ਕਿਹਾ ਹੱਢ ਚੀਰਵੀਂ ਠੰਢ ਦੀਆਂ ਰਾਤਾਂ ਧਰਨੇ 'ਚ ਗੁਜ਼ਾਰਨ ਰਹੇ ਨੇ ਬਜ਼ੁਰਗ
ਸੁਨਾਮ ਵਿਖੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਅੱਜ ਮਨਾਉਣਗੇ ਜਨਮ ਦਿਹਾੜਾ
ਸੁਨਾਮ : ਮੁਲਕ ਨੂੰ ਆਜ਼ਾਦ ਕਰਵਾਉਣ ਵਾਲੇ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਧਰਨੇ ਦੇਣੇ ਪੈ ਰਹੇ ਹਨ, ਸੁਨਾਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦੇ ਨਜ਼ਦੀਕ ਪਿਛਲੇ ਅੱਠ ਦਿਨਾਂ ਤੋਂ ਧਰਨੇ ਤੇ ਬੈਠੇ ਫਰੀਡਮ ਫਾਇਟਰ, ਉਤਰਾਧਿਕਾਰੀ ਜਥੇਬੰਦੀ ਦੇ ਮੈਂਬਰਾਂ ਦੀ ਸਾਰ ਲੈਣ ਲਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ। ਫਰੀਡਮ ਫਾਈਟਰਾਂ ਉਤਰਾਧਿਕਾਰੀ ਸੰਸਥਾ ਦੇ ਸਰਪ੍ਰਸਤ ਹਰਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਪਹਿਲੀ ਸਰਕਾਰ ਹੈ ਜਿਸ ਦੇ ਰਾਜ ਵਿੱਚ ਹਰ ਵਰਗ ਦੁਖੀ ਹੈ ਦੇਸ਼ ਨੂੰ ਅਜ਼ਾਦ ਕਰਾਉਣ ਵਾਲੇ ਕੁਰਸੀਆਂ ਦੀ ਜਗਾ ਧਰਨੇ ਤੇ ਬੈਠਣ ਲਈ ਮਜਬੂਰ ਹੋਣਾ ਪਿਆ, ਹਾਲਾਤ ਇੱਥੋਂ ਤੱਕ ਬਦਤਰ ਬਣੇ ਹੋਏ ਹਨ ਕਿ ਆਜ਼ਾਦੀ ਘੁਲਾਟੀਆਂ ਦੇ ਵਾਰਸ ਪਿਛਲੇ ਅੱਠ ਦਿਨਾਂ ਤੋਂ ਧਰਨੇ ਤੇ ਬੈਠੇ ਹੋਏ ਹਨ,ਸਰਕਾਰ ਅਤੇ ਪ੍ਰਸ਼ਾਸਨ ਦੇ ਕੰਨ ਤੇ ਜੂੰ ਨਹੀਂ ਸਰਕੀ। ਉਨ੍ਹਾਂ ਆਖਿਆ ਕਿ ਅੱਠ ਦਿਨਾਂ ਤੋਂ ਸੁਨਾਮ ਵਿਖੇ ਆਮ ਪਾਰਟੀ ਦੇ ਸੁਬਾ ਪ੍ਰਧਾਨ ਅਮਨ ਅਰੋੜਾ ਦੀ ਰਿਹਾਇਸ਼ ਦੇ ਨਜ਼ਦੀਕ ਹੱਡ ਚੀਰਵੀਂ ਠੰਢ ਦੀਆਂ ਰਾਤਾਂ ਖੁੱਲ੍ਹੇ ਅਸਮਾਨ ਵਿੱਚ ਗੁਜਾਰਨੀਆਂ ਪੈ ਰਹੀਆਂ ਹਨ। ਸੂਬਾ ਪ੍ਰਧਾਨ ਚਤਿੰਨ ਸਿੰਘ ਮਾਨਸਾ ਨੇ ਦੱਸਿਆ ਕਿ 23 ਤਾਰੀਖ ਨੂੰ ਪੁਰੇ ਪੰਜਾਬ ਵਿੱਚੋਂ ਫਰੀਡਮ ਫਾਇਟਰ ਪਰਿਵਾਰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮਨਾਉਣ ਲਈ ਧਰਨੇ ਸ਼ਮੁਲੀਅਤ ਕਰਨਗੇ ਅਤੇ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਸ਼ਹਿਰ ਸੁਨਾਮ ਵਿਚ ਮਾਰਚ ਕੀਤਾ ਜਾਵੇਗਾ। ਇਸ ਮੌਕੇ ਭਰਪੂਰ ਸਿੰਘ ਰੰਘੜਿਆਲ ,ਗੁਰਪ੍ਰੀਤ ਸਿੰਘ, ਹਰੀ ਸਿੰਘ ਅੱਕਾਂਵਾਲੀ, ਤੇਜਿੰਦਰ ਸਿੰਘ ਸਮਾਣਾ, ਲਾਲ ਸਿੰਘ ਮਾਨਸਾ ,ਗੁਰਇੰਦਰ ਪਾਲ ਸਿੰਘ ਸੰਗਰੂਰ , ਸਵਰਨਜੀਤ ਸਿੰਘ ਸੁਨਾਮ, ਭੁਪਿੰਦਰ ਸਿੰਘ ਪਟਿਆਲਾ, ਸੁਖਵਿੰਦਰ ਸਿੰਘ ਫਲੇੜਾ ਆਦਿ ਆਗੂ ਹਾਜਰ ਸਨ।