Tuesday, September 16, 2025

Social

ਪੌਦੇ ਸਾਡੀ ਜੀਵਨ ਰੇਖਾ ਹਨ, ਜਿਸ ਤੋਂ ਬਿਨ੍ਹਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ :ਗੁਪਤਾ

July 25, 2024 01:14 PM
SehajTimes
ਫਤਹਿਗੜ੍ਹ ਸਾਹਿਬ : ਦਰਖਤ ਸਾਡੇ ਜੀਵਨ ਦਾ ਅਹਿਮ ਅੰਗ ਹਨ। ਜੋ ਕਿ ਸਾਡੇ ਜਨਮ ਤੋਂ ਲੈ ਕੇ ਮਰਨ ਤੱਕ ਸਾਡਾ ਸਾਥ ਨਿਭਾਉਂਦੇ ਹਨ, ਕਿਉਂਕਿ ਦਰਖਤ ਹੀ ਇੱਕੋ ਇੱਕ ਕੁਦਰਤੀ ਆਕਸੀਜਨ ਦਾ ਸਰੋਤ ਹੈ। ਜਿਸ ਤੋਂ ਬਿਨ੍ਹਾਂ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਰੁਣ ਗੁਪਤਾ ਨੇ ਸਰਹਿੰਦ-ਮੰਡੀ ਗੋਬਿੰਦਗੜ੍ਹ ਰੋਡ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲ੍ਹੋਂ ਜੋਗਿੰਦਰਾ ਕਾਸਟਿੰਗ ਉਦਯੋਗਿਕ ਇਕਾਈ ਅਤੇ ਓਸਿਸ ਗਰੁੱਪ ਦੇ ਸਹਿਯੋਗ ਨਾਲ ਇੱਕ ਪੌਦਾ ਦੇਸ਼ ਦੇ ਨਾਮ ਮੁਹਿੰਮ ਅਧੀਨ 5 ਏਕੜ ਰਕਬੇ ਵਿੱਚ 11000 ਪੌਦੇ ਲਗਾਉਣ ਦੀ ਸ਼ੁਰੂਆਤ ਕਰਨ ਉਪਰੰਤ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੀਤਾ। ਸ਼੍ਰੀ ਗੁਪਤਾ ਨੇ ਕਿਹਾ ਕਿ ਪੌਦੇ ਸਾਨੂੰ ਪੂਰੀ ਜ਼ਿੰਦਗੀ ਆਕਸੀਜਨ ਦੇ ਨਾਲ-ਨਾਲ ਕਈ ਪ੍ਰਕਾਰ ਦੀ ਲੱਕੜ ਪ੍ਰਦਾਨ ਕਰਦੇ ਹਨ ਅਤੇ ਸਾਡੇ ਤੋਂ ਲੈਂਦੇ ਵੀ ਕੁਝ ਵੀ ਨਹੀਂ। ਇਸ ਲਈ ਵਾਤਾਵਰਨ ਦੇ ਸੰਤੁਲਨ ਨੂੰ ਬਣਾਈ ਰੱਖਣ ਵਾਸਤੇ ਪੌਦਿਆਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਵੱਧ ਰਹੇ ਤਾਪਮਾਨ ਨੂੰ ਕੰਟਰੋਲ ਵਿੱਚ ਰੱਖਣ ਲਈ ਪੌਦੇ ਪੂਰੀ ਤਰ੍ਹਾਂ ਸਹਾਈ ਹੁੰਦੇ ਹਨ। 
ਚੇਅਰਮੈਨ ਨੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲ੍ਹੋਂ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਵਰਖਾ ਰੁੱਤ ਵਿੱਚ ਘੱਟੋ-ਘੱਟ ਦੋ- ਦੋ ਰੁੱਖ ਜ਼ਰੂਰ ਲਗਾਉਣ ਅਤੇ ਲਗਾਏ ਗਏ ਰੁੱਖਾਂ ਦੀ ਦੇਖਭਾਲ ਨੂੰ ਵੀ ਘੱਟੋ-ਘੱਟ 6 ਮਹੀਨੇ ਤੱਕ ਜ਼ਰੂਰ ਯਕੀਨੀ ਬਣਾਇਆ ਜਾਵੇ। ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਹਰ ਨਾਗਰਿਕ ਨੂੰ ਆਪਣਾ ਫਰਜ਼ ਨਿਭਾਉਂਦਿਆਂ ਆਲੇ-ਦੁਆਲੇ ਨੂੰ ਹਰਿਆ ਭਰਿਆ ਬਣਾਉਣ ਲਈ ਪੌਦੇ ਲਗਾਉਣ ਦੀ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ।
ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਦੀਪਤੀ ਗੋਇਲ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਆਦੇਸ਼ ਅਨੁਸਾਰ ਪੌਦੇ ਲਗਾਉਣ ਦੀ ਮੁਹਿੰਮ ਜ਼ਿਲ੍ਹੇ ਵਿੱਚ ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਅਤੇ ਸਬ ਡਵੀਜਨ ਪੱਧਰ ਤੇ ਚਲਾਈ ਜਾ ਰਹੀ ਹੈ। ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦਾ ਵੀ ਵੱਡਾ ਯੋਗਦਾਨ ਮਿਲ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਦੀਪ ਸਿੰਘ ਧਾਰਨੀ ਅਤੇ ਸਕੱਤਰ ਸ਼੍ਰੀ ਵਿਵੇਕ ਸ਼ਰਮਾ ਨੇ ਯਕੀਨ ਦਵਾਇਆ ਕਿ ਸਾਰੇ ਬਾਰ ਮੈਂਬਰ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾਉਣਗੇ। ਇਸ ਮੌਕੇ ਜੋਗਿੰਦਰਾ ਕਾਸਟਿੰਗ ਅਤੇ ਓਸਿਸ ਗਰੁੱਪ ਦੇ ਮਾਲਕ ਸ਼੍ਰੀ ਸੰਜੈ ਗੁਪਤਾ ਅਤੇ ਅਸ਼ਵਨੀ ਗੁਪਤਾ ਤੋਂ ਇਲਾਵਾ ਸਵੈਸੇਵੀ ਸੰਸਥਾ ਵੱਲ੍ਹੋਂ ਡਾ. ਮਨਮੋਹਨ ਕੌਸ਼ਲ, ਸ਼੍ਰੀਮਤੀ ਊਸ਼ਾ ਮਹਾਂਵਰ ਅਤੇ ਐਡਵੋਕੇਟ ਸੰਦੀਪ ਕਸ਼ਯਪ ਵੀ ਮੌਜੂਦ ਸਨ। 
 

Have something to say? Post your comment