ਹੁਣ ਤਾਂ ਲਾਹ ਦੇਣਾ ਸੀ ਕਾਲਾ ਕੋਟ
ਹੁਣ ਤਾਂ ਅਪ੍ਰੈਲ ਵੀ ਲੰਘ ਚਲਿਆ
ਗਰਮੀ ਤਾਂ ਵੱਟ ਕੱਢੀ ਜਾ ਰਹੀ ਹੈ
ਤੇ ਉਪਰੋੰ ਤਿੱਖੀ ਧੁੱਪ ਵੀ ਚੂੰਡੀਆਂ ਵੱਢ ਰਹੀ
ਗਰਮੀ ਮਹਿਸੂਸ ਹੋ ਰਹੀ ਕਿ ਨਹੀ ?
ਲੈ , ਮਹਿਸੂਸ ਕਿਉਂ ਨਹੀਂ ਹੋ ਰਹੀ !
ਮਹਿਸੂਸ ਤਾਂ ਸੱਭ ਕੁਝ ਹੀ ਹੁੰਦਾ !!
ਪਰ ਜੇ ਕਿਤੇ ਮੈਂ ਲਾਹ ਦਿੱਤਾ ਕਾਲਾ ਕੋਟ
ਤਾਂ ਰੁੱਸ ਜਾਣੀਆਂ ਮੇਰੇ ਨਾਲ ਮੇਰੀਆਂ ਹੀ ਕਵਿਤਾਵਾਂ
ਜੋ ਹਰ ਵੇਲੇ ਮੇਰੇ ਅੰਗ ਸੰਗ ਹੀ ਰਹਿਣਾ ਚਾਹੁੰਦੀਆਂ
ਉਹ ਅਕਸਰ ਕਹਿੰਦੀਆਂ ਹਨ ਕਿ
“ ਅਸੀਂ ਤਾਂ ਖਿਲਰੀਆਂ ਫਿਰਦੀਆਂ ਹਾਂ
ਤੂੰ ਅੱਵਲ ਤਾਂ ਸਾਨੂੰ ਸਾਰੀਆਂ ਨੂੰ ਹੀ
ਤੇ ਜੇ ਸਾਰੀਆਂ ਨੂੰ ਨਹੀ
ਤਾਂ ਘੱਟੋ ਘੱਟ ਸਾਨੂੰ ਥੋੜੀਆਂ ਜਿਹੀਆਂ ਨੂੰ
ਲੁਕਾਅ ਛੁਪਾ ਕੇ ਹੀ ਰੱਖਿਆ ਕਰ
ਆਪਣੇ ਕਾਲੇ ਕੋਟ ਦੀਆਂ ਜੇਬਾਂ ਵਿੱਚ
ਕੀ ਪਤਾ ਸਾਡੀ ਕਿੱਥੇ ਲੋੜ ਪੈ ਜਾਵੇ
ਅਸੀ ਤਾਂ ਖਿਲਰੀਆਂ ਫਿਰਦੀਆਂ ਹਾਂ “
ਸੱਚ ਹੀ ਤਾਂ ਕਹਿ ਰਹੀਆਂ ਹਨ ਕਵਿਤਾਵਾਂ
ਵਿਚਾਰੀਆਂ ਕਿੰਨੀਆਂ ਕੋਮਲ ਹਨ !
ਕਿੰਨੀਆਂ ਸੰਵੇਦਨਸ਼ੀਲ ਹਨ !!
ਕਿੰਨਾ ਖਿਆਲ ਰੱਖਦੀਆਂ ਹਨ ਮੇਰਾ !!!
ਤੇ ਫਿਰ ਮੈਂ ਵੀ ਉਨ੍ਹਾ ਦਾ ਖ਼ਿਆਲ ਕਿਉਂ ਨਾ ਰੱਖਾਂ ?
ਕਵਿਤਾਵਾਂ ਮੇਰੇ ਕਾਲੇ ਕੋਟ ਦੀਆਂ ਅੰਦਰਲੀਆਂ ਜੇਬਾਂ ‘ਚੋਂ ਦੀ
ਮੇਰੀ ਹਿੱਕ ਨਾਲ ਹੀ ਲਗੀਆਂ ਰਹਿੰਦੀਆਂ
ਤੇ ਮੈਂ ਗਰਮੀਆਂ ‘ਚ ਵੀ ਪਹਿਣੀ ਰੱਖਦਾ ਹਾਂ ਕਾਲਾ ਕੋਟ
ਮੈਂ ਅਲੱਗ ਨਹੀ ਹੋਣਾ ਚਾਹੁੰਦਾ
ਆਪਣੀਆਂ ਲਿਖੀਆਂ ਸੱਜਰੀਆਂ ਕਵਿਤਾਵਾਂ ਤੋਂ
ਪੁਰਾਣੀਆਂ ਤਾਂ ਚਲੋ ਘਰ ‘ਚ ਹੀ
ਕਿਤੇ ਥਾਂ ਮੱਲੀ ਬੈਠੀਆਂ ਹੋਣਗੀਆਂ
ਪਰ ਤਾਜ਼ੀਆਂ ਨਜ਼ਮਾਂ ਗ਼ਜ਼ਲਾਂ ਕਵਿਤਾਵਾਂ
ਲੈ ਰਹੀਆਂ ਝੂਟੇ ਮੇਰੇ ਕਾਲੇ ਕੋਟ ਦੀਆਂ ਜੇਬਾਂ ਵਿੱਚ
ਉੰਝ ਵੀ ਤਾਂ ਕਾਲਾ ਕੋਟ ਕਚਹਿਰੀ ਲਈ ਹੀ ਹੈ
ਤੇ ਲਗਪਗ ਰੋਜ਼ ਹੀ ਮੈ ਵੀ ਤਾਂ ਜਾਂਦਾ ਹਾਂ ਕਚਹਿਰੀ
ਪਿੱਛੇ ਨੂੰ ਮੁੜ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ
ਸਤਾਰਾਂ ਕੁ ਸਾਲ ਦੀ ਲੰਬੀ ਜਦੋਜਹਿਦ ,
ਬਹੁਤ ਔਖਿਆਂ ਹੋ ਕੇ ਕੀਤੀ ਪੜ੍ਹਾਈ
ਅਤੇ ਫਿਰ ਤਿੰਨ ਕੁ ਸਾਲ ਲੰਬੇ
ਐੱਲ. ਐੱਲ.ਬੀ.ਦੇ ਕੋਰਸ ਤੋਂ ਬਾਅਦ ਹੀ
ਨਸੀਬ ਹੁੰਦਾ ਹੈ ਇਹ ਕਾਲਾ ਕੋਟ
ਇਹ ਕਾਲਾ ਕੋਟ ਜਿੱਥੇ ਕਚਹਿਰੀ ਵਿੱਚ ਵਕੀਲ ਹੋਣ ਦੀ
ਪਹਿਚਾਣ ਕਰਵਾਉਂਦਾ ਹੈ
ਉੱਥੇ ਇਹ ਦੂਸਰਿਆਂ ਨਾਲੋਂ
ਸਾਨੂੰ ਅਲੱਗ ਵੀ ਦਰਸਾਉਂਦਾ ਹੈ
ਦਿਲਚਸਪ ਗੱਲ ਇਹ ਵੀ ਕਿ
ਕਾਲੇ ਕੋਟ ਦੀਆਂ ਤਿੰਨ ਚਾਰ ਜੇਬਾਂ ਵਿੱਚ
ਸਾਂਭੇ ਜਾਂਦੇ ਹਨ ਬੜੀਆਂ ਕਿਸਮਾਂ ਦੇ ਕਾਗਜ਼
ਜੋ ਲੋੜ ਪੈਣ ਉੱਤੇ ਉਸੇ ਵੇਲੇ ਕੱਢ ਲਈਦੇ ਹਨ ਜੇਬਾਂ ‘ਚੋਂ
ਕਿੰਨੇ ਮਹੱਤਵਪੂਰਨ ਹੋ ਗਏ ਹਨ ਕਾਗਜ਼ ਸਾਡੀ ਜ਼ਿੰਦਗੀ ਵਿੱਚ !!
ਆਪਣੀ ਸਹੂਲਤ ਲਈ ਕਦੀ ਕਦੀ ਇਹ ਕਾਲਾ ਕੋਟ
ਮੈਨੂੰ ਕਿਸੇ ਦੁਕਾਨਦਾਰ ਦੀ ਤਿਜੋਰੀ ਵਾਂਗ ਲਗਦਾ ਹੈ
ਤੇ ਕਦੇ ਕਿਸੇ ਅਫਸਰ ਦੇ ਟੇਬਲ ਨੂੰ ਲੱਗੇ ਦਰਾਜ਼ ਵਾਂਗ
ਇਹ ਕਾਲਾ ਕੋਟ ਇੱਕ ਦਿਨ ਲਈ ਤਾਂ
ਦਿਨ ਭਰ ਦਾ ਮਿੰਨੀ ਬੈੰਕ ਹੀ ਹੁੰਦਾ ਹੈ
ਇਸ ਵਿਚ ਬਹੁਤ ਕੁਝ ਰੱਖਿਆ ਜਾ ਸਕਦਾ ਹੈ
ਬੈੰਕ ਲੌਕਰ ਵਿਚ ਰੱਖੇ ਸਮਾਨ ਵਾਂਗ
ਇਹ ਵੱਖਰੀ ਗੱਲ ਕਿ ਇਸ ਕੋਟ ਨੂੰ ਤਾਲੇ ਨਹੀਂ ਲੱਗਦੇ
ਸਿਰਫ਼ ਬੱਟਨ ਲੱਗਦੇ ਹਨ
ਰੁਪਏ ਪੈਸੇ ਬਹੁਤੀ ਦੇਰ ਨਹੀ ਟਿਕਦੇ ਕਾਲੇ ਕੋਟ ਵਿੱਚ
ਰੁਪਏ ਪੈਸੇ ਤਾਂ ਮੁਸ਼ਕਪੂਰ ਵਾਂਗ ਕਿਤੇ ਛੇਤੀ ਹੀ ਉੱਡ ਜਾਂਦੇ ਹਨ
ਅੰਤਾਂ ਦੀ ਮਹਿੰਗਾਈ ਵਿੱਚ
ਫਿਰ ਵੀ ਫਾਇਦੇ ਬਹੁਤ ਹਨ ਕਾਲੇ ਕੋਟ ਦੇ
ਤੇ ਨੁਕਸਾਨ ਕੋਈ ਵੀ ਨਹੀ ਹੈ
ਪਰ ਇੱਕ ਜ਼ੁੰਮੇਵਾਰੀ ਹੈ ਸਿਰਫ
ਉਹ ਇਹ ਹੈ ਕਿ
ਇਸ ਕਾਲੇ ਕੋਟ ਨੇ ਸਾਡੀ
ਤੇ ਅਸੀ ਇਸ ਦੀ ਲਾਜ ਰੱਖਣੀ ਹੁੰਦੀ ਹੈ
ਹਾਂ ,ਹਾਂ , ਲਾਜ ਰੱਖਣੀ ਹੁੰਦੀ ਹੈ ….
ਰਘਵੀਰ ਸਿੰਘ ਟੇਰਕਿਆਨਾ
ਚੈੰਬਰ ਨੰਬਰ 32
ਡਿਸਟ੍ਰਿਕਟ ਕੋਰਟਸ ਹੁਸ਼ਿਆਰਪੁਰ
ਫ਼ੋਨ :9814173402