Monday, December 08, 2025

Malwa

ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ

April 22, 2024 05:33 PM
SehajTimes

ਜ਼ਿਲ੍ਹੇ ਚ 483 ਪੋਲਿੰਗ ਸਥਾਨਾਂ 'ਤੇ ਇੱਕੋ ਸਮੇਂ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ

ਮੋਹਾਲੀ :  ਵਾਤਾਵਰਣ ਦੀ ਸੁਰੱਖਿਆ ਲਈ ਵਚਨਬੱਧਤਾ ਦਾ ਪ੍ਰਗਟਾਵਾ ਕਰਨ ਲਈ ਅੱਜ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਏ ਡੀ ਸੀ (ਜ) ਵਿਰਾਜ ਐਸ ਤਿੜਕੇ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸਏਐਸ ਨਗਰ ਮੁਹਾਲੀ ਵਿਖੇ ਬੂਟੇ ਲਗਾ ਕੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਸਾਡੀ ਧਰਤੀ ਦੀ ਸਿਹਤ ਪ੍ਰਤੀ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਇਸ ਦਿਨ ਕੀਤੀਆਂ ਗਈਆਂ ਗਤੀਵਿਧੀਆਂ ਸਾਡੀ ਵਾਤਾਵਰਣ ਦੀ ਸੁਰੱਖਿਆ ਦੇ ਨਾਲ-ਨਾਲ ਧਰਤੀ ਨੂੰ ਚਿਰ-ਟਿਕਾਊ ਗ੍ਰਹਿ ਬਣਾਉਣ ਦੇ ਅਹਿਦ ਅਤੇ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਦੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪ੍ਰਸ਼ਾਸਨ ਨੇ ਅੱਜ ਜ਼ਿਲ੍ਹੇ ਦੇ ਹਰੇਕ ਪੋਲਿੰਗ ਸਟੇਸ਼ਨ (ਸਥਾਨ) 'ਤੇ ਬੂਟੇ ਲਗਾ ਕੇ ਧਰਤੀ ਮਾਂ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ।

ਉਨ੍ਹਾਂ ਕਿਹਾ ਕਿ ਅੱਜ, ਪੋਲਿੰਗ ਸਟੇਸ਼ਨਾਂ ਵਜੋਂ ਵਰਤੀਆਂ ਜਾਣ ਵਾਲੀਆਂ ਕੁੱਲ 483 ਥਾਵਾਂ 'ਤੇ ਸਾਰਿਆਂ ਲਈ ਟਿਕਾਊ ਅਤੇ ਬਰਾਬਰੀ ਵਾਲਾ ਭਵਿੱਖ ਪ੍ਰਾਪਤ ਕਰਨ ਦੇ ਉਦੇਸ਼ ਨਾਲ ਬੂਟੇ ਲਗਾ ਕੇ ਵਿਸ਼ਵ ਧਰਤੀ ਦਿਵਸ 'ਚ ਯੋਗਦਾਨ ਪਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਦੇ ‘ਵਿਸ਼ਵ ਅਰਥ ਡੇਅ: ਪਲੈਨੇਟ ਬਨਾਮ ਪਲਾਸਟਿਕ’ ਦੇ ਥੀਮ ਅਨੁਸਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਪਲਾਸਟਿਕ ਮੁਕਤ ਭਵਿੱਖ ਬਣਾਉਣ ਦੇ ਅੰਤਮ ਟੀਚੇ ਦੇ ਨਾਲ, ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨ ਲਈ ਇਮਾਨਦਾਰੀ ਨਾਲ ਯਤਨ ਕੀਤੇ ਜਾਣਗੇ।

ਉੱਘੇ ਚਿਤਰਕਾਰ ਗੁਰਪ੍ਰੀਤ ਸਿੰਘ ਨੇ ਏ.ਡੀ.ਸੀ. ਵਿਰਾਜ ਐਸ ਤਿੜਕੇ ਨੂੰ ਧਰਤੀ 'ਤੇ ਵਾਤਾਵਰਨ ਦੀ ਸੁਰੱਖਿਆ ਨੂੰ ਸਮਰਪਿਤ ਪੋਰਟਰੇਟ ਭੇਟ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਪ੍ਰੋ: ਗੁਰਬਖਸੀਸ਼ ਸਿੰਘ ਅੰਟਾਲ, ਤਹਿਸੀਲਦਾਰ ਚੋਣ ਸੰਜੇ ਕੁਮਾਰ ਅਤੇ ਗੁਡ ਗਵਰਨੈਂਸ ਫੈਲੋ ਵਿਜੇ ਲਕਸ਼ਮੀ ਵੀ ਹਾਜ਼ਰ ਸਨ।

Have something to say? Post your comment