ਸੁਨਾਮ : ਸੁਨਾਮ ਸ਼ਹਿਰ ਦੀ ਬਾਬਾ ਪਰਮਾਨੰਦ ਕਾਲੋਨੀ ਵਿਖੇ ਇੱਕ ਘਰ ਦੀ ਕੁਰਕੀ ਕਰਨ ਲਈ ਬੈਂਕ ਦਾ ਅਧਿਕਾਰੀ ਨਹੀਂ ਪਹੁੰਚਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਨੇ ਉਕਤ ਮਾਮਲੇ ਵਿੱਚ ਵਿਰੋਧ ਕਰਨ ਦਾ ਐਲਾਨ ਕੀਤਾ ਸੀ। ਦੱਸਿਆ ਗਿਆ ਹੈ ਸਟੇਟ ਬੈਂਕ ਆਫ ਇੰਡੀਆ ਵੱਲੋਂ ਬਾਬਾ ਪਰਮਾਨੰਦ ਕਾਲੋਨੀ ਵਿਖੇ ਇੱਕ ਘਰ ਦੀ ਕੁਰਕੀ ਕਰਨ ਦਾ ਬਕਾਇਦਾ ਨੋਟਿਸ ਜਾਰੀ ਕੀਤਾ ਗਿਆ ਸੀ। ਮੰਗਲਵਾਰ ਨੂੰ ਕੁਰਕੀ ਵਾਲੇ ਦਿਨ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਸੂਬਾ ਆਗੂ ਰਾਮਪਾਲ ਸ਼ਰਮਾ ਦੀ ਅਗਵਾਈ ਹੇਠ ਸਵੇਰ ਤੋਂ ਹੀ ਵਾਰੰਟ ਕਬਜ਼ੇ ਵਾਲੇ ਘਰ ਦੇ ਬੂਹੇ ਅੱਗੇ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਸਮੇਤ ਧਰਨਾ ਲਾ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਹੁਣ ਤੱਕ ਕੋਈ ਵੀ ਬੈਂਕ ਅਧਿਕਾਰੀ ਅਤੇ ਪ੍ਰਸ਼ਾਸਨ ਦਾ ਨੁਮਾਇੰਦਾ ਘਰ ਦਾ ਕਬਜ਼ਾ ਲੈਣ ਨਹੀਂ ਪਹੁੰਚਿਆ। ਬੀਕੇਯੂ ਏਕਤਾ ਮਲਵਈ ਦੇ ਆਗੂਆਂ ਰਾਮਪਾਲ ਸ਼ਰਮਾ, ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ ਅਤੇ ਕੁਲਦੀਪ ਸਿੰਘ ਰਾਮਗੜ੍ਹ ਸੰਧੂਆਂ ਨੇ ਦੱਸਿਆ ਕਿ ਮਜ਼ਬੂਰੀ ਵੱਸ ਗਰੀਬ ਪਰਿਵਾਰ ਆਪਣਾ ਜੀਵਨ ਬਸਰ ਕਰਨ ਲਈ ਕਾਰੋਬਾਰ ਵਾਸਤੇ ਬੈਂਕ ਤੋਂ ਕਰਜ਼ਾ ਲੈਂਦੇ ਹਨ, ਲੇਕਿਨ ਕਰਜ਼ਾ ਮੋੜਨ ਤੋਂ ਅਸਮਰਥ ਗਰੀਬ ਲੋਕਾਂ ਦੇ ਘਰਾਂ ਦੀ ਕੁਰਕੀ ਦੇ ਵਾਰੰਟ ਕਬਜ਼ੇ ਲਏ ਜਾਂਦੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਕਦੇ ਵੀ ਕਿਸੇ ਗਰੀਬ ਨੂੰ ਬੇਘਰ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਦੇ ਖੂਨ ਪਸੀਨੇ ਦੀ ਕਮਾਈ ਦਾ ਹਜ਼ਾਰਾਂ ਕਰੋੜਾਂ ਰੁਪਏ ਲੈਕੇ ਦੇਸ਼ ਚੋਂ ਭਗੌੜੇ ਹੋਏ ਕਾਰਪੋਰੇਟ ਘਰਾਣਿਆਂ ਦੇ ਮੈਂਬਰਾਂ ਨੂੰ ਭਾਰਤ ਸਰਕਾਰ ਕਦੋਂ ਵਾਪਿਸ ਲੈਕੇ ਆਵੇਗੀ ? ਲੋਕਾਂ ਦਾ ਪੈਸਾ ਕਦੋਂ ਵਾਪਸ ਆਏਗਾ ? ਹਰ ਸਾਲ ਵੱਡੇ -ਵੱਡੇ ਸਰਮਾਏਦਾਰਾ ਨੂੰ ਲੱਖਾਂ ਕਰੋੜਾਂ ਰੁਪਏ ਦੇ ਕਰਜ਼ੇ ਅਤੇ ਟੈਕਸ ਮਾਫ਼ ਕੀਤੇ ਜਾਂਦੇ ਹਨ ਪਰੰਤੂ ਇਥੇ ਗ਼ਰੀਬ ਕਿਸਾਨਾਂ ਮਜ਼ਦੂਰਾ, ਛੋਟੇ ਦੁਕਾਨਦਾਰਾਂ ਦੇ ਘਰਾਂ ਦੀਆਂ ਕੁਰਕੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਖਿਆ ਕਿ ਜਥੇਬੰਦੀ ਕਿਸੇ ਵੀ ਗਰੀਬ ਦੁਕਾਨਦਾਰ, ਕਿਸਾਨ ਅਤੇ ਮਜ਼ਦੂਰ ਦੇ ਘਰਾਂ ਦੀ ਕੁਰਕੀ ਨਹੀਂ ਹੋਣ ਦੇਵੇਗੀ।