Saturday, November 01, 2025

Malwa

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

October 31, 2025 10:13 PM
SehajTimes

ਸਬੂਤਾਂ ਮੁਤਾਬਕ ਮੁਲਜ਼ਮਾਂ ਨੂੰ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਵਿਦੇਸ਼ਾਂ ਤੋਂ ਪ੍ਰਾਪਤ ਹੋ ਰਹੀ ਸੀ ਫੰਡਿੰਗ: ਡੀਜੀਪੀ ਗੌਰਵ ਯਾਦਵ

ਬਠਿੰਡਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਬਠਿੰਡਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਪਿੰਡ ਭਿਸਿਆਣਾ ਅਤੇ ਮਾਨਾਂਵਾਲਾ ਦੇ ਸਕੂਲਾਂ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਲਈ ਪਾਬੰਦੀਸ਼ੁਦਾ ਸੰਗਠਨ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਨਿਊਯਾਰਕ ਅਧਾਰਿਤ ਐਸਐਫਜੇ — ਜਿਸਨੂੰ ਮਾਸਟਰਮਾਈਂਡ ਗੁਰਪਤਵੰਤ ਸਿੰਘ ਪੰਨੂ ਦਾ ਸਮਰਥਨ ਪ੍ਰਾਪਤ ਹੈ  ਨੂੰ ਭਾਰਤ ਸਰਕਾਰ ਨੇ ਇੱਕ ਗੈਰ-ਕਾਨੂੰਨੀ ਸੰਗਠਨ ਵਜੋਂ ਨਾਮਜ਼ਦ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਵਜੋਤ ਸਿੰਘ ਉਰਫ਼ ਜੋਤਾ (24) ਤੇ ਗੁਰਪ੍ਰੀਤ ਸਿੰਘ (26) ਦੋਵੇਂ ਵਾਸੀ ਕਾਲੀਆਵਾਲਾ, ਫਿਰੋਜ਼ਪੁਰ; ਅਤੇ ਹਰਜਿੰਦਰ ਸਿੰਘ ਵਾਸੀ ਮਾਨਾਂਵਾਲਾ, ਬਠਿੰਡਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਮੋਬਾਈਲ ਫ਼ੋਨ ਅਤੇ ਡੌਂਗਲ ਡਿਵਾਈਸ ਵੀ ਬਰਾਮਦ ਕੀਤੀ ਹੈ।

ਜਾਣਕਾਰੀ ਮੁਤਾਬਕ, 19 ਅਤੇ 20 ਅਕਤੂਬਰ, 2025 ਦੀ ਦਰਮਿਆਨੀ ਰਾਤ ਨੂੰ ਪਿੰਡ ਮਾਨਾਂਵਾਲਾ ਦੇ ਇੱਕ ਸਕੂਲ ਅਤੇ 26 ਤੇ 27 ਅਕਤੂਬਰ, 2025 ਦੀ ਦਰਮਿਆਨੀ ਰਾਤ ਨੂੰ ਪਿੰਡ ਭਿਸਿਆਣਾ ਦੇ ਪੀਐਮ ਕੇਂਦਰੀ ਵਿਦਿਆਲਿਆ ਦੀਆਂ ਕੰਧਾਂ 'ਤੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਪਾਏ ਗਏ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਸਮਾਜ ਵਿੱਚ ਅਸ਼ਾਂਤੀ ਫੈਲਾਉਣ ਅਤੇ ਦੇਸ਼ ਵਿਰੋਧੀ ਭਾਵਨਾਵਾਂ ਨੂੰ ਹਵਾ ਦੇਣ ਦੇ ਉਦੇਸ਼ ਨਾਲ ਭੜਕਾਊ ਨਾਅਰੇ ਲਿਖੇ ਗਏ। ਉਨ੍ਹਾਂ ਕਿਹਾ ਕਿ ਸਬੂਤਾਂ ਮੁਤਾਬਕ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਲਈ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਪ੍ਰਾਪਤ ਹੋ ਰਹੀ ਸੀ।

ਡੀਜੀਪੀ ਨੇ ਕਿਹਾ ਕਿ ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਇਹ ਯਕੀਨੀ ਬਣਾਇਆ ਕਿ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਨੂੰ ਅੰਜ਼ਾਮ ਨਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਬਠਿੰਡਾ ਅਤੇ ਬਠਿੰਡਾ ਪੁਲਿਸ ਨੇ ਸਾਂਝੇ ਤੌਰ 'ਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਪੇਸ਼ੇਵਰ ਅਤੇ ਵਿਗਿਆਨਕ ਢੰਗ ਨਾਲ ਜਾਂਚ ਕੀਤੀ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਤਕਨੀਕੀ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਪਿੰਡ ਭਿਸਿਆਣਾ ਵਿਖੇ ਪੀਐਮ ਕੇਂਦਰੀ ਵਿਦਿਆਲਿਆ ਦੀਆਂ ਕੰਧਾਂ ‘ਤੇ ਖਾਲਿਸਤਾਨੀ ਪੱਖੀ ਨਾਅਰੇ ਲਿਖਣ ਵਾਲੇ ਦੋਵੇਂ ਮੁੱਖ ਦੋਸ਼ੀਆਂ ਨਵਜੋਤ ਉਰਫ਼ ਜੋਤਾ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਤੋਂ ਬਾਅਦ, ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀਆਂ ਪੁਲਿਸ ਟੀਮਾਂ ਨੇ ਦੋਸ਼ੀ ਹਰਜਿੰਦਰ ਸਿੰਘ, ਜਿਸਨੇ ਪਿੰਡ ਮਾਨਾਂਵਾਲਾ ਦੇ ਸਕੂਲ ਦੀ ਕੰਧ 'ਤੇ ਨਾਅਰੇ ਲਿਖੇ ਸਨ, ਨੂੰ ਵੀ ਗ੍ਰਿਫ਼ਤਾਰ ਕਰ ਲਿਆ।

ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਪੈਸੇ ਦੇ ਬਦਲੇ ਵਿਦੇਸ਼ ਅਧਾਰਤ ਵਿਅਕਤੀ ਪਵਨਪ੍ਰੀਤ ਸਿੰਘ ਉਰਫ਼ ਦੀਪ ਚਾਹਲ, ਜੋ ਕਿ ਗੁਰਪਤਵੰਤ ਸਿੰਘ ਪੰਨੂ ਦਾ ਕਰੀਬੀ ਸਾਥੀ ਹੈ, ਦੇ ਨਿਰਦੇਸ਼ਾਂ 'ਤੇ ਕੰਧਾਂ 'ਤੇ ਨਾਅਰੇ ਲਿਖੇ ਸਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏਆਈਜੀ ਸੀਆਈ ਬਠਿੰਡਾ ਅਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਹਰਜਿੰਦਰ ਨੇ ਖੁਲਾਸਾ ਕੀਤਾ ਹੈ ਕਿ ਮੁਲਜ਼ਮ ਨਵਜੋਤ ਨੇ ਉਸਨੂੰ ਪਵਨਪ੍ਰੀਤ ਸਿੰਘ ਉਰਫ਼ ਦੀਪ ਚਾਹਲ, ਜਿਸਨੇ ਉਸਨੂੰ ਸਲੋਗਨ ਲਿਖਣ ਲਈ ਕਿਹਾ ਸੀ ਅਤੇ ਬਦਲੇ ਵਿੱਚ ਉਸ ਨੂੰ 2000 ਰੁਪਏ ਦਿੱਤੇ ਸਨ, ਨਾਲ ਜਾਣ-ਪਛਾਣ ਕਰਵਾਈ ਸੀ।

ਇਸ ਸਬੰਧੀ ਐਫਆਈਆਰ ਨੰਬਰ 197 ਮਿਤੀ 23/10/25 ਨੂੰ ਬਠਿੰਡਾ ਦੇ ਥਾਣਾ ਰਾਮਾ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 197 (1) ਅਤੇ ਪੰਜਾਬ ਪ੍ਰੀਵੈਂਸ਼ਨ ਆਫ਼ ਡੀਫੇਸਮੈਂਟ ਪ੍ਰਾਪਰਟੀ ਆਰਡੀਨੈਂਸ ਐਕਟ ਦੀ ਧਾਰਾ 3 ਅਧੀਨ ਅਤੇ ਐਫਆਈਆਰ ਨੰਬਰ 242 ਮਿਤੀ 27/10/25 ਨੂੰ ਬਠਿੰਡਾ ਦੇ ਥਾਣਾ ਨੇਹੀਆਂ ਵਾਲਾ ਵਿਖੇ ਬੀਐਨਐਸ ਦੀ ਧਾਰਾ 197 (1) ਅਤੇ 3 (5) ਅਤੇ ਪੰਜਾਬ ਪ੍ਰੀਵੈਂਸ਼ਨ ਆਫ਼ ਡੀਫੇਸਮੈਂਟ ਪ੍ਰਾਪਰਟੀ ਆਰਡੀਨੈਂਸ ਐਕਟ ਦੀ ਧਾਰਾ 3 ਅਧੀਨ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ 

ਖੇਤਾਂ ਚੋਂ ਪਰਾਲੀ ਸੰਭਾਲਣ ਲਈ ਸਰਕਾਰ ਦੇ ਪ੍ਰਬੰਧ ਨਿਗੂਣੇ