Sunday, January 18, 2026
BREAKING NEWS
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਹੁੰਦੇ ਤਾਂ ਮੈਨੂੰ ਬੇਹੱਦ ਖੁਸ਼ੀ ਹੁੰਦੀ : ਮੁੱਖ ਮੰਤਰੀ ਮਾਨਬੰਗੇ ਨੇੜਲੇ ਮਜਾਰਾ ਰਾਜਾ ਸਾਹਿਬ ਤੋਂ ਮਿਲੇ 169 ਪਾਵਨ ਸਰੂਪ ਸਬੰਧੀ ਸ੍ਰੋਮਣੀ ਕਮੇਟੀ ਕਰੇ ਦਰੁਸਤੀ: ਵਡਾਲਾਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਏ ਮੁੱਖ ਮੰਤਰੀ ਭਗਵੰਤ ਸਿੰਘਭਾਰਤ ਵਿੱਚ ਸਕੋਡਾ ਆਟੋ ਦਾ 25ਵਾਂ ਸਾਲ ਬਣਿਆ ਸਭ ਤੋਂ ਸਫਲ ਸਾਲ30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰਮਾਮਲਾ ਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀ ਮੌਤ ਦਾਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀਆਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਲੋਕਾਂ ਨੇ ਸੰਦੌੜ ਅੱਗੇ ਲਗਾਇਆ ਧਰਨਾਮੋਹਾਲੀ ਦੇ ਸੋਹਾਣਾ ‘ਚ ਕਬੱਡੀ ਕੱਪ ਦੌਰਾਨ ਚੱਲੀਆਂ ਗੋਲੀਆਂਪੰਜਾਬ ਦੇ ਸਾਰੇ ਵਿਦਿਅਕ ਅਦਾਰੇ 7 ਸਤੰਬਰ ਤੱਕ ਬੰਦ ਰਹਿਣਗੇ: ਹਰਜੋਤ ਬੈਂਸਪੰਜਾਬ ਦੇ ਸਕੂਲ 3 ਸਤੰਬਰ ਤੱਕ ਰਹਿਣਗੇ ਬੰਦ: ਹਰਜੋਤ ਸਿੰਘ ਬੈਂਸ

Majha

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਿਪਾਹੀ ਹੁੰਦੇ ਤਾਂ ਮੈਨੂੰ ਬੇਹੱਦ ਖੁਸ਼ੀ ਹੁੰਦੀ : ਮੁੱਖ ਮੰਤਰੀ ਮਾਨ

January 18, 2026 06:46 PM
SehajTimes

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਦੇ ਸੂਬੇ ਨੂੰ ਮੁੜ ਬੇਅਦਬੀ ਅਤੇ ਗੁੰਡਾਗਰਦੀ ਦੇ ਕਾਲੇ ਦੌਰ ਵਿੱਚ ਧੱਕਣ ਦੇ ਮਨਸੂਬਿਆਂ ਨੂੰ ਲੋਕ ਸਫਲ ਨਹੀਂ ਹੋਣ ਦੇਣਗੇ  : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਰਾਸ਼ਟਰਪਤੀ ਨਾਲੋਂ ਉੱਪਰ ਰੱਖਿਆ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਿਛਲੀਆਂ ਸਰਕਾਰਾਂ ਦੌਰਾਨ ਜਨਤਾ ਦਾ ਪੈਸਾ ਸਿਆਸਤਦਾਨਾਂ ਵੱਲੋਂ ਲੁੱਟਿਆ ਜਾਂਦਾ ਸੀ, ਪਰ ਹੁਣ ਸ਼ਾਨਦਾਰ ਸੜਕਾਂ ਬਣ ਰਹੀਆਂ ਹਨ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਜੀਠਾ ਵਿੱਚ 20 ਸਾਲਾਂ ਬਾਅਦ 11.32 ਕਰੋੜ ਦੀ ਲਾਗਤ ਨਾਲ ਬਣ ਰਹੀਆਂ 23 ਪੇਂਡੂ ਸੜਕਾਂ ਦਾ ਨੀਂਹ ਪੱਥਰ ਰੱਖਿਆ

ਮਜੀਠਾ (ਅੰਮ੍ਰਿਤਸਰ), 18 ਜਨਵਰੀ ( ਜਗਤਾਰ ਸਿੰਘ ਮਾਹਲਾ ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਮਜੀਠਾ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ 23 ਪੇਂਡੂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਦਿਆਂ ਐਲਾਨ ਕੀਤਾ ਕਿ ਪੰਜਾਬ ਵਿੱਚ ਖੌਫ਼ ਦਾ ਦੌਰ, "ਪਰਚੀ ਦਾ ਦੌਰ" (ਜਬਰੀ ਵਸੂਲੀ) ਅਤੇ ਅਕਾਲੀਆਂ ਦੀ ਧੱਕੇਸ਼ਾਹੀ ਦਾ ਦੌਰ ਖਤਮ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਡਰਾਉਣ-ਧਮਕਾਉਣ ਵਾਲੀ ਸਿਆਸਤ ਨੂੰ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੈ ਅਤੇ ਵਿਕਾਸ, ਜਵਾਬਦੇਹੀ ਤੇ ਲੋਕ ਭਲਾਈ 'ਤੇ ਕੇਂਦਰਿਤ ਮਾਡਲ ਨੂੰ ਅਪਣਾਇਆ ਹੈ। ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਅਕਾਲੀਆਂ ਦੀ ਸੱਤਾ ਵਿੱਚ ਵਾਪਸੀ ਦਾ ਭਾਵ ਬੇਅਦਬੀਆਂ ਅਤੇ ਨਿਰਦੋਸ਼ ਲੋਕਾਂ 'ਤੇ ਗੋਲੀਬਾਰੀ ਵੱਲ ਵਾਪਸੀ ਹੋਵੇਗਾ। ਉਨ੍ਹਾਂ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਾਅਦ ਜਨਰਲ ਡਾਇਰ ਨੂੰ ਰਾਤ ਦੇ ਖਾਣੇ ਦੀ ਮੇਜ਼ਬਾਨੀ ਨੂੰ ਸੂਬੇ ਪ੍ਰਤੀ ਵਿਸ਼ਵਾਸਘਾਤ ਦੱਸਿਆ ਜੋ ਪੰਜਾਬ ਦੇ ਲੋਕ ਕਦੇ ਨਹੀਂ ਭੁੱਲਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਧਾਰਮਿਕ ਸੰਸਥਾਵਾਂ ਨੂੰ ਗੁਰੂ ਸਾਹਿਬ ਦੀ ਸੇਵਾ ਕਰਨੀ ਚਾਹੀਦੀ ਹੈ, ਨਾ ਕਿ ਕਿਸੇ ਸਿਆਸੀ ਪਰਿਵਾਰਾਂ ਦਾ ਪੱਖ ਪੂਰਨਾ ਚਾਹੀਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੁਫ਼ਤ ਬਿਜਲੀ, ਸੜਕਾਂ ਦਾ ਨਵੀਨੀਕਰਨ ਅਤੇ ਲੋਕ ਪੱਖੀ ਪ੍ਰਸ਼ਾਸਨ ਨੇ ਸੌੜੀ ਰਾਜਨੀਤੀ ਦੀ ਥਾਂ ਲੈ ਲਈ ਹੈ, ਜਿਸ ਨਾਲ ਮਜੀਠੀਆ ਵਿੱਚ 11.32 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਨਾਲ ਵਿਕਾਸ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਈ ਹੈ।
ਮਜੀਠਾ ਵਿੱਚ 23 ਨਵੀਆਂ ਪੇਂਡੂ ਲਿੰਕ ਸੜਕਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਹਿਲਾਂ, ਇਹ ਇਲਾਕਾ ਲਗਾਤਾਰ ਡਰ ਹੇਠ ਰਹਿੰਦਾ ਸੀ। ਇਸ ਖੇਤਰ ਦੇ ਖੁਦ ਨੂੰ 'ਜਰਨੈਲ' ਦੱਸਣ ਵਾਲੇ ਵਿਅਕਤੀ ਨੇ ਆਮ ਲੋਕਾਂ ਵਿਰੁੱਧ ਝੂਠੇ ਕੇਸਾਂ ਨੂੰ ਹਥਿਆਰ ਵਜੋਂ ਵਰਤਿਆ। ਕਾਂਗਰਸ ਅਤੇ ਅਕਾਲੀ, ਦੋਵਾਂ ਸਰਕਾਰਾਂ ਦੀ ਆਪਸੀ ਮਿਲੀਭੁਗਤ ਨਾਲ ਦਹਿਸ਼ਤ ਭਰੇ ਰਾਜ ਦੀ ਸ਼ੁਰੂਆਤ ਹੋਈ ਅਤੇ ਲੋਕ ਸਰਕਾਰ ਖਿਲਾਫ ਬੋਲਣ ਤੋਂ ਡਰਦੇ ਸਨ।” ਉਨ੍ਹਾਂ ਕਿਹਾ ਕਿ ਇਹ ਡਰ ਹੁਣ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਕਿਉਂਕਿ ਹੁਣ ਲੋਕਾਂ ਦਾ ਰਾਜ ਹੈ ਅਤੇ ਉਨ੍ਹਾਂ ਨੇ ਅਜਿਹੀ ਸੌੜੀ ਰਾਜਨੀਤੀ ਨੂੰ ਨਿਰਣਾਇਕ ਤੌਰ 'ਤੇ ਸੂਬੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਮਜੀਠੀਆ ਅਤੇ ਬਾਦਲ ਪਰਿਵਾਰਾਂ ਵੱਲੋਂ ਚਲਾਈ ਜਾ ਰਹੀ ਡਰਾਉਣ-ਧਮਕਾਉਣ ਵਾਲੀ ਰਾਜਨੀਤੀ ਨੂੰ ਦਰਕਿਨਾਰ ਕਰਕੇ ਇਕ ਨਵਾਂ ਰਾਹ ਚੁਣਿਆ ਹੈ। ਉਨ੍ਹਾਂ ਕਿਹਾ, “ਇਹੀ ਮਜੀਠਾ ਇਲਾਕਾ ਕਦੇ ਉਨ੍ਹਾਂ ਲੋਕਾਂ ਦੇ ਕਬਜ਼ੇ ਵਿੱਚ ਸੀ ਜਿਨ੍ਹਾਂ ਨੇ 1919 ਵਿੱਚ ਜਲ੍ਹਿਆਂਵਾਲਾ ਬਾਗ ਕਤਲੇਆਮ ਵਾਲੇ ਦਿਨ ਜਨਰਲ ਡਾਇਰ ਨੂੰ ਰਾਤ ਦੇ ਖਾਣੇ 'ਤੇ ਬੁਲਾਇਆ ਸੀ। ਅਜਿਹੇ ਵਿਸ਼ਵਾਸਘਾਤ ਭਰੇ ਗੁਨਾਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪੰਜਾਬ ਦੇ ਲੋਕ ਉਨ੍ਹਾਂ ਲੋਕਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ ਜਿਨ੍ਹਾਂ ਦੇ ਹੱਥ ਮਾਸੂਮ ਲੋਕਾਂ ਦੇ ਖੂਨ ਨਾਲ ਰੰਗੇ ਹੋਏ ਸਨ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੇਤਾਵਨੀ ਦਿੱਤੀ ਕਿ ਅਕਾਲੀ ਦਲ ਨੂੰ ਸੱਤਾ ਵਿੱਚ ਵਾਪਸ ਲਿਆਉਣ ਦਾ ਭਾਵ ਪੰਜਾਬ ਨੂੰ ਹਨੇਰ ਯੁੱਗ ਵਿੱਚ ਵਾਪਸ ਧੱਕਣਾ ਹੋਵੇਗਾ। ਉਨ੍ਹਾਂ ਕਿਹਾ, "ਇਸ ਦਾ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਬਾਰਾ 'ਬੇਅਦਬੀ', ਨਿਰਦੋਸ਼ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਅਤੇ ਆਮ ਲੋਕਾਂ ਵਿਰੁੱਧ ਅੱਤਿਆਚਾਰ ਵੱਲ ਵਧਣ ਦੇ ਬਰਾਬਰ ਹੋਵੇਗਾ।"


ਉਨ੍ਹਾਂ ਅੱਗੇ ਕਿਹਾ ਕਿ ਅਕਾਲੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਮਾੜੇ ਕੰਮਾਂ ਕਾਰਨ ਹੀ ਸੂਬਾ ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ 328 ਸਰੂਪਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ, “ਸਾਡਾ ਇੱਕੋ ਇੱਕ ਉਦੇਸ਼ ਗੁੰਮ ਹੋਏ ਸਰੂਪਾਂ ਦਾ ਪਤਾ ਲਾਉਣਾ ਹੈ। ਸਾਡਾ ਧਾਰਮਿਕ ਸੰਸਥਾਵਾਂ ਵਿੱਚ ਦਖਲ ਦੇਣ ਦਾ ਕੋਈ ਇਰਾਦਾ ਨਹੀਂ ਹੈ।” ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਆਪਣੀਆਂ ਮੁੱਢਲੀਆਂ ਜ਼ਿੰਮੇਵਾਰੀਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਐਸ.ਜੀ.ਪੀ.ਸੀ. ਮੁਖੀ ਸਿਆਸੀ ਰੈਲੀਆਂ ਦੇ ਪ੍ਰਬੰਧ ਕਰਨ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਕਿਹਾ, "ਆਪਣੇ ਆਪ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿਪਾਹੀ ਕਹਿਣ ਦੀ ਬਜਾਏ, ਉਹ ਮਾਣ ਨਾਲ ਆਪਣੇ ਆਪ ਨੂੰ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਕਹਿੰਦੇ ਹਨ। ਅਜਿਹੇ ਵਿਅਕਤੀ ਤੋਂ ਭਲੇ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ, ਜੋ ਕਿਸੇ ਅਜਿਹੇ ਵਿਅਕਤੀ ਦੀ ਸੇਵਾ ਕਰਨ 'ਤੇ ਮਾਣ ਕਰਦਾ ਹੈ ਜਿਸ ਨੇ ਆਪਣੀਆਂ ਹਰਕਤਾਂ ਨਾਲ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੋਵੇ।"


ਮੁੱਖ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਜ਼ਿਕਰ ਕਰਦਿਆਂ ਕਿਹਾ, “ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਸਾਰਿਆਂ ਤੋਂ ਉੱਪਰ ਹਨ। ਇਸੇ ਲਈ ਮੈਂ ਭਾਰਤ ਦੇ ਰਾਸ਼ਟਰਪਤੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਬਜਾਏ ਤਖ਼ਤ ਸਾਹਿਬ ਅੱਗੇ ਪੇਸ਼ ਹੋਇਆ।” ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਉਲਟ, ਅਕਾਲੀਆਂ ਨੇ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਾਈ। ਉਨ੍ਹਾਂ ਕਿਹਾ, “ਜਥੇਦਾਰਾਂ ਨੂੰ ਆਪਣੀ ਮਰਜ਼ੀ ਨਾਲ ਨਿਯੁਕਤ ਕੀਤਾ ਅਤੇ ਅਹੁਦੇ ਤੋਂ ਹਟਾਇਆ ਗਿਆ, ਜਿਸ ਨਾਲ ਇਨ੍ਹਾਂ ਸੰਸਥਾਵਾਂ ਦੀ ਪਵਿੱਤਰਤਾ ਨੂੰ ਭਾਰੀ ਸੱਟ ਵੱਜੀ ਹੈ।” ਉਨ੍ਹਾਂ ਨੇ ਇਹ ਵੀ ਟਿੱਪਣੀ ਕੀਤੀ ਕਿ ਕਾਂਗਰਸੀ ਆਗੂ ਲਗਾਤਾਰ ਹਾਰਾਂ ਦਾ ਸਾਹਮਣਾ ਕਰਨ ਤੋਂ ਬਾਅਦ ਆਪਣਾ ਸਿਆਸੀ ਸੰਤੁਲਨ ਗੁਆ ਚੁੱਕੇ ਹਨ। ਮਜੀਠਾ ਤੋਂ ਇੱਕ ਵੱਡਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਜੀਠਾ ਤੋਂ ਆਪ ਆਗੂ ਤਲਬੀਰ ਸਿੰਘ ਗਿੱਲ ਆਪ ਦੇ ਉਮੀਦਵਾਰ ਹੋਣਗੇ। ਉਨ੍ਹਾਂ ਕਿਹਾ, "ਸਮਾਂ ਆ ਗਿਆ ਹੈ ਕਿ ਮਜੀਠਾ ਦੇ ਲੋਕ ਮੰਗ ਪੱਤਰ ਸੌਂਪਣ ਤੋਂ ਅੱਗੇ ਵਧ ਕੇ ਖੁਦ ਫੈਸਲੇ ਲੈਣੇ ਸ਼ੁਰੂ ਕਰ ਦੇਣ।" ਭਗਵੰਤ ਸਿੰਘ ਮਾਨ ਨੇ ਕਿਹਾ, "ਆਪ ਇੱਕ ਨਵੀਂ ਸਿਆਸਤ ਦੀ ਨੁਮਾਇੰਦਗੀ ਕਰਦੀ ਹੈ ਜਿੱਥੇ ਲੋਕ ਸੱਤਾ ਅੱਗੇ ਪਟੀਸ਼ਨਰ ਨਹੀਂ ਹੁੰਦੇ ਸਗੋਂ ਪ੍ਰਸ਼ਾਸਨ ਵਿੱਚ ਭਾਈਵਾਲ ਬਣਦੇ ਹਨ।" ਉਨ੍ਹਾਂ ਕਿਹਾ ਕਿ ਉਹ ਮਜੀਠਾ ਵਿੱਚ ਇੱਕ ਅਜਿਹਾ ਪ੍ਰਤੀਨਿਧੀ ਭੇਜਣਗੇ ਜੋ ਫੈਸਲਾ ਲੈਣ, ਵਿਕਾਸ ਅਤੇ ਜਵਾਬਦੇਹੀ ਵਿੱਚ ਵਿਸ਼ਵਾਸ ਰੱਖਦਾ ਹੈ, ਡਰਾਉਣ-ਧਮਕਾਉਣ ਅਤੇ ਲੋਕਾਂ ਦੇ ਹੱਕਾਂ 'ਤੇ ਡਾਕਾ ਮਾਰਨ ਵਿੱਚ ਨਹੀਂ।


ਆਪਣੀ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ਨੂੰ ਉਜਾਗਰ ਕਰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਮਾਰਚ 2022 ਵਿੱਚ ਸੱਤਾ ਸੰਭਾਲਣ ਤੋਂ ਬਾਅਦ, ਸਾਡਾ ਪਹਿਲਾ ਫੈਸਲਾ 90 ਫ਼ੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਪ੍ਰਦਾਨ ਕਰਨਾ ਸੀ।” ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਨਿਰਵਿਘਨ ਬਿਜਲੀ ਸਪਲਾਈ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਠੰਢੀਆਂ ਰਾਤਾਂ ਵਿੱਚ ਆਪਣੇ ਖੇਤਾਂ ਦੀ ਸਿੰਚਾਈ ਲਈ ਬਾਹਰ ਨਹੀਂ ਜਾਣਾ ਪੈਂਦਾ। ਉਨ੍ਹਾਂ ਕਿਹਾ, “ਪੰਜਾਬ ਅੱਜ ਬਿਜਲੀ ਦੀ ਬਹੁਤਾਤ ਵਾਲਾ ਸੂਬਾ ਹੈ। ਲੋੜੀਂਦੀ ਕੋਲੇ ਦੀ ਸਪਲਾਈ ਅਤੇ ਪੂਰੀ ਤਰ੍ਹਾਂ ਕਾਰਜਸ਼ੀਲ ਥਰਮਲ ਪਲਾਂਟਾਂ ਦੇ ਨਾਲ, ਪੰਜਾਬ ਦੇਸ਼ ਵਿੱਚ ਮੋਹਰੀ ਸੂਬਾ ਬਣ ਕੇ ਉੱਭਰ ਰਿਹਾ ਹੈ।” ਕਾਂਗਰਸ ਆਗੂ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਕਿਹਾ, "ਕੁਝ ਆਗੂ ਗਰੀਬ ਵਿਅਕਤੀ ਦੇ ਘਰ ਇੱਕ ਰਾਤ ਰਹਿਣਾ ਇੱਕ ਨਵੀਂ ਗੱਲ ਸਮਝਦੇ ਹਨ। ਮੈਂ ਖੁਦ ਇੱਕ ਆਮ ਆਦਮੀ ਹਾਂ ਅਤੇ ਮੈਂ ਆਮ ਲੋਕਾਂ ਦੇ ਰੋਜ਼ਾਨਾ ਦੇ ਸੰਘਰਸ਼ਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ।" ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹਾਲ ਹੀ ਵਿੱਚ ਹੋਏ ਸਮਾਗਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਮਹਾਨ ਵਿਰਾਸਤ ਨੂੰ ਸੰਭਾਲਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਅਮੀਰ ਵਿਰਸੇ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਣ ਲਈ ਅਜਿਹੀਆਂ ਹੋਰ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਸਰਹੱਦੀ ਵਸਨੀਕਾਂ ਨੂੰ ਸੱਚੇ ਦੇਸ਼ ਭਗਤ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਭਲਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, "ਸਰਹੱਦੀ ਪੱਟੀ ਦੇ ਕਿਸਾਨਾਂ ਲਈ ਇੱਕ ਵੱਡੀ ਰਾਹਤ ਵਜੋਂ, ਕੇਂਦਰ ਸਰਕਾਰ ਨੇ ਸਰਹੱਦੀ ਵਾੜ ਨੂੰ ਕੌਮਾਂਤਰੀ ਸਰਹੱਦ ਦੇ ਨੇੜੇ ਤਬਦੀਲ ਕਰਨ ਲਈ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ।" ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨ ਵਾੜ ਤੋਂ ਪਰੇ ਹਜ਼ਾਰਾਂ ਏਕੜ ਜ਼ਮੀਨ 'ਤੇ ਬੇਰੋਕ ਖੇਤੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਕੇਂਦਰੀ ਗ੍ਰਹਿ ਮੰਤਰੀ ਕੋਲ ਉਠਾਉਂਦਿਆਂ ਕਿਸਾਨਾਂ ਨੂੰ ਦਰਪੇਸ਼ ਰੋਜ਼ਾਨਾ ਮੁਸ਼ਕਲਾਂ ਵੱਲ ਧਿਆਨ ਦਵਾਇਆ ਜਿਨ੍ਹਾਂ ਨੂੰ 532 ਕਿਲੋਮੀਟਰ ਲੰਬੀ ਭਾਰਤ-ਪਾਕਿਸਤਾਨ ਸਰਹੱਦ 'ਤੇ ਆਪਣੇ ਖੇਤਾਂ ਤੱਕ ਜਾਣ ਲਈ ਬੀ.ਐਸ.ਐਫ. ਦੀ ਸੁਰੱਖਿਆ ਹੇਠ ਵਾੜ ਪਾਰ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਮਜੀਠਾ ਹਲਕੇ ਵਿੱਚ 11.32 ਕਰੋੜ ਰੁਪਏ ਦੀ ਲਾਗਤ ਨਾਲ 23 ਪੇਂਡੂ ਲਿੰਕ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ “ਮਜੀਠਾ ਹਲਕੇ ਦੇ ਕਈ ਪਿੰਡਾਂ ਵਿੱਚ ਲਿੰਕ ਸੜਕਾਂ ਦੇ ਨਵੀਨੀਕਰਨ ਲਈ 11.32 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਇਸ ਵਿੱਚੋਂ ਅਗਲੇ ਪੰਜ ਸਾਲਾਂ ਦੌਰਾਨ 9.94 ਕਰੋੜ ਰੁਪਏ ਸੜਕਾਂ ਦੇ ਨਵੀਨੀਕਰਨ 'ਤੇ ਅਤੇ 1.38 ਕਰੋੜ ਰੁਪਏ ਉਨ੍ਹਾਂ ਦੀ ਸਾਂਭ-ਸੰਭਾਲ 'ਤੇ ਖਰਚ ਕੀਤੇ ਜਾਣਗੇ। ਇਹਨਾਂ ਸੜਕਾਂ ਦੀ ਹਾਲਤ ਬਹੁਤ ਖਸਤਾ ਸੀ, ਜਿਸ ਕਾਰਨ ਆਉਣ-ਜਾਣ ਵਾਲਿਆਂ ਅਤੇ ਕਿਸਾਨਾਂ ਨੂੰ ਆਪਣੀ ਉਪਜ ਮੰਡੀਆਂ ਵਿੱਚ ਲਿਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।” ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਸੜਕਾਂ ਦੇ ਨਵੀਨੀਕਰਨ ਨਾਲ ਮਜੀਠਾ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਕਾਫ਼ੀ ਲਾਭ ਹੋਵੇਗਾ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡ ਕਰਨ ਸਬੰਧੀ ਇੱਕ ਵਿਆਪਕ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ, “ਪੰਜਾਬ ਵਿੱਚ ਲਗਭਗ 43,000 ਕਿਲੋਮੀਟਰ ਲਿੰਕ ਸੜਕਾਂ ਹਨ। ਇਨ੍ਹਾਂ ਦੀ ਮੁਰੰਮਤ ਦੇ ਨਾਲ-ਨਾਲ, ਅਸੀਂ ਅਗਲੇ ਪੰਜ ਸਾਲਾਂ ਲਈ ਉਨ੍ਹਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ।” ਉਨ੍ਹਾਂ ਕਿਹਾ ਕਿ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ, ਇੱਕ ਮੁੱਖ ਮੰਤਰੀ ਫਲਾਇੰਗ ਸਕੁਐਡ ਦਾ ਗਠਨ ਕੀਤਾ ਗਿਆ ਹੈ ਅਤੇ ਪ੍ਰਵਾਨਗੀਆਂ ਦੇਣ ਤੋਂ ਪਹਿਲਾਂ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ-ਅਧਾਰਤ ਸਰਵੇਖਣ ਕੀਤਾ ਗਿਆ ਸੀ ਜਿਸ ਨਾਲ 226.89 ਕਰੋੜ ਰੁਪਏ ਦੀ ਬੱਚਤ ਹੋਈ। ਮੁੱਖ ਮੰਤਰੀ ਨੇ ਕਿਹਾ, “ਇਹ ਪੈਸਾ ਪਹਿਲਾਂ ਪਿਛਲੀਆਂ ਸਰਕਾਰਾਂ ਦੇ ਆਗੂਆਂ ਵੱਲੋਂ ਲੁੱਟਿਆ ਗਿਆ ਸੀ।” ਉਨ੍ਹਾਂ ਕਿਹਾ, “ਇਸ 'ਤੇ ਰੋਕ ਲਗਾ ਕੇ ਅਸੀਂ ਹੁਣ ਇਨ੍ਹਾਂ ਫੰਡਾਂ ਦੀ ਵਰਤੋਂ ਪੰਜਾਬ ਦੇ ਵਿਕਾਸ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਲਈ ਕਰ ਰਹੇ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਕਲੀਨਿਕ, ਸਕੂਲ ਆਫ਼ ਐਮੀਨੈਂਸ ਅਤੇ ਮੁਫ਼ਤ ਬਿਜਲੀ ਵਰਗੀਆਂ ਪਹਿਲਕਦਮੀਆਂ ਸਦਕਾ ਪੰਜਾਬ ਵਿੱਚ ਪ੍ਰਸ਼ਾਸਨ ਹੁਣ ਪੂਰੀ ਤਰ੍ਹਾਂ ਜਨਤਕ ਭਲਾਈ 'ਤੇ ਕੇਂਦ੍ਰਿਤ ਹੈ।
ਇਸ ਤੋਂ ਪਹਿਲਾਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਵਿਧਾਇਕ ਸਰਵਣ ਸਿੰਘ ਧੁੰਨ, ਸੀਨੀਅਰ ਆਪ ਆਗੂ ਤਲਬੀਰ ਸਿੰਘ ਗਿੱਲ ਅਤੇ ਹੋਰ ਆਗੂ ਮੌਜੂਦ ਸਨ।

Have something to say? Post your comment

 

More in Majha

ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਮਰਹੂਮ ਪੱਤਰਕਾਰ ਹਰਜੀਤ ਗਰੇਵਾਲ ਦੇ ਪਰਿਵਾਰ ਨੂੰ 21 ਹਜਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ

ਬੰਗੇ ਨੇੜਲੇ ਮਜਾਰਾ ਰਾਜਾ ਸਾਹਿਬ ਤੋਂ ਮਿਲੇ 169 ਪਾਵਨ ਸਰੂਪ ਸਬੰਧੀ ਸ੍ਰੋਮਣੀ ਕਮੇਟੀ ਕਰੇ ਦਰੁਸਤੀ: ਵਡਾਲਾ

ਅੰਮ੍ਰਿਤਸਰ ਤੋਂ 40 ਕਿਲੋ ਹੈਰੋਇਨ ਦੀ ਖੇਪ ਬਰਾਮਦ, ਚਾਰ ਸੰਚਾਲਕ ਕਾਬੂ

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਏ ਮੁੱਖ ਮੰਤਰੀ ਭਗਵੰਤ ਸਿੰਘ

ਸ੍ਰੀ ਅਕਾਲ ਤਖ਼ਤ ’ਤੇ ਪੇਸ਼ੀ ਵੀ ਸਿੱਖ ਲਈ ਇਕ ਤਰਾਂ ਦਾ ਵਰਦਾਨ ਹੈ : ਪ੍ਰੋ. ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ ਵਿੱਚ 20 ਕਿਲੋਗ੍ਰਾਮ ਹੈਰੋਇਨ ਬਰਾਮਦ, ਮੁੱਖ ਸੰਚਾਲਕ ਸਮੇਤ ਚਾਰ ਮੁਲਜ਼ਮ ਗ੍ਰਿਫਤਾਰ

ਅਮਨ ਅਰੋੜਾ ਵੱਲੋਂ ਗੈਂਗਸਟਰਵਾਦ ਨੂੰ ਜੜ੍ਹੋਂ ਖ਼ਤਮ ਦਾ ਅਹਿਦ; ਤਰਨ ਤਾਰਨ ਵਿੱਚ ਸਰਪੰਚ ਦੇ ਕਾਇਰਾਨਾ ਕਤਲ ਦੀ ਸਖ਼ਤ ਨਿੰਦਾ

ਗੁੰਮ ਹੋਏ 328 ਪਾਵਨ ਸਰੂਪਾਂ ਦਾ ਮਾਮਲਾ: ਵਿਸ਼ੇਸ਼ ਜਾਂਚ ਟੀਮ ਵੱਲੋਂ ਛਾਪੇਮਾਰੀ, 2 ਵਿਅਕਤੀ ਗ੍ਰਿਫ਼ਤਾਰ

ਮੁੱਖ ਮੰਤਰੀ ਮਾਨ ਨੂੰ ਤਲਬ ਕਰਨ ਦੀ ਕਵਾਇਦ 328 ਪਾਵਨ ਸਰੂਪ ਮਾਮਲੇ ’ਚ ਐਸ.ਐਸ. ਕੋਹਲੀ ਨੂੰ ਬਚਾਉਣ ਦੀ ਕਵਾਇਦ : ਪ੍ਰੋ. ਸਰਚਾਂਦ ਸਿੰਘ ਖਿਆਲਾ”

ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਚੁਣੌਤੀ ਬਰਦਾਸ਼ਤ ਨਹੀਂ : ਜਥੇਦਾਰ ਕੁਲਦੀਪ ਸਿੰਘ ਗੜਗੱਜ