ਸੁਣੀਂ ਦਾਤਿਆ ਅਰਜ ਤੂੰ ਮੇਰੀ,
ਵੀਰ ਦੀ ਹੋਵੇ ਉਮਰ ਲੰਮੇਰੀ,
ਸਦਾ ਮੰਗਦੀ ਮੈਂ
ਇਹੋ ਹੀ ਦੁਆਵਾਂ
ਵੇ ਗੁੱਟ ਤੇ ਬਨਾ ਲੈ ਰੱਖੜੀ
ਸੁੱਖਾਂ ਤੇਰੀਆਂ ਮੈਂ ਵੀਰਿਆਂ ਮਨਾਵਾਂ ....
ਰੱਬ ਕੋਲੋਂ ਲਿਆ ਤੈਨੂੰ,
ਸੁੱਖਾਂ ਮੰਗ ਮੰਗ ਕੇ,
ਫੇਰੀ ਨਾ ਤੂੰ ਮੁੱਖ
ਦਿਲ ਭੈਣ ਦਾ ਤੂੰ ਡੰਗ ਕੇ
ਤੇਰੀ ਆਈ ਤੇ ਵੀਰਾਂ ,
ਮੈਂ ਮਰ ਜਾਵਾਂ
ਵੇ ਗੁੱਟ ਤੇ ਬਨਾ ਲੈ ਰੱਖੜੀ....
ਛੋਟੇ ਹੁੰਦੇ ਦਿੱਤੀਆਂ ਮੈਂ,
ਮਿੱਠੀਆਂ ਸੀ ਲੋਰੀਆਂ
ਤੋੜ ਨਾ ਤੂੰ ਦੇਵੀਂ ਤੰਦਾਂ ,
ਮੋਹ ਦੇ ਨਾਲ ਜੋੜੀਆਂ
ਭੁੱਲ ਜਾਵੀਂ ਨਾ ਤੂੰ ,
ਮੇਰਾ ਸਿਰਨਾਵਾਂ
ਵੇ ਗੁੱਟ ਤੇ ਬਨਾ ਲੈ ਰੱਖੜੀ....
ਹਰ ਵੇਲੇ ਜਿੰਦ ਮੇਰੀ ,
ਤੇਰੇ ਬਾਰੇ ਸੋਚਦੀ
ਚੜ੍ਹੇਂਗਾ ਤੂੰ ਘੋੜੀ ਕਦੋਂ
ਦਿਲ ਵਿੱਚ ਲੋਚਦੀ
ਸਿਹਰਾ ਸਿਰ ਤੇਰੇ
ਸੋਹਣਿਆਂ ਸਜ਼ਾਵਾਂ
ਵੇ ਗੁੱਟ ਤੇ ਬਨਾ ਲੈ ਰੱਖੜੀ...
ਭੈਣ ਨੂੰ ਭੁਲਾਕੇ ਜਿੰਦ
ਬਹਿ ਨਾ ਜਾਂਵੀ ਰੋਲਕੇ
ਹੈ ਨਹੀਂ ਜਿਹਦੀ ਭੈਣ
ਵੀਰੇ ਦੇਖੀਂ ਦਿਲ ਫੋਲਕੇ
"ਚੀਮਾਂ" ਆਖੇ ਭੈਣਾਂ,
ਠੰਢੀਆਂ ਨੇ ਛਾਵਾਂ
ਵੇ ਗੁੱਟ ਤੇ ਬਨਾ ਲੈ ਰੱਖੜੀ....
ਲੇਖਕ - ਅਮਰਜੀਤ ਚੀਮਾਂ (ਯੂ ਐੱਸ ਏ)
+1(716)908-3631