ਅੰਮ੍ਰਿਤਸਰ, (ਜਗਤਾਰ ਸਿੰਘ ਮਾਹਲਾ) : ਅੱਜ ਅੰਮ੍ਰਿਤਸਰ ਵਿਖੇ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵਡਾਲਾ, ਕਿਸਾਨ ਆਗੂ ਭਾਈ ਬਲਦੇਵ ਸਿੰਘ ਸਿਰਸਾ ਅਤੇ ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸਾ ਨੇ 328 ਪਾਵਨ ਸਰੂਪਾਂ ਦੇ ਲੰਮੇ ਸਮੇਂ ਤੋਂ ਚੱਲ ਰਹੇ ਮਸਲੇ 'ਤੇ ਗੰਭੀਰ ਖੁਲਾਸੇ ਕੀਤੇ। ਸਿੱਖ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸਿਆਸੀ ਲੀਡਰਾਂ 'ਤੇ ਇਸ ਸੰਵੇਦਨਸ਼ੀਲ ਮਸਲੇ ਨੂੰ ਰਾਜਨੀਤਿਕ ਰੰਗਤ ਦੇਣ ਅਤੇ ਸੱਚਾਈ ਨੂੰ ਦਬਾਉਣ ਦੇ ਦੋਸ਼ ਲਾਏ।
ਕਿਹਾ 328 ਪਾਵਨ ਸਰੂਪਾਂ ਸਬੰਧੀ ਐਸ.ਆਈ.ਟੀ ਦੀ ਜਾਂਚ ਅਤੇ 169 ਪਾਵਨ ਸਰੂਪਾਂ ਸਬੰਧੀ ਬਣੀ ਨਾਜੁਕ ਸਥਿੱਤੀ। ਪਿਛਲੇ ਪੰਜ ਸਾਲਾਂ ਦੇ ਸੰਘਰਸ਼ ਅਤੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬਣੀ ਵਿਸ਼ੇਸ਼ ਜਾਂਚ ਟੀਮ ਐਸ.ਆਈ.ਟੀ ਨੇ ਜਦੋਂ ਜਾਂਚ ਤੇਜ਼ ਕੀਤੀ ਤਾਂ ਬੰਗੇ ਦੇ ਨੇੜੇ 'ਨਾਭ ਕਮਲ ਰਾਜਾ ਸਾਹਿਬ' ਨਾਮਕ ਸਥਾਨ ਤੋਂ 169 ਪਾਵਨ ਸਰੂਪ ਮਿਲੇ। ਉਨ੍ਹਾਂ ਸਵਾਲ ਕੀਤਾ ਕਿ ਇਹ ਸਰੂਪ ਉੱਥੇ ਕਿਸ ਦੇ ਕਹਿਣ 'ਤੇ ਭੇਜੇ ਗਏ ਅਤੇ ਰਿਕਾਰਡ ਵਿੱਚ ਦਰਜ ਕਿਉਂ ਨਹੀਂ ਕੀਤੇ ਗਏ?
ਜੇ ਹੈ ਤਾਂ ਦੱਸਿਆ ਜਾਏ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤਾ ਗਿਆ ਬਿਆਨ ਤੱਥਾਂ 'ਤੇ ਅਧਾਰਿਤ ਹੈ, ਕਿਉਂਕਿ ਉੱਥੋਂ ਦੇ ਪ੍ਰਬੰਧਕਾਂ ਨੇ ਖੁਦ ਮੰਨਿਆ ਹੈ ਕਿ 139 ਪਾਵਨ ਸਰੂਪਾਂ ਦਾ ਉਨ੍ਹਾਂ ਕੋਲ ਕੋਈ ਰਿਕਾਰਡ ਨਹੀਂ ਹੈ। ਸਿੱਖ ਰਹਿਤ ਮਰਿਆਦਾ
ਦੀ ਉਲੰਘਣਾ ਅਤੇ ਅਨਮਤੀ ਸਬੂਤ
ਪ੍ਰੈਸ ਕਾਨਫਰੰਸ ਦੌਰਾਨ ਭਾਈ ਸੁਖਜੀਤ ਸਿੰਘ ਖੋਸਾ ਨੇ ਤਸਵੀਰਾਂ ਅਤੇ ਦਸਤਾਵੇਜ਼ ਦਿਖਾਉਂਦਿਆਂ ਦਾਅਵਾ ਕੀਤਾ ਕਿ ਜਿਸ ਸਥਾਨ ਨੂੰ ਗੁਰਦੁਆਰਾ ਸਾਹਿਬ ਦੱਸ ਕੇ ਰਾਜਨੀਤੀ ਕੀਤੀ ਜਾ ਰਹੀ ਹੈ, ਉੱਥੇ ਸਿੱਖ ਰਹਿਤ ਮਰਿਆਦਾ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਦਿਖਾਇਆ ਕਿ ਨਿਸ਼ਾਨ ਸਾਹਿਬ ਦੇ ਉੱਪਰ ਖੰਡੇ ਦੀ ਜਗ੍ਹਾ ਮੋਰ ਦੇ ਖੰਭ ਲਗਾਏ ਗਏ ਹਨ ਅਤੇ ਗੁੰਬਦਾਂ 'ਤੇ ਗੈਰ-ਸਿੱਖ ਚਿੰਨ੍ਹ ਮੌਜੂਦ ਹਨ। ਉੱਥੇ ਮਜ਼ਾਰਾਂ ਦੀ ਪੂਜਾ ਹੁੰਦੀ ਹੈ ਅਤੇ ਪਾਵਨ ਸਰੂਪਾਂ ਦਾ ਪ੍ਰਕਾਸ਼ ਅਜਿਹੀਆਂ ਥਾਵਾਂ 'ਤੇ ਕੀਤਾ ਗਿਆ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2001 ਅਤੇ 2013 ਦੇ ਹੁਕਮਨਾਮਿਆਂ ਦੀ ਸਿੱਧੀ ਉਲੰਘਣਾ ਹੈ।
ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ 'ਤੇ ਤਿੱਖੇ ਹਮਲੇ
ਭਾਈ ਵਡਾਲਾ ਨੇ ਕਿਹਾ ਕਿ ਜਦੋਂ ਸਿੱਟ ਜਾਂਚ ਕਰ ਰਹੀ ਹੈ, ਤਾਂ ਸੁਖਬੀਰ ਬਾਦਲ ਅਤੇ ਹੋਰ ਲੀਡਰ ਉੱਥੇ ਪਹੁੰਚ ਕੇ 'ਬੇਅਦਬੀ' ਅਤੇ 'ਅਟੈਕ' ਦਾ ਰੌਲਾ ਪਾ ਕੇ ਲੋਕਾਂ ਨੂੰ ਕਿਉਂ ਭੜਕਾ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਬਰਗਾੜੀ ਜਾਂ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀ ਹੋਈ ਸੀ, ਉਦੋਂ ਇਹ ਲੀਡਰ ਕਿਉਂ ਨਹੀਂ ਬੋਲੇ? ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਦਲ ਸਿਰਫ ਆਪਣੇ ਦੋਸ਼ੀ ਅਫਸਰਾਂ ਅਤੇ ਲੀਡਰਾਂ ਨੂੰ ਬਚਾਉਣ ਲਈ ਇਸ ਮਸਲੇ ਨੂੰ ਖੁਰਦ-ਬੁਰਦ ਕਰਨਾ ਚਾਹੁੰਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ
ਸਿੱਖ ਜਥੇਬੰਦੀਆਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਪੱਤਰ ਸੌਂਪਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ:
ਜਥੇਦਾਰ ਸਾਹਿਬ ਤੁਰੰਤ ਇੱਕ ਨਿਰਪੱਖ ਪੜਤਾਲੀਆ ਕਮੇਟੀ ਬਣਾਉਣ ਜੋ ਉਸ ਸਥਾਨ ਦੀ ਮਰਿਆਦਾ ਦੀ ਜਾਂਚ ਕਰੇ।
ਪੰਜਾਬ ਸਰਕਾਰ ਇੱਕ ਸਰਬ-ਪਾਰਟੀ ਮੀਟਿੰਗ ਸੱਦੇ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀ ਪਾਰਟੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੈ ਅਤੇ ਕਿਹੜੀ ਦੋਸ਼ੀਆਂ ਦੇ ਨਾਲ।
ਜਾਂਚ ਵਿੱਚ ਦਖਲ ਦੇਣ ਵਾਲੇ ਸਿਆਸੀ ਲੀਡਰਾਂ ਵਿਰੁੱਧ ਧਾਰਮਿਕ ਕਾਰਵਾਈ ਕੀਤੀ ਜਾਵੇ।
ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ
ਅਖੀਰ ਵਿੱਚ, ਆਗੂਆਂ ਨੇ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲੀਡਰਾਂ ਦੇ ਕੂੜ ਪ੍ਰਚਾਰ ਤੋਂ ਬਚਣ। ਉਨ੍ਹਾਂ ਕਿਹਾ ਕਿ ਮਕਸਦ ਕਿਸੇ ਡੇਰੇ ਜਾਂ ਵਿਅਕਤੀ ਨਾਲ ਦੁਸ਼ਮਣੀ ਕਮਾਉਣਾ ਨਹੀਂ, ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਅਤੇ ਮਰਿਆਦਾ ਨੂੰ ਬਹਾਲ ਰੱਖਣਾ ਹੈ। ਉਨ੍ਹਾਂ ਸਿੱਟ ਐਸ.ਆਈ.ਟੀ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਦਬਾਅ ਦੇ ਆਪਣੀ ਜਾਂਚ ਜਾਰੀ ਰੱਖਣ ਅਤੇ 328 ਸਰੂਪਾਂ ਦਾ ਸੱਚ ਪੰਥ ਦੇ ਸਾਹਮਣੇ ਲਿਆਉਣ ਇਸ ਮੌਕੇ
ਭਾਈ ਗੁਰਮੀਤ ਸਿੰਘ ਥੂਹੀ, ਭਾਈ ਤਰਲੋਚਨ ਸਿੰਘ ਸੋਹਲ, ਭਾਈ ਅਵਤਾਰ ਸਿੰਘ ਖ਼ਾਲਸਾ, ਭਾਈ ਮਨਪ੍ਰੀਤ ਸਿੰਘ, ਭਾਈ ਸੁਖਵੰਤ ਸਿੰਘ ਪੰਨੂ, ਭਾਈ ਅਮਰੀਕ ਸਿੰਘ ਆਦਿ ਹਾਜ਼ਰ ਸਨ