ਪਟਿਆਲਾ : ਪਟਿਆਲਾ ਵਿੱਚ ਨਸ਼ਾ ਮੁਕਤੀ ਅਭਿਆਨ ਨੂੰ ਹੋਰ ਪ੍ਰਭਾਵਸ਼ਾਲੀ ਬਨਾਉਣ ਅਤੇ ਡੀ-ਐਡੀਕਸ਼ਨ ਸੈਂਟਰਾਂ ਦੀ ਕਾਰਗੁਜ਼ਾਰੀ ਨੂੰ ਸੁਧਾਰਨ ਦੇ ਉਦੇਸ਼ ਨਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਵੱਲੋਂ ਇਕ ਉੱਚ ਪੱਧਰੀ ਬੈਠਕ ਦੀ ਅਗਵਾਈ ਕੀਤੀ ਗਈ। ਉਹਨਾਂ ਨਸ਼ਾ ਮੁਕਤੀ ਕੇਂਦਰਾਂ ਦੇ ਬੁਨਿਆਦੀ ਢਾਂਚੇ, ਸਟਾਫ ਅਤੇ ਫੰਡ ਦੀ ਸਮੀਖੀਆ ਕੀਤੀ । ਇਸ ਦੋਰਾਨ ਡਿਪਟੀ ਕਮਿਸ਼ਨਰ ਨੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਆ ਰਹੀਆਂ ਸਮੱਸਿਆਵਾਂ, ਉਹਨਾਂ ਦੀ ਸਥਿਤੀ ਅਤੇ ਉਚਿਤ ਇਲਾਜ ਸਹੂਲਤਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। ਉਹਨਾਂ ਜੋਰ ਦੇ ਕੇ ਕਿਹਾ ਕਿ ਨਸ਼ਾ ਮੁਕਤੀ ਸੈਂਟਰਾਂ ਦੀ ਕਾਰਗ਼ਜ਼ਾਰੀ ਵਿੱਚ ਗੁਣਵੱਤਾ ਬਣਾਈ ਰੱਖਣੀ ਬਹੁਤ ਜਰੂਰੀ ਹੈ । ਉਹਨਾ ਕਿਹਾ ਕਿ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਲਾਜ ਦੇ ਨਾਲ-ਨਾਲ ਨਿਗਰਾਨੀ ਦੀ ਪ੍ਰਕ੍ਰਿਆ ਵੀ ਢੁੱਕਵੀਂ ਹੋਣੀ ਚਾਹੀਦੀ ਹੈ ।
ਡਿਪਟੀ ਕਮਿਸ਼ਨਰ ਨੇ ਡੀ-ਐਡੀਕਸ਼ਨ ਸੈਂਟਰਾਂ ਵਿੱਚ ਉਪਲਬਧ ਬੈਡਾਂ ਦੀ ਗਿਣਤੀ, ਸਾਜੋ ਸਮਾਨ, ਸਿਹਤ ਸਹੂਲਤਾਂ ਅਤੇ ਮਨੁੱਖੀ ਸੰਸਾਧਨਾ ਦੀ ਵੀ ਸੰਖੇਪ ਸਮੀਖਿਆ ਕੀਤੀ । ਉਹਨਾਂ ਡੀ-ਐਡੀਕਸ਼ਨ. ਸੈਂਟਰਾਂ ਦੀ ਸੁਰੱਖਿਆ ਵਿਵਸਥਾ ਦਾ ਵੀ ਜਾਇਜਾ ਲਿਆ। ਉਹਨਾਂ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਨਸ਼ਿਆਂ ਵਿਰੁੱਧ ਲੜਾਈ ਨੂੰ ਜ਼ਮੀਨੀ ਪੱਧਰ ਤੇ ਲਿਜਾਣ ਲਈ ਹਰੇਕ ਐਸ.ਡੀ.ਐਮ. ਆਪਣੇ ਇਲਾਕੇ ਦੇ ਪਿੰਡਾਂ ਦਾ ਨਿਯਮਿਤ ਦੌਰਾ ਕਰਨ ਅਤੇ ਪਿੰਡ ਦੇ ਨੌਜਵਾਨਾ ਨੂੰ ਜਾਗਰੂਕ ਕਰਨ। ਉਹਨਾਂ ਕਿਹਾ ਕਿ ਪਿੰਡ ਪੱਧਰ ਤੇ ਨਸ਼ਿਆਂ ਵਿਰੁੱਧ ਜੰਗ ਲੜਨ ਲਈ ਗਰਾਸ ਰੂਟ ਲੈਵਲ ਤੇ ਲੋਕਾਂ ਨੂੰ ਸ਼ਾਮਲ ਕਰਨਾ ਬਹੁਤ ਜਰੂਰੀ ਹੈ।
ਮੀਟਿੰਗ ਦੌਰਾਨ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਮਾਨਸਿਕ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਭਰ ਵਿੱਚ 47 ਡੀ-ਐਡੀਕਸ਼ਨ ਸੈਂਟਰਾਂ ਦੀ ਸਰਕਾਰੀ ਅਦਾਇਗੀ ਹੋਣੀ ਹੈ, ਜਿਹਨਾਂ ਵਿਚੋਂ ਪਟਿਆਲਾ ਦਾ ਗਿਆਨ ਸਾਗਰ ਹਸਪਤਾਲ ਵੀ ਸ਼ਾਮਲ ਹੈ। ਉਹਨਾਂ ਦੱਸਿਆ ਕਿ ਉੱਥੇ ਦਾਖ਼ਲ ਮਰੀਜਾਂ ਦੀ ਲਿਸਟ ਤਿਆਰ ਕਰਕੇ ਜਲਦ ਹੀ ਵਿਭਾਗ ਨੂੰ ਭੇਜੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਗਿਆਨ ਸਾਗਰ ਹਸਪਤਾਲ ਮਾਮਲੇ ਦੀ ਵਿਸ਼ੇਸ਼ ਨਿਗਰਾਨੀ ਕਰਨ ਲਈ ਸਬੰਧਤ ਐਸ.ਡੀ.ਐਮ. ਨੂੰ ਹਦਾਇਤ ਦਿੱਤੀ ਅਤੇ ਕਿਹਾ ਕਿ ਇਹ ਕਾਰਜ ਪੂਰੇ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਵੀ ਡੀ-ਐਡੀਕਸ਼ਨ ਸੈਂਟਰ ਨੇ ਜਿਸ ਮੰਤਵ ਲਈ ਫੰਡ ਖਰਚ ਕੀਤੇ ਹਨ ਉਨਾਂ ਦਾ ਵਰਤੋਂ ਸਰਟੀਫਿਕੇਟ ਵੀ ਤਿਆਰ ਕਰਕੇ ਮੁਹੱਈਆ ਕਰਵਾਇਆ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ, ਐਸਡੀ.ਐਮ ਰਿਚਾ ਗੋਇਲ, ਡਾ ਜਸਵਿੰਦਰ ਸਿੰਘ, ਸਾਕੇਤ ਹਸਪਤਾਲ ਤੋਂ ਪਰਮਿੰਦਰ ਕੌਰ ਮਨਚੰਦਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।