਨ ਦੀ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਮੌਤ ਹੋ ਜਾਣ ਦੀ ਦੁਖਦਾਇਕ ਹੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਰਾਜਪ੍ਰੀਤ ਸਿੰਘ ( 24) ਪੁੱਤਰ ਕੁਲਵੰਤ ਸਿੰਘ ਜੋ ਕਿ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਖੇ ਪੜ੍ਹਾਈ ਕਰਨ ਗਿਆ ਸੀ ਜੋਕਿ ਹੁਣ ਵੈਨਕੂਵਰ ਦੇ ਸਹਿਰ ਸਰੀ ਵਿਖੇ ਰਹਿ ਰਿਹਾ ਸੀ। ਜਿੱਥੇ ਲੰਘੀ 17 ਜਨਵਰੀ ਨੂੰ ਉਹਨਾਂ ਦੇ ਰਿਸ਼ਤੇਦਾਰ ਨੇ ਉਕਤ ਨੌਜਵਾਨ ਦੀ ਮੌਤ ਵਾਲੀ ਮੰਦਭਾਗੀ ਖ਼ਬਰ ਪਰਿਵਾਰ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਮ੍ਰਿਤਕ ਰਾਜਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਪਰਿਵਾਰ ਨੇ ਉਸ ਨੂੰ ਅਪ੍ਰੈਲ 2024 'ਚ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਕੈਨੇਡਾ ਵਿਚ ਸਟੱਡੀ ਵੀਜੇ ਤੇ ਭੇਜਿਆ ਸੀ, ਪਰ ਉੱਥੇ ਜਾ ਕੇ ਵੀ ਉਸਨੂੰ ਕੋਈ ਚੰਗਾ ਕੰਮ ਕਰ ਨਹੀਂ ਮਿਲਿਆ । ਲੱਖਾਂ ਰੁਪਏ ਦੇ ਕਰਜੇ ਕਾਰਨ ਰਾਜਪ੍ਰੀਤ ਸਿੰਘ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ, ਇਸੇ ਦੌਰਾਨ ਹੀ ਉਸਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਸੱਤਾਧਾਰੀ ਪਾਰਟੀ ਦੇ ਆਗੂਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ ਤਾਂ ਜੋ ਆਪਣੇ ਇਕਲੌਤੇ ਪੁੱਤਰ ਦਾ ਮੂੰਹ ਦੇਖ ਸਕਣ ਅਤੇ ਉਸਦੇ ਜੱਦੀ ਪਿੰਡ ਉਸਦਾ ਸੰਸਕਾਰ ਕਰ ਸਕਣ। ਉਕਤ ਨੌਜਵਾਨ ਦੀ ਮੌਤ ਦੀ ਖਬਰ ਨਾਲ ਸਮੁੱਚੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।