ਅਸੀਂ ਅਕਸਰ ਵੇਖਦੇ ਹਾਂ ਕਿ ਸਾਡੇ ਸਕੂਲਾਂ ਵਿੱਚ ਸਵੇਰ ਦੀ ਸਭਾ ਜਾਂ ਹੋਰ ਸਭਿਆਚਾਰਕ ਸਮਾਗਮਾਂ ਦੇ ਮੌਕਿਆਂ ਉੱਤੇ ਵਧੀਆ ਸੇਧ ਦੇਣ ਵਾਲੇ ਗੀਤ ਬਹੁਤ ਘੱਟ ਗਾਏ ਜਾਂਦੇ ਹਨ। ਸਵੇਰ ਦੀ ਸਭਾ ਵਿੱਚ ਰਾਸ਼ਟਰੀ ਗਾਣ ਤੋਂ ਇਲਾਵਾ ਵਿਦਿਆਰਥੀਆਂ ਦੇ ਮਨਾਂ ਵਿੱਚ ਆਪਸੀ ਸਹਿਯੋਗ, ਵਿਗਿਆਨਕ ਸੋਚ ਅਤੇ ਧਰਮ ਅਤੇ ਜਾਤੀ ਦੇ ਵੰਡਾਂ ਵਖਰੇਵਿਆਂ ਤੋਂ ਉਪਰ ਉੱਠ ਕੇ ਮਾਨਵਵਾਦੀ ਨਜ਼ਰੀਆ ਪੈਦਾ ਕਰਨ ਵਾਲੇ ਢੁਕਵੇਂ ਗੀਤਾਂ ਦੀ ਬਹੁਤ ਘਾਟ ਹੈ। ਕੁਝ ਚੰਗੇ ਗੀਤ ਕਿਤਾਬਾਂ ਵਿੱਚ ਮਿਲਦੇ ਹਨ ਪਰ ਉਨ੍ਹਾਂ ਨੂੰ ਕਿਵੇਂ ਗਾਇਆ ਜਾਵੇ, ਉਨ੍ਹਾਂ ਦੀ ਧੁਨ ਕੀ ਹੋਵੇ, ਇਹ ਕੰਮ ਆਮ ਵਿਦਿਆਰਥੀ ਜਾਂ ਅਧਿਆਪਕ ਦੇ ਵੱਸ ਵਿੱਚ ਨਹੀਂ ਹੁੰਦੇ ਜਿਸ ਕਰਕੇ ਉਹ ਗੀਤ ਕਿਤਾਬਾਂ ਵਿੱਚ ਹੀ ਪਏ ਰਹਿੰਦੇ ਹਨ, ਆਮ ਵਰਤੋਂ ਵਿੱਚ ਨਹੀਂ ਆਉਂਦੇ। ਇਹ ਖੁਸ਼ੀ ਦੀ ਗੱਲ ਹੈ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੇ ਮੀਡੀਆ ਮੁਖੀ ਕਰਮਜੀਤ ਸਕਰੁੱਲਾਂਪੁਰੀ ਨੇ ਇਸ ਮਸਲੇ ਨੂੰ ਹੱਥ ਵਿੱਚ ਲਿਆ ਅਤੇ ਇੱਕ ਬਹੁਤ ਵਧੀਆ ਗੀਤ ਸਿਰਜਿਆ ਹੈ। ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੇ ਸਿਰਫ਼ ਗੀਤ ਲਿਖ ਕੇ ਹੀ ਆਪਣਾ ਫ਼ਰਜ਼ ਪੂਰਾ ਹੋ ਗਿਆ ਨਹੀਂ ਸਮਝਿਆ ਬਲਕਿ ਇਸ ਗੀਤ ਦੀ ਧੁਨ ਬਣਾਈ, ਗੀਤ ਗਾਉਣ ਲਈ ਵਧੀਆ ਅਵਾਜ਼ਾਂ ਅਤੇ ਸੰਗੀਤਕਾਰ ਦੀ ਚੋਣ ਕੀਤੀ ਅਤੇ ਬਹੁਤ ਸ਼ਾਨਦਾਰ ਵੀਡੀਓ ਬਣਾਈ। ਇਸ ਉੱਦਮ ਸਦਕਾ ਇਹ ਗੀਤ ਬਹੁਤ ਸਾਰੇ ਸਕੂਲਾਂ ਵਿੱਚ ਗਾਇਆ ਜਾ ਰਿਹਾ ਹੈ।
ਅਸੀਂ ਨਾ ਸਿਰਫ਼ ਤਰਕਸ਼ੀਲ ਸੁਸਾਇਟੀ ਦੇ ਕਾਰਕੁਨਾਂ ਬਲਕਿ ਅਗਾਂਹਵਧੂ ਸੋਚ ਵਾਲੇ ਸਾਰੇ ਅਧਿਆਪਕਾਂ ਲਈ ਵੀ ਸੁਝਾਅ ਦਿੰਦੇ ਹਾਂ ਕਿ ਸਵੇਰ ਦੀ ਸਭਾ, ਸਨਿੱਚਰਵਾਰ ਦੀ ਬਾਲ ਸਭਾ ਅਤੇ ਹੋਰ ਪ੍ਰੋਗਰਾਮਾਂ ਲਈ ਵਿਦਿਆਰਥੀਆਂ ਨੂੰ ਇਹੋ ਜਿਹੇ ਗੀਤ ਤਿਆਰ ਕਰਵਾਏ ਜਾਣੇ ਚਾਹੀਦੇ ਹਨ।
ਇਸ ਗੀਤ ਨੂੰ ਯੂ ਟਿਊਬ ਉੱਤੇ 'ਚਾਨਣ ਗੀਤ' ਜਾਂ Assembly song for schools – Chaanan’ ਲਿਖ ਕੇ ਲੱਭਿਆ ਅਤੇ ਸੁਣਿਆ ਜਾ ਸਕਦਾ ਹੈ।
*ਚਾਨਣ*
ਅਸੀਂ ਚਾਨਣ ਵੰਡਣਾ ਏ, ਚੰਨ ਸੂਰਜ ਤਾਰੇ ਬਣ ਕੇ ਜੀ।
ਹਰ ਦਿਲ ਵਿੱਚ ਵੱਸਣਾ ਏ, ਸਭਨਾਂ ਦੇ ਦੁਲਾਰੇ ਬਣ ਕੇ ਜੀ
ਨਵਿਆਂ ਨਾਲ਼ ਦੋਸਤੀਆਂ, ਰੁੱਸਿਆਂ ਨੂੰ ਮਨਾਵਾਂਗੇ।
ਜੋ ਬਹਿ ਗਏ ਵੱਖ ਹੋ ਕੇ, ਅਸੀਂ ਨਾਲ਼ ਰਲ਼ਾਵਾਂਗੇ।
ਰਹਿਣਾ ਹੈ ਮਿਲਜੁਲ ਕੇ, ਬੱਸ ਮਿੱਤਰ ਪਿਆਰੇ ਬਣ ਕੇ ਜੀ ....
ਅਸੀਂ ਚਾਨਣ ਵੰਡਣਾ ਏਂ, ਚੰਨ ਸੂਰਜ ਤਾਰੇ ਬਣ ਕੇ ਜੀ।
ਕਿਸੇ ਕੁੱਝ ਵੀ ਨਹੀਂ ਲਿਖਿਆ, ਮੱਥੇ ਜਾਂ ਹੱਥਾਂ 'ਤੇ।
ਸਭ ਭਰਮ-ਭੁਲੇਖੇ ਨੇ, ਤਰਕਾਂ ਨਾਲ਼ ਦੱਸਾਂਗੇ ।
ਸਭ ਝੂਠ ਮਿਟਾਵਾਂਗੇ, ਸੱਚ ਦੇ ਵਣਜਾਰੇ ਬਣ ਕੇ ਜੀ।
ਅਸੀਂ ਚਾਨਣ ਵੰਡਣਾ ਏ, ਚੰਨ ਸੂਰਜ ਤਾਰੇ ਬਣ ਕੇ ਜੀ।
ਅਸੀਂ ਮਜ਼ਹਬ ਨਹੀਂ ਪੁੱਛਣੇ, ਨਾ ਪੁੱਛਣੈਂ ਜਾਤਾਂ ਨੂੰ,
ਜੋ ਝਗੜੇ ਛੇੜਦੀਆਂ, ਰੱਦ ਕਰਨੈਂ ਬਾਤਾਂ ਨੂੰ,
ਨਫ਼ਰਤ ਦੀ ਅਗਨੀ ਨੂੰ, ਰੋਕਾਂਗੇ ਫ਼ੁਹਾਰੇ ਬਣ ਕੇ ਜੀ ।
ਅਸੀਂ ਚਾਨਣ ਵੰਡਣਾ ਏ, ਚੰਨ ਸੂਰਜ ਤਾਰੇ ਬਣ ਕੇ ਜੀ।
ਰਸਤੇ ਹੀ ਔਖੇ ਨੇ, ਮੰਜ਼ਲਾਂ ਤਾਂ ਦੂਰ ਨਹੀਂ,
ਪਰ ਅਸੀਂ ਵੀ ਮੁੜਨੇ ਦਾ, ਚੁਣਿਆ ਦਸਤੂਰ ਨਹੀਂ ।
ਹਿੰਮਤਾਂ ਦੀਆਂ ਬਾਤਾਂ ਦੇ, ਰਹਿਣਾ ਹੈ ਹੁੰਗਾਰੇ ਬਣ ਕੇ ਜੀ
ਅਸੀਂ ਚਾਨਣ ਵੰਡਣਾ ਏ, ਚੰਨ ਸੂਰਜ ਤਾਰੇ ਬਣ ਕੇ ਜੀ
ਮਾਸਟਰ ਪਰਮ ਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349