ਸੰਗਰੂਰ : ਸਾਡੇ ਜ਼ਿਆਦਾਤਰ ਲੋਕਾਂ ਵਿੱਚ ਪਿਛਾਂਹ ਖਿੱਚੂ,ਅੰਧਵਿਸ਼ਵਾਸੀ, ਲਾਈਲੱਗਤਾ ਵਾਲੀ ਸੋਚ ਭਾਰੂ ਹੈ।ਇਹ ਸੋਚ ਇਕ ਪੀੜ੍ਹੀ ਤੋਂ ਦੂਜੀ,ਦੂਜੀ ਤੋਂ ਤੀਜੀ,ਪੀੜ੍ਹੀ ਦਰ ਪੀੜ੍ਹੀ ਚਲੀ ਆ ਰਹੀ ਹੈ।ਵਿਗਿਆਨਕ ਖੋਜਾਂ ਲਗਾਤਾਰ ਜਾਰੀ ਹਨ । ਵਿਗਿਆਨੀਆਂ ਸਮੁੰਦਰ ਗਾਹ ਮਾਰਿਆ, ਆਸਮਾਨ ਨਹੀਂ ਛੱਡਿਆ,ਧਰਤੀ ਤੇ ਤਾਂ ਛਹਿਬਰਾਂ ਲਾ ਦਿੱਤੀਆਂ । ਸੰਚਾਰ, ਆਵਾਜਾਈ, ਮਨੋਰੰਜਨ ਤੇ ਜ਼ਿੰਦਗੀ ਨੂੰ ਸੁੱਖ ਸਹੂਲਤਾਂ ਨਾਲ ਭਰ ਦਿੱਤਾ ਹੈ, ਹੈਰਾਨੀ ਜਨਕ ਖੋਜਾਂ, ਕਾਢਾਂ ਹੋਈਆਂ ਹਨ। ਪਰ ਅਸੀਂ ਵਿਗਿਆਨਕ ਤਕਨੀਕਾਂ ਦੇ ਗੁਲਾਮ ਬਣਦੇ ਜਾ ਰਹੇ ਜ਼ਿੰਦਗੀ ਨੂੰ ਸੋਹਣੇ ਰਸਤੇ ਤੋਰਨਾ ਭੁਲ ਗਏ ਹਾਂ। ਸਹਿਜਤਾ ਦੀ ਥਾਂ ਕਾਹਲਾਪਣ ਆ ਗਿਆ ਹੈ। ਜਿਹੜਾ ਕੰਮ ਅਸੀਂ ਦਿਨਾਂ ਵਿੱਚ ਕਰਦੇ ਸੀ ਹੁਣ ਵਿਗਿਆਨਕ ਤਕਨੀਕਾਂ ਦੇ ਨਾਲ ਮਿੰਟਾਂ ਸੈਕਿੰਡਾਂ ਵਿੱਚ ਕਰ ਲੈਂਦੇ ਹਾਂ ਪਰ ਸਹਿਜ, ਠਰੰਮਾ ਸਬਰ, ਸੰਤੋਖ ਉੱਡ ਪੁੱਡ ਗਿਆ ਹੈ। ਰਹੀ ਗਲ ਵਿਗਿਆਨਕ ਦ੍ਰਿਸ਼ਟੀਕੋਣ ਦੀ, ਸਰਕਾਰਾਂ ਲੋਕਾਂ ਦੀ ਸੋਚ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਵਿੱਚ ਕਾਮਯਾਬ ਨਹੀਂ ਹੋ ਰਹੀਆਂ, ਉਹ ਤਾਂ ਵਿਗਿਆਨਕ ਖੋਜਾਂ ਨੂੰ ਲੋਕਾਂ ਦੀ ਸੋਚ ਨੂੰ ਖੁੰਢਾ ਕਰਨ ਲਈ ਵਰਤ ਰਹੇ ਹਨ। ਵਿਗਿਆਨੀਆਂ ਨੇ ਮਨੁੱਖ ਨੂੰ ਸੁੱਖ ਸਹੂਲਤਾਂ ਨਾਲ ਲੱਦਣ ਵਿੱਚ ਕੋਈ ਕਸਰ ਨਹੀਂ ਛੱਡੀ,ਬੇਮਿਸਾਲ ਖੋਜਾਂ ਕੀਤੀਆਂ ਹਨ ਤੇ ਹੋ ਰਹੀਆਂ ਹਨ।ਪਰ ਦੂਜੇ ਪਾਸੇ ਲੋਕ ਤਰ੍ਹਾਂ ਦੇ ਵਹਿਮਾਂ-ਭਰਮਾਂ, ਅੰਧਵਿਸ਼ਵਾਸਾਂ, ਕਾਲੇ ਇਲਮ, ਜਾਦੂ ਟੂਣਿਆਂ, ਭੂਤ ਪ੍ਰੇਤਾਂ, ਧਾਗੇ ਤਵੀਤਾਂ, ਰੂੜੀਵਾਦੀ ਰਸਮਾਂ, ਪਾਖੰਡੀ ਬਾਬਿਆਂ, ਤਾਂਤਰਿਕਾਂ, ਸਿਆਣਿਆਂ ਦੇ ਮੱਕੜਜਾਲ ਵਿੱਚ ਉਸੇ ਤਰ੍ਹਾਂ ਫਸੇ ਹੋਏ ਹਾਂ ਤੇ ਹੋਰ ਬੁਰੀ ਤਰ੍ਹਾਂ ਫਸਦੇ ਜਾ ਰਹੇ ਹਨ।ਲੋਕ ਅਜੇ ਵੀ ਮਨੋਕਲਪਿਤ ਭੂਤਾਂ -ਪ੍ਰੇਤਾਂ ਤੋਂ ਡਰਦੇ ਹਨ। ਅਖੌਤੀ ਸਿਆਣੇ ਲੋਕਾਂ ਨੂੰ ਓਪਰੀ ਸ਼ੈਅ ਤੋਂ ਮੁਕਤ ਨਹੀਂ ਹੋਣ ਦੇ ਰਹੇ ,ਇਸ ਕੰਮ ਲਈ ਇਲੈਕਟ੍ਰੋਨਿਕ ਮੀਡੀਆ ਵੀ ਵਾਧੂ ਯੋਗਦਾਨ ਪਾ ਰਿਹਾ ਹੈ। ਮਨੁੱਖ ਤੇ ਹਰ ਕਹੀ ਸੁਣੀ ਗਲ ਦਾ ਅਸਰ ਹੁੰਦਾ ਹੈ। ਹਰਦਮ ਹਰ ਪਾਸਿਓਂ ਅੰਧਵਿਸ਼ਵਾਸਾਂ , ਵਹਿਮਾਂ ਭਰਮਾਂ ਦੇ ਗੱਫ਼ੇ ਭਰ ਭਰ ਮਿਲ ਰਹੇ ਹਨ। ਸਾਡੀ ਪੜ੍ਹਾਈ ,ਸਾਡੀ ਸਿਖਿਆ ਵੀ ਸਾਨੂੰ ਵਿਗਿਆਨਕ ਸੋਚ ਦੇ ਧਾਰਨੀ ਨਹੀਂ ਬਣਾ ਰਹੀ,ਕੁਦਰਤੀ ਵਰਤਾਰਿਆਂ ਦੀ ਵਿਗਿਆਨਕ ਵਿਆਖਿਆ ਨਹੀਂ ਸਮਝਾ ਰਹੀ।ਇਸ ਸੰਬੰਧ ਵਿੱਚ ਮੈਂ ਇੱਕ ਕੇਸ ਦਾ ਜ਼ਿਕਰ ਕਰਨਾ ਚਾਹਾਂਗਾ।
ਕੁੱਝ ਸਾਲ ਪਹਿਲਾਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਕੋਲ ਕਹੀ ਸੁਣੀ ਮਨੋਕਲਪਿਤ ਓਪਰੀ ਸ਼ੈਅ ਨਾਲ ਸਬੰਧਤ ਇੱਕ ਪੜ੍ਹੀ ਲਿਖੀ ਲੜਕੀ ਦਾ ਕੇਸ ਆਇਆ।ਲੜਕੀ ਦੁਪਹਿਰ ਵੇਲੇ ਮਿੱਠਾ ਖਾ ਕੇ ਆਪਣੀ ਦਾਦੀ ਨਾਲ ਖੇਤ ਵਿੱਚ ਕੰਮ ਕਰਦੇ ਆਪਣੇ ਘਰਦਿਆਂ ਦੀ ਰੋਟੀ ਦੇਣ ਗਈ ਸੀ। ਗਰਮੀ ਜ਼ਿਆਦਾ ਸੀ। ਆਉਂਦਿਆਂ ਬੁਖਾਰ ਹੋ ਗਿਆ। ਬੁਖਾਰ ਵਿੱਚ ਕੁੜੀ ਬੁੜਬੜਾਉਣ ਲਗ ਗਈ। ਕੁੜੀ ਭਾਵੇਂ ਪੜ੍ਹੀ ਲਿਖੀ ਸੀ ਪਰ ਪਰਿਵਾਰ ਅੰਧਵਿਸ਼ਵਾਸੀ ਸੀ। ਉਨ੍ਹਾਂ ਸੋਚਿਆ ਕੁੜੀ ਦੁਪਹਿਰ ਵੇਲੇ ਮਿੱਠਾ ਖਾ ਕੇ ਖੇਤ ਗਈ ਸੀ,ਹੋ ਸਕਦਾ ਇਸਨੂੰ ਕੁੱਝ ਚਿੰਬੜ ਗਿਆ। ਡਾਕਟਰਾਂ ਕੋਲ ਜਾਣ ਦੀ ਥਾਂ ਉਹ ਕਿਸੇ ਅਖੌਤੀ ਸਿਆਣੇ ਕੋਲ ਲੈ ਗਏ । ਅਖੌਤੀ ਸਿਆਣੇ ਉਨ੍ਹਾਂ ਨੂੰ ਡਰਾ ਦਿੱਤਾ ਤੇ ਕਿਹਾ ,"ਇਸਨੂੰ ਤਾਂ ਓਪਰੀ ਹਵਾ ਲਗ ਗਈ ਹੈ। ਉਪਾਅ ਕਰਨਾ ਪਵੇਗਾ।" ਜਾਦੂ- ਟੂਣੇ ,ਧਾਗੇ -ਤਵੀਤ ਸ਼ੁਰੂ ਹੋ ਗਏ। ਕੁੜੀ ਤੇ ਵੀ ਸੁਣੀ ਗਲ ਦਾ ਅਸਰ ਹੋਣਾ ਸ਼ੁਰੂ ਹੋ ਗਿਆ, ਉਸ ਸੋਚਿਆ ਮੇਰੇ ਤੇ ਤਾਂ ਓਪਰੀ ਸ਼ੈਅ ਦਾ ਅਸਰ ਹੈ।ਡਰ ਨਾਲ ਹਾਲਤ ਮਾੜੀ ਹੁੰਦੀ ਗਈ। ਨੀਂਦ ਦੇ ਨਾਲ ਭੁਖ ਵੀ ਘਟ ਗਈ । ਘਰਦੇ ਆਪਣੀ ਬੇਟੀ ਨੂੰ ਇੱਕ ਤੋਂ ਬਾਅਦ ਦੂਜੇ ਤੇ ਦੂਜੇ ਤੋਂ ਤੀਜੇ ਸਿਆਣੇ ਕੋਲ ਲੈ ਕੇ ਗਏ। ਕਿਤੋਂ ਫਰਕ ਨਾ ਪਿਆ।ਹਾਲਤ ਵਿਗੜਦੀ ਗਈ।ਉਨ੍ਹਾਂ ਦੇ ਜਾਣੂੰ ਮਾਸਟਰ ਸਲੀਮ ਨੇ ਉਨ੍ਹਾਂ ਦਾ ਸੰਪਰਕ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨਾਂ ਨਾਲ ਕਰਾਇਆ।ਉਹ ਸਾਡੇ ਕੋਲ ਆ ਗਏ। ਤਰਕਸ਼ੀਲਾਂ ਦੀ ਚਾਰ ਮੈਂਬਰੀ ਟੀਮ ਗੁਰਦੀਪ ਸਿੰਘ , ਸੀਤਾ ਰਾਮ, ਪ੍ਰਗਟ ਸਿੰਘ ਤੇ ਮੇਰੇ ਆਧਾਰਿਤ ਤਰਕਸ਼ੀਲ ਟੀਮ ਨੇ ਕੇਸ ਦੀ ਛਾਣਬੀਣ ਕੀਤੀ । ਕੁੜੀ ਦੀ ਹਾਲਤ ਬਹੁਤ ਖ਼ਰਾਬ ਸੀ, ਪੂਰੀ ਡਰੀ ਹੋਈ ਸੀ। ਅਖੌਤੀ ਸਿਆਣਿਆਂ ਨੇ ਪੂਰਾ ਡਰਾਇਆ ਹੋਇਆ ਸੀ। ਕਈਆਂ ਨੇ ਉਸ ਦੇ ਵਾਲ ਖਿਚੇ ਤੇ ਕਈਆਂ ਨੇ ਭੂਤ ਭਜਾਉਣ ਲਈ ਚਿਮਟੇ ਮਾਰੇ ਹੋਏ ਸਨ। ਜਦ ਸਾਡੇ ਕੋਲ ਆਏ,ਕੁੜੀ ਦੀ ਮਾਂ ਤੇ ਭੈਣ ਨੇ ਉਸਨੂੰ ਘੁੱਟ ਕੇ ਫੜਿਆ ਹੋਇਆ ਸੀ।ਵਿਗਿਆਨਕ ਤੇ ਮਨੋਵਿਗਿਆਨ ਕੇ ਪੱਖੋਂ ਪੜਤਾਲ ਕਰਨ ਤੋਂ ਪਤਾ ਲੱਗਿਆ ਕਿ ਘਰੇ ਪ੍ਰਸ਼ਾਦ ਬਣਿਆ ਸੀ ਤੇ ਉਹ ਆਪਣੀ ਦਾਦੀ ਨਾਲ ਖੇਤ ਕੰਮ ਕਰਦੇ ਬੰਦਿਆਂ ਦੀ ਦੁਪਹਿਰ ਦੀ ਰੋਟੀ ਲੈ ਕੇ ਗਈ ਸੀ। ਰਸਤਾ ਦਰੱਖਤਾਂ ਨਾਲ ਭਰਿਆ ਹੋਇਆ ਸੀ।ਘਰ ਆਉਂਦਿਆ ਕੁੜੀ ਨੂੰ ਮਾਮੂਲੀ ਬੁਖਾਰ ਹੋ ਗਿਆ ਤੇ ਰਾਤ ਨੂੰ ਸੌਣ ਲੱਗਿਆਂ ਬੁੜਬੁੜਾਉਣ ਲਗ ਪਈ ।ਇਸੇ ਗੱਲ ਤੋਂ ਕੇ ਕੁੜੀ ਦੁਪਹਿਰ ਵੇਲੇ ਮਿੱਠਾ ਖਾ ਕੇ ਗਈ ਸੀ ,ਇਸਨੂੰ ਤਾਂ ਓਪਰੀ ਸ਼ੈਅ ਚਿੰਬੜ ਗਈ ਹੈ। ਡਾਕਟਰੀ ਇਲਾਜ ਨਹੀਂ, ਇਹ ਤਾਂ 'ਸਿਆਣਿਆਂ 'ਦਾ ਕੰਮ ਹੈ।ਪਰਿਵਾਰ ਅਤੀ ਅੰਧਵਿਸ਼ਵਾਸੀ ਸੀ।ਉਹ ਸਿਆਣਿਆਂ ਕੋਲ ਪੁੱਛ ਕਢਾਉਣ ਚਲੇ ਗਏ। ਸਿਆਣੇ ਕਿਹਾ ਇਸ ਨੂੰ ਓਪਰੀ ਹਵਾ ਲਗ ਗਈ ਹੈ, ਉਪਾਅ ਕਰਨਾ ਪਵੇਗਾ।ਪਹਿਲੇ ਸਿਆਣੇ ਤੋਂ ਲੁੱਟ ਕਰਵਾਉਣ ਤੇ ਡਰ ਲੈਣ ਤੋਂ ਬਾਅਦ ਦੁਜੇ ਤੇ ਦੂਜੇ ਤੋਂ ਤੀਜੇ ਅਖੌਤੀ ਸਿਆਣੇ ਕੋਲ ਜਾਣ ਦਾ ਸਿਲਸਿਲਾ ਸ਼ੁਰੁ ਹੋ ਗਿਆ। ਕਿਸੇ ਨੇ ਭੂਤ ਕੱਢਣ ਲਈ ਉਸਨੂੰ ਚਿਮਟੇ ਨਾਲ ਕੁਟਿਆ ਤੇ ਕਿਸੇ ਨੇ ਵਾਲ ਖਿੱਚੇ।ਇਕ ਸਿਆਣਾ ਕੋਲਿਆਂ ਤੇ ਖੜਾਉਣਾ ਚਾਹੁੰਦਾ ਸੀ ਪਰ ਘਰਦਿਆਂ ਨੇ ਇਜਾਜ਼ਤ ਨਾ ਦਿੱਤੀ। ਅਸਲ ਵਿੱਚ ਸਿਆਣਿਆਂ ਨੇ ਉਸ ਦੀ ਮਾਨਸਿਕ ਦਸ਼ਾ ਬਹੁਤ ਹੀ ਭਿਆਨਕ ਬਣਾ ਦਿੱਤੀ। ਅਸੀਂ ਘਰਦਿਆਂ ਨਾਲ ਗਲ ਕਰਨ ਤੋਂ ਬਾਅਦ ਕੁੜੀ ਨੂੰ ਬੁਲਾਇਆ ਤੇ ਘਰਦਿਆਂ ਨੂੰ ਇੱਕ ਪਾਸੇ ਬੈਠਣ ਲਈ ਕਿਹਾ। ਕੁੜੀ ਨੂੰ ਭੂਤਾਂ ਪ੍ਰੇਤਾਂ ਬਾਰੇ ਦੱਸਿਆ ਕਿ ਇਨ੍ਹਾਂ ਦੀ ਕੋਈ ਹੌਂਦ ਨਹੀਂ। ਤੁਸੀਂ ਡਰੋਂ ਨਾ। ਮੈਨੂੰ ਸਾਰੀ ਗੱਲ ਦੱਸੋ ,ਤੁਸੀ ਮੇਰੀ ਬੇਟੀ ਸਮਾਨ ਹੋ। ਅਸੀਂ ਤੇਰੀ ਕੁੱਟ ਮਾਰ ਨਹੀਂ ਕਰਨੀ, ਗੱਲਾਂ ਹੀ ਕਰਨੀਆਂ ਹਨ। ਭੂਤ ਪ੍ਰੇਤ ਸਾਡੇ ਨਾਂ ਤੋਂ ਹੀ ਡਰਦੇ ਹਨ। ਉਸਨੂੰ ਬਹੁਤ ਸਾਰੇ ਸਾਰਥਿਕ, ਉਸਾਰੂ, ਹੌਂਸਲਾ ਵਧਾਊ ਸੁਝਾਅ ਦਿੱਤੇ।ਫਿਰ ਚਾਹ ਆ ਗਈ, ਅਸੀਂ ਚਾਹ ਪੀਣੀ ਸ਼ੁਰੂ ਦਿੱਤੀ। ਭੂਤਾ ਪ੍ਰੇਤਾਂ ਬਾਰੇ ਗਲ ਜਾਰੀ ਰੱਖੀ। ਹੁਣ ਉਹ ਕੁੱਝ ਹੌਂਸਲੇ ਵਿਚ ਆਈ। ਉਸਨੂੰ ਫਿਰ ਭੂਤਾਂ ਪ੍ਰੇਤਾਂ ਦੀ ਅਣਹੋਂਦ ਬਾਰੇ ਦੱਸਿਆ ਗਿਆ। ਮੈਂ ਕਿਹਾ, "ਅਸੀਂ ਹਰ ਰੋਜ਼ ਹੀ ਮਿੱਠਾ ਖਾ ਕੇ ਦੁਪਹਿਰ ਵੇਲੇ ਬਾਹਰ ਤੁਰਦੇ ਫਿਰਦੇ ਰਹਿੰਦੇ ਹਾਂ, ਸਾਡੇ ਬੱਚੇ ਵੀ ਮਿੱਠਾ ਖਾ ਕੇ ਖੇਡਦੇ ਰਹਿੰਦੇ ਹਨ। ਤੇਰੀ ਦਾਦੀ ਵੀ ਪ੍ਰਸ਼ਾਦ ਖਾ ਕੇ ਤੇਰੇ ਨਾਲ ਗਈ ਸੀ, ਉਸਨੂੰ ਕੁੱਝ ਨਹੀਂ ਹੋਇਆ। " ਉਸਨੂੰ ਘੜੀ ਘੜੀ ਸਮਝਾਇਆ ਗਿਆ ਕਿ ਭੂਤ ਪ੍ਰੇਤ ਸਾਡੇ ਮਨਾਂ ਦੇ ਵਹਿਮ ਹਨ, ਸਚਾਈ ਨਹੀਂ। ਕਈ ਔਰਤਾਂ ਇਨ੍ਹਾਂ ਡਰੀਆਂ ਹੋਈਆਂ ਹੁੰਦੀਆਂ ਹਨ ,ਸਾਡੇ ਕੋਲ ਇਥੇ ਆ ਕੇ ਖੇਡਣ ਲੱਗ ਜਾਂਦੀਆਂ ਹਨ, ਜਦ ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਕਿ ਇਹ ਸਭ ਮਨੋਕਲਪਿਤ ਹਨ, ਉਨ੍ਹਾਂ ਦਾ ਮਨ ਦਾ ਵਹਿਮ ਦੂਰ ਕੀਤਾ ਜਾਂਦਾ ਹੈ ਤੇ ਉਹ ਠੀਕ ਹੋ ਜਾਂਦੀਆਂ ਹਨ।ਇਸ ਲਈ ਤੂੰ ਵੀ ਆਪਣੇ ਮਨ ਦਾ ਵਹਿਮ ਦੂਰ ਕਰ। ਤੂੰ ਬਿਲਕੁਲ ਠੀਕ ਹੈਂ। ਭੂਤ ਪ੍ਰੇਤ ਸਿੱਧ ਕਰਨ ਵਾਲੇ ਨੂੰ ਸਾਡੇ ਵਲੋਂ ਪੰਜ ਲੱਖ ਰੁਪਏ ਦਾ ਨਕਦ ਇਨਾਮ ਹੈ। ਕੋਈ ਨਹੀਂ ਸਿੱਧ ਕਰਕੇ ਇਨਾਮ ਜਿੱਤ ਸਕਿਆ।ਹੁਣ ਉਹ ਪੂਰੀ ਤਰ੍ਹਾਂ ਮੇਰੇ ਵਿਸ਼ਵਾਸ ਵਿੱਚ ਸੀ। ਉਸਨੂੰ ਫਿਰ ਭੂਤਾਂ -ਪ੍ਰੇਤਾਂ ਤੋਂ ਨਾ ਡਰਨ ਤੇ ਹੌਂਸਲਾ ਫ਼ੜਨ ਦੇ ਸੁਝਾਅ ਦਿੱਤੇ। ਉਸਦੇ ਚਿਹਰੇ ਤੋਂ ਡਰਦੇ ਭਾਵ ਖ਼ਤਮ ਹੋ ਰਹੇ ਸਨ ਤੇ ਮੁਰਝਾਇਆ ਚਿਹਰਾ ਖਿੜ ਉਠਿਆ । ਉਸਨੇ ਮੈਨੂੰ ਪੁੱਛਿਆ," ਭੂਤ ਪ੍ਰੇਤ ਵਾਕਿਆ ਹੀ ਨਹੀਂ ਹੁੰਦੇ ?" ਮੈਂ ਕਿਹਾ," ਸਾਨੂੰ ਤਾਂ ਮਿਲਦੇ ਨਹੀਂ ਜੇ ਮਿਲ ਜਾਣ ਤਾਂ ਫ਼ੜ ਕੇ ਕੰਮ ਕਰਾਈਏ , ਖੇਤਾਂ ਵਿੱਚ ,ਘਰ ਵਿੱਚ ,ਸਰਹੱਦਾਂ ਤੇ ਰਾਖ਼ੀ ਕਰਵਾਈਏ।ਅਸਲ ਵਿੱਚ ਇਹ ਸਭ ਮਨੋਕਲਪਿਤ ਹਨ, ਅਸੀਂ, ਤੁਸੀਂ ਇਨ੍ਹਾਂ ਬਾਰੇ ਸੁਣਦੇ ਰਹਿੰਦੇ ਹਾਂ, ਬਜ਼ੁਰਗਾਂ ਤੋਂ ਇਨ੍ਹਾਂ ਨਾਲ ਸਬੰਧਤ ਕਹਾਣੀਆਂ ਸੁਣਦੇ ਹਾਂ,ਟੈਲੀਵਿਜ਼ਨ ਤੇ ਬਹੁਤ ਦੇਖਣ ਨੂੰ ਮਿਲਦੇ ਹਨ। ਪਰ ਅਸਲ ਵਿੱਚ ਹੁੰਦੇ ਨਹੀਂ, ਅਸੀਂ ਵੀ ਆਪਣੇ ਬਜ਼ੁਰਗਾਂ ਤੋਂ ਇਨ੍ਹਾਂ ਬਾਰੇ ਸੁਣਿਆ ਹੈ ਪਰ ਅਸੀਂ ਹੁਣ ਇਨ੍ਹਾਂ ਦੀ ਸਚਾਈ ਜਾਣ ਚੁੱਕੇ ਹਾਂ,ਸਭ ਮਨ ਦਾ ਵਹਿਮ ਹੈ,ਭਰਮ ਹੈ, ਤੁਸੀਂ ਵੀ ਆਪਣੇ ਦਿਲ ਦਿਮਾਗ 'ਚੋ ਇਨ੍ਹਾਂ ਦਾ ਡਰ ਕੱਢ ਦੇਵੋ, ਤੁਹਾਨੂੰ ਵੀ ਦਿਖਣੋਂ ਹਟ ਜਾਣਗੇ, ਇਨ੍ਹਾਂ ਦੀ ਹੌਂਦ ਦਾ ਵਹਿਮ ਤੇ ਡਰ ,ਡਰਦਿਆਂ ਨੂੰ ਡਰਾਉਂਦਾ ਹੈ।" ਹੁਣ ਉਹ ਕਾਫੀ ਆਰਾਮ ਵਿੱਚ ਮਹਿਸੂਸ ਕਰ ਰਹੀ ਸੀ।ਉਸਦਾ ਡਰ ਖਤਮ ਹੋ ਚੁੱਕਿਆ ਸੀ।ਉਹ ਹੁਣ ਪੂਰੀ ਖੁਸ਼ ਰਹੀ ਸੀ। ਕਹਿੰਦੀ ਇੱਕ ਅਖੌਤੀ ਸਿਆਣੇ ਨੇ ਤਾਂ ਮੈਨੂੰ ਮਾਰ ਦੇਣਾ ਸੀ। ਅਖੌਤੀ ਸਿਆਣਿਆਂ ਦੀਆਂ ਕੀਤੀਆਂ ਹਰਕਤਾਂ ਬਾਰੇ ਹੱਡਬੀਤੀ ਸੁਣਾਈ। ਹੁਣ ਉਸਦੇ ਘਰਦਿਆਂ ਨੂੰ ਅੱਡ ਬੁਲਾਇਆ,ਸਾਰੀ ਗਲ ਸਮਝਾਈ ਤੇ ਅਗਲੇ ਹਫਤੇ ਦੁਬਾਰਾ ਕੁੜੀ ਨੂੰ ਲਿਆਉਣ ਲਈ ਕਿਹਾ। ਸਾਰੇ ਕਰਵਾਏ ਧਾਗੇ ਤਵੀਤ ਲੁਹਾ ਦਿੱਤੇ।ਘਰੇ ਕਿੱਲਾਂ ਗੱਡਵਾਈਆ ਸੀ ਸਭ ਪੁਟਣ ਲਈ ਕਿਹਾ। ਅਗਲੇ ਹਫਤੇ ਘੱਟੋ ਘੱਟ 10 ਬੰਦੇ ਸਾਡੇ ਕੋਲ ਆਏ ਕੁੜੀ ਪੂਰੀ ਖੁਸ਼ ਸੀ। ਉਸਦੇ ਮਾਤਾ ਪਿਤਾ ਨੇ ਕਿਹਾ ,"ਤੁਸੀਂ ਤਾਂ ਸਾਡੀ ਕੁੜੀ ਨੂੰ ਬਚਾ ਲਿਆ। ਸਾਡਾ ਰੋਮ ਰੋਮ ਖੁਸ਼ ਹੈ,ਅਸੀਂ ਅਤੀ ਧੰਨਵਾਦੀ ਹਾਂ ਤੁਹਾਡੇ।" ਉਨ੍ਹਾਂ ਨੇ ਸਾਨੂੰ ਪੈਸਿਆਂ ਬਾਰੇ ਪੁੱਛਿਆ। ਅਸੀਂ ਕਿਹਾ ਅਸੀਂ ਵੀ ਤੁਹਾਡੇ ਧੀ ਪੁੱਤ ਹਾਂ।ਸਾਡੀ ਕੋਈ ਫ਼ੀਸ ਨਹੀਂ। ਤਰਕਸ਼ੀਲ ਮੈਗਜ਼ੀਨ ਲਗਾਤਾਰ ਪੜ੍ਹਨ ਨੂੰ ਕਿਹਾ। ਉਨ੍ਹਾਂ ' -ਤੇ ਦੇਵ ਪੁਰਸ਼ ਹਾਰ ਗਏ ',ਅੱਗ ਲਗਣੋਂ ਬੰਦ ਹੋ ਗਈ ਸਮੇਤ ਕਈ ਹੋਰ ਕਿਤਾਬਾਂ ਸਾਡੇ ਤੋਂ ਲਈਆਂ।
ਅਸੀਂ ਉਨ੍ਹਾਂ ਨੂੰ ਤਰਕਸ਼ੀਲ ਸੁਸਾਇਟੀ ਦਾ ਸੁਨੇਹਾ,"ਅੰਧਵਿਸ਼ਵਾਸ, ਵਹਿਮ ਭਰਮ, ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੇ ਉਜਾਲੇ ਵਿੱਚ ਆਉਣ ਦਾ ਭਾਵਪੂਰਤ ਸੁਨੇਹਾ ਅੱਗੇ ਪਹੁੰਚਾਉਣ ਲਈ ਕਿਹਾ।" ਉਨ੍ਹਾਂ ਨੂੰ ਮਨੋਕਲਪਿਤ ਭੂਤਾਂ ਪ੍ਰੇਤਾਂ ਦੇ ਚੱਕਰ ਵਿਚੋਂ ਨਿਕਲਣ ਲਈ ਕਿਹਾ।ਗਲ ਸਾਂਝੀ ਕਰਦਿਆਂ ਕਿਹਾ ਕਿ ਦੁਨੀਆਂ ਤਾਂ ਚੰਦ ਤੇ ਪਹੁੰਚ ਗਈ ਹੈ ਤੁਸੀਂ ਭੂਤਾਂ -ਪ੍ਰੇਤਾਂ ਦੇ ਵਹਿਮ ਨੂੰ ਸਾਂਭੀ ਬੈਠੇ ਹੋਂ। ਵਿਗਿਆਨਕ ਸੋਚ ਅਪਣਾਓ ,ਲਾਈਲੱਗ ਨਾ ਬਣੋ ,ਸਾਡੇ ਕੋਲ ਦਿਮਾਗ ਹੈ,ਇਸ ਦੀ ਵਰਤੋਂ ਕਰੋ।ਗੱਲ ਮੰਨਣ ਤੋਂ ਪਹਿਲਾਂ ਉਸਨੂੰ ਪਰਖੋ।ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਕਰਨਾ ਭੇਡਚਾਲ ਹੈ ,ਇਸਤੋਂ ਬਚਣਾ ਚਾਹੀਦਾ ਹੈ ।ਬੀਮਾਰ ਹੋਣ ਤੇ ਡਾਕਟਰ ਕੋਲ ਜਾਇਆ ਕਰੋ,ਹਰ ਬੀਮਾਰੀ ਦੇ ਡਾਕਟਰ ਹਨ, ਸਰੀਰਿਕ ਬੀਮਾਰੀ ਦੇ ਵੀ ਤੇ ਮਾਨਸਿਕ ਬੀਮਾਰੀ ਦੇ ਵੀ।ਇਹ ਅਖੌਤੀ ਸਿਆਣੇ ਆਪਣੀ ਬੀਮਾਰੀ ਦੇ ਇਲਾਜ ਲਈ ਡਾਕਟਰਾਂ ਕੋਲ ਹੀ ਜਾਂਦੇ ਹਨ। ਅੰਤ ਵਿੱਚ ਉਨ੍ਹਾਂ ਨੂੰ ਕਾਫੀ ਪੁਰਾਣੇ ਤਰਕਸ਼ੀਲ ਮੈਗਜ਼ੀਨ ਦੇ ਕੇ ਤੋਰਿਆ।
ਮਾਸਟਰ ਪਰਮਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
941742234