Friday, November 07, 2025

Articles

“ਸ਼ਹੀਦ”

May 30, 2025 06:47 PM
Amarjeet Cheema (Writer from USA)

ਅੱਜ ਸਵੇਰੇ ਰੇਡੀਉ ਲਾਇਆ ਤਾਂ ਪਤਾ ਲੱਗਾ ਕਿ ਅੱਜ ਸਿੱਧੂ ਮੂਸੇ ਵਾਲੇ ਦਾ ਮਰਨ ਦਿਨ ਹੈ। ਰੇਡੀਉ ਤੇ ਉਸ ਦੇ ਹੀ ਗੀਤ ਚੱਲ ਰਹੇ ਸਨ ਤੇ ਰੇਡੀਉ ਵਾਲੇ ਉਸ ਨੂੰ ਸ਼ਹੀਦ ਕਹਿ ਕੇ ਸੰਬੋਧਨ ਕਰ ਰਹੇ ਸਨ। ਬਹੁਤ ਸਾਰੇ ਲੋਕ ਜੋ ਉਸ ਨੂੰ ਪਸੰਦ ਕਰਦੇ ਹਨ, ਉਸ ਬਾਰੇ ਤਰਾਂ ਤਰਾਂ ਦੀਆਂ ਮਨ ਲੁਭਾਉਣੀਆਂ ਗੱਲਾਂ ਕਰ ਰਹੇ ਸਨ। ਬਹੁਤ ਸਾਰੇ ਬਾਹਰ ਦੇ ਜੰਮਪਲ਼ ਮੁੰਡੇ ਕੁੜੀਆਂ ਉਸ ਦੇ ਹੀ ਗੁਣ ਗਾ ਰਹੇ ਸਨ। ਕੋਈ ਕੁੜੀ ਕਹਿ ਰਹੀ ਸੀ, ਮੇਰੇ ਡੌਲੇ ਤੇ ਉਹਦਾ ਟੈਟੂ ਵੀ ਬਣਿਆ ਹੋਇਆ । ਮੇਰੀ ਗੱਡੀ ਦੇ ਬੰਪਰ ਤੇ ਉਹਦੀ ਫੋਟੋ ਵੀ ਲੱਗੀ ਹੋਈ ਆ‌। ਮੁੰਡੇ ਵੀ ਫੋਨ ਕਰਕੇ ਦੱਸ ਰਹੇ ਸਨ ਕਿ ਸਾਨੂੰ ਉਹਦੀ ਮੌਤ ਦਾ ਬੜਾ ਦੁੱਖ ਹੈ। ਸਾਡਾ ਗਲ਼ਾ ਭਰ ਆਇਆ ਹੈ, ਸਾਡੇ ਤੋਂ ਅੱਗੇ ਗੱਲ ਨਹੀਂ ਹੋ ਰਹੀ। ਮੇਰੇ ਟਰੱਕ ਤੇ ਵੀ ਉਹਦੀ ਫ਼ੋਟੋ ਲੱਗੀ ਹੋਈ ਆ, ਮੇਰੇ ਤਾਂ ਸ਼ਰੀਰ ਦੇ ਹਰ ਹਿੱਸੇ ਤੇ ਉਹਦਾ ਟੈਟੂ ਬਣਿਆ ਹੋਇਆ। ਮੈਨੂੰ ਇਹ ਸੱਭ ਕੁੱਝ ਸੁਣਕੇ ਬੜੀ ਹੈਰਾਨੀ ਹੋ ਰਹੀ ਸੀ ਕਿ ਅਸੀਂ ਸ਼ਹੀਦ ਸ਼ਬਦ ਦੀ ਤੌਹੀਨ ਕਰ ਰਹੇ ਹਾਂ। ਐਵੇਂ ਜਣੇ ਖਣੇ ਨੂੰ ਸ਼ਹੀਦ ਦਾ ਖਿਤਾਬ ਦੇਈ ਜਾਨੇ ਆਂ। ਸ਼ਹੀਦ ਉਹ ਹੁੰਦਾ ਜੋ ਆਪਣੀ ਕੌਮ ਤੇ ਦੇਸ਼ ਲਈ ਜਾਨ ਦੀ ਬਾਜ਼ੀ ਲਾ ਗਿਆ ਹੋਵੇ। ਅੱਜ ਕੱਲ ਅਸੀਂ ਤਾਂ ਗੈਂਗਸਟਰ ਦੀ ਮੌਤ ਨੂੰ ਵੀ ਸ਼ਹੀਦੀ ਕਰਾਰ ਦੇਈ ਜਾ ਰਹੇ ਹਾਂ। ਇਹ ਗੈਂਗਸਟਰ ਘਟੀਆ ਸਰਕਾਰਾਂ ਦੀ ਉਪਜ ਹੁੰਦੇ ਹਨ ਰਾਜਨੇਤਾ ਪਹਿਲਾਂ ਇਹਨਾਂ ਨੂੰ ਵਰਤਦੇ ਹਨ ਤੇ ਮਤਲਬ ਨਿੱਕਲ ਜਾਣ ਤੋਂ ਬਾਦ ਕਿਸੇ ਹੋਰ ਗੈਂਗਸਟਰ ਨੂੰ ਬਰਾਬਰ ਤੇ ਖੜਾ ਕਰਕੇ ਉਸ ਕੋਲੋਂ ਹੀ ਕੁੱਤੇ ਦੀ ਮੌਤ ਮਰਵਾ ਦਿੰਦੇ ਹਨ। ਜੋ ਇਸੇ ਤਰਾਂ ਹੀ ਸਿੱਧੂ ਮੂਸੇ ਨਾਲ ਹੋਇਆ ਹੈ। ਉਸ ਨੇ ਸਮਾਜ ਦਾ ਕੀ ਸੁਧਾਰ ਕੀਤਾ ? ਦੇਸ਼ ਲਈ ਕੀ ਮਹਾਨ ਕੰਮ ਕੀਤਾ ? ਗੀਤ ਗਾਏ, ਪੈਸੇ ਕਮਾਏ, ਆਪਣੀ ਕਰੋੜਾਂ ਦੀ ਜਾਇਦਾਦ ਬਣਾਈ, ਖੂਬ ਖਾਧਾ ਪੀਤਾ ਐਸ਼ ਕੀਤੀ। ਆਪਣੇ ਆਲ਼ੇ ਦੁਆਲ਼ੇ ਬਾਡੀਗਾਰਡਾਂ ਦੀ ਭੀੜ ਜਮਾਂ ਕੀਤੀ ਰੱਖੀ। ਮੈਂ ਜਾਤੀ ਤੌਰ ਤੇ ਉਸਦਾ ਵਿਰੋਧੀ ਨਹੀਂ ਪਰ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਸ਼ਹੀਦ ਸ਼ਬਦ ਦੀ ਮਹਾਨਤਾਂ ਨੂੰ ਸੱਟ ਮਾਰੀ ਹੈ‌। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਦਿਨ ਵੀ ਚੱਲ ਰਹੇ ਹਨ, ਮੈਨੂੰ ਨਹੀਂ ਲੱਗਦਾ ਕਿ ਇਹਨਾਂ ਕਨੇਡੀਅਨ, ਅਮਰੀਕਣ ਨਵੀਂ ਪਨੀਰੀ ਨੂੰ ਗੁਰੂ ਅਰਜਣ ਦੇਵ ਜੀ ਦੀ ਸ਼ਹੀਦੀ ਬਾਰੇ ਕੋਈ ਜਾਣਕਾਰੀ ਹੋਵੇ।

ਜਾਂ ਕਿਸੇ ਨੂੰ ਭਗਤ ਸਿੰਘ, ਰਾਜਗੁਰੂ, ਸੁਖਦੇਵ ਜਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਬਾਰੇ ਕੋਈ ਜਾਣਕਾਰੀ ਹੋਵੇ। ਇਹ ਸਨ ਸਾਡੇ ਸ਼ਹੀਦ ਜਿਹਨਾਂ ਦੀਆਂ ਸ਼ਹਾਦਤਾਂ ਬਾਰੇ ਸੁਣਕੇ ਸਾਡਾ ਸਿਰ ਨਿਮਰਤਾ ਨਾਲ ਝੁੱਕ ਜਾਂਦਾ ਹੈ। ਸਾਡੇ ਦਸਵੇਂ ਗੁਰੂ ਜੀ ਦੀ ਸ਼ਹੀਦੀ ਜਾਂ ਉਹਨਾਂ ਦੇ ਪਰਿਵਾਰ ਦੀਆਂ ਕੀਤੀਆਂ ਕੁਰਬਾਨੀਆਂ ਬਾਰੇ ਵੀ ਨਵੀਂ ਪਨੀਰੀ ਨੂੰ ਸ਼ਾਇਦ ਹੀ ਪਤਾ ਹੋਵੇ। ਸਾਡੇ ਸਿੱਖ ਜਰਨੈਲ ਸ਼ਾਮ ਸਿੰਘ ਅਟਾਰੀ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਜਾਂ ਰਣਜੀਤ ਸਿੰਘ ਜੀ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ। ਅੱਜ ਇਹ ਗੱਲ ਮਹਿਸੂਸ ਕਰਕੇ ਸੋਚਦਾ ਹਾਂ ਕਿ ਸਾਡੀ ਕੌਮ ਦਾ ਭਵਿੱਖ ਕੀ ਹੋਵੇਗਾ ? ਸਾਡੀ ਆਉਣ ਵਾਲੀ ਪਨੀਰੀ ਕਿਹੜੀਆਂ ਰਾਹਾਂ ਤੇ ਚੱਲ ਰਹੀ ਹੈ? ਕਿੰਨੇ ਵੱਡੇ ਵੱਡੇ ਵਿਦਵਾਨ ਚੁੱਪ ਧਾਰੀ ਬੈਠੇ ਨੇ। ਕੋਈ ਵੀ ਇਹਨਾਂ ਬਾਰੇ ਕਲਮ ਉਠਾ ਕੇ ਗੱਲ ਨਹੀਂ ਕਰ ਰਿਹਾ। ਇਹਨਾਂ ਦੀ ਚੁੱਪ ਤੋਂ ਤਾਂ ਇਹੀ ਲੱਗਦਾ ਹੈ ਕਿ ਸਾਡੀ ਕੌਮ ਦੇ ਸ਼ਹੀਦ ਅਮਰ ਸਿੰਘ ਚਮਕੀਲਾ, ਬੀਬੀ ਅਮਰਜੋਤ ਜਾਂ ਸਿੱਧੂ ਮੂਸੇਵਾਲਾ ਹੀ ਹਨ। ਸਿੱਧੂ ਦੇ ਪਿਉਂ ਨੂੰ ਵੀ ਖੁੱਲ੍ਹਕੇ ਕਹਿ ਦੇਣਾ ਚਾਹੀਦਾ ਹੈ ਕਿ ਮੇਰਾ ਪੁੱਤਰ ਸ਼ਹੀਦ ਨਹੀਂ। ਉਸ ਦੀ ਆਮ ਗੈਂਗਸਟਰ ਵਾਂਗ ਮੌਤ ਹੋਈ ਹੈ ਪਰ ਇਸ ਤਰਾਂ ਦੀ ਦਲੇਰੀ ਹਰ ਕੋਈ ਨਹੀਂ ਕਰ ਸਕਦਾ ਆਪਣਾ ਖੂਨ ਤੇ ਪਰਿਵਾਰ ਸਭ ਨੂੰ ਪਿਆਰੇ ਹੁੰਦੇ ਨੇ। ਕਾਫ਼ੀ ਦੇਰ ਪਹਿਲਾਂ ਦੀ ਗੱਲ ਹੈ ਕਿ ਸਾਡੇ ਪਿੰਡ ਪੀਰਾਂ ਦੀ ਸਮਾਧ ਤੇ ਮੇਲਾ ਲੱਗਿਆ ਸੀ। ਉਸ ਮੇਲੇ ਤੇ ਨਕਲੀਏ ਵਗੈਰਾ ਤੇ ਹੋਰ ਖਾਣ ਪੀਣ ਦਾ ਪ੍ਰਬੰਧ ਮੇਰੇ ਪਰਿਵਾਰ ਵਲੋਂ ਹੀ ਕੀਤਾ ਜਾਂਦਾ ਸੀ। ਮੇਰੇ ਪਿਉਂ ਦੀ ਮੌਤ ਕੁਦਰਤੀ ਕੈਂਸਰ ਨਾਲ ਹੋਈ ਸੀ। ਸਾਡੇ ਕਿਸੇ ਰਿਸ਼ਤੇਦਾਰ ਨੇ ਨਕਲੀਏ ਨੂੰ 10 ਰੁਪਏ ਦੇ ਕੇ ਤੇ ਮੇਰੇ ਪਿਓ ਦੇ ਨਾਂ ਤੇ ਵੇਲ ਕਰਾ ਦਿੱਤੀ ਕਿ ਰੇਸ਼ਮ ਸਿੰਘ ਸ਼ਹੀਦ ਦੇ ਨਾਂ ਦੀ ਵੇਲ। ਮੈਂ ਭੱਜਕੇ ਸਟੇਜ ਤੇ ਗਿਆ ਤੇ ਉਸ ਰਿਸ਼ਤੇਦਾਰ ਦੀ ਲਾਹ ਪਾਹ ਕਰ ਦਿੱਤੀ ਅਤੇ ਨਾਲ ਹੀ ਸਾਰੇ ਆਏ ਸੱਜਣਾਂ ਤੋਂ ਆਪ ਉਹਦੀ ਜਗਾਹ ਤੇ ਮਾਫ਼ੀ ਮੰਗੀ। ਮੈਨੂੰ ਪਤਾ ਸੀ ਕਿ ਪਿੰਡ ਵਿੱਚ ਸੌ ਸੱਜਣ ਬੇਲੀ ਹੁੰਦੇ ਹਨ ਤੇ ਸੌ ਦੁਸ਼ਮਣ ਕੋਈ ਇੱਕ ਜਣਾ ਵੀ ਉੱਠ ਕੇ ਮੇਰੇ ਪਿਓ ਦੀ ਸ਼ਾਨ ਦੇ ਖਿਲਾਫ਼ ਬੋਲ ਜਾਂਦਾ ਤਾਂ ਸਾਡੀ ਲੜਾਈ ਹੋ ਜਾਣੀ ਸੀ। ਫ਼ਿਰ ਪਤਾ ਨਹੀਂ ਕਤਲ ਵੀ ਹੋ ਜਾਂਦੇ। ਮੇਰੀ ਇਸ ਕਾਰਵਾਈ ਦੀ ਸਾਰੇ ਪਿੰਡ ਵਾਸੀਆਂ ਤੇ ਹੋਰ ਆਏ ਸੱਜਣਾਂ ਵੱਲੋਂ ਬੜੀ ਸ਼ਲਾਘਾ ਕੀਤੀ ਗਈ। ਸੋ ਮੁੱਕਦੀ ਗੱਲ ਇਹ ਹੈ ਕਿ ਸਾਨੂੰ ਹਰ ਇੱਕ ਨੂੰ ਸ਼ਹੀਦ ਦਾ ਦਰਜਾ ਨਹੀਂ ਦੇਣਾ ਚਾਹੀਦਾ। ਮੇਰੇ ਵਲੋਂ ਆਪਣੀ ਕੌਮ ਤੇ ਦੇਸ਼ ਦੇ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ ਤੇ ਇਹਨਾਂ ਟੈਟੂਆਂ ਵਾਲੇ ਸ਼ਹੀਦਾਂ ਤੋਂ ਕੌਮ ਨੂੰ ਦੂਰ ਰੱਖਣ ਦੀ ਜ਼ਰੂਰਤ ਹੈ।

ਅਮਰਜੀਤ ਚੀਮਾਂ (ਯੂ ਐੱਸ ਏ)
+17169083631

Have something to say? Post your comment