ਅੰਮ੍ਰਿਤਸਰ : ਮਾਨਸਾ ਵਿੱਚ ਨੌਜਵਾਨ ਪਰਮਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਵਿੱਚ ਬੰਦ ਰਿਹਾ। ਕਤਲ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸੰਗਠਨਾਂ ਨੇ ਰਾਜ ਭਰ ਵਿੱਚ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਕੀਤੇ ਅਤੇ ਬੰਦ ਕਰਵਾਏ। ਅੰਮ੍ਰਿਤਸਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ ’ਤੇ ਸੜਕਾਂ ਨੂੰ ਜਾਮ ਕਰ ਦਿੱਤਾ ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ ਅਤੇ ਕਈ ਬੱਚੇ ਅਤੇ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਤਿੰਨ ਐਂਬੂਲੈਂਸਾਂ ਟੈ੍ਰਫ਼ਿਕ ਜਾਮ ਵਿੱਚ ਫ਼ਸ ਗਈਆਂ। ਪੁਲਿਸ ਨੇ ਸੜਕਾਂ ਤੋਂ ਭੀੜ ਨੂੰ ਹਟਾਉਣ ਅਤੇ ਐਂਬੂਲੈਂਸਾਂ ਦੇ ਸੁਰੱਖਿਅਤ ਰਸਤੇ ਨੂੰ ਯਕੀਨੀ ਬਣਾਉਣ ਲਈ ਦਖ਼ਲ ਦੇਣ ਪਿਆ। ਡੀ.ਸੀ.ਪੀ. ਜੁਗਰਾਜ ਸਿੰਘ ਨੇ ਕਿਹਾ ਕਿ ਕਈ ਬੱਚੇ ਅਤੇ ਮਰੀਜ਼ ਜਿਨ੍ਹਾਂ ਵਿੱਚ ਤਿੰਨ ਐਂਬੂਲੈਂਸਾਂ ਵਿੱਚ ਸਵਾਰ ਲੋਕ ਵੀ ਸ਼ਾਮਲ ਸਨ ਟੈਫ਼ਿਕ ਜਾਮ ਵਿੱਚ ਫਸ ਗਏ। ਪੁਲਿਸ ਮੁਲਾਜ਼ਮਾਂ ਅਤੇ ਡਿਊਟੀ ਮੈਜਿਸਟ੍ਰੇਟ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਵਕ ਸੜਕਾਂ ਤੋਂ ਹਟ ਜਾਣ ਦੀ ਅਪੀਲ ਕੀਤੀ। ਡੀ.ਸੀ.ਪੀ. ਦੇ ਅਨੁਸਾਰ ਜਦੋਂ ਕਿ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਦੀ ਅਪੀਲ ’ਤੇ ਧਿਆਨ ਦਿੱਤਾ ਅਤੇ ਰਸਤਾ ਸਾਫ਼ ਕਰ ਦਿੱਤਾ। ਪੁਲਿਸ ਨੇ ਦਸਿਆ ਕਿ 5-7 ਵਿਅਕਤੀ ਰੁਕਾਵਟਾਂ ਪੈਦਾ ਕਰ ਰਹੇ ਸਨ ਜਿਨ੍ਹਾਂ ਨੂੰ ਚਿਤਵਾਨੀਆਂ ਵੀ ਦਿੱਤੀਆਂ ਗਈਆਂ ਪਰ ਉਨ੍ਹਾਂ ਨੇ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਡੀ.ਸੀ.ਪੀ. ਨੇ ਕਿਹਾ ਕਿ ਅਸੀਂ ਬਹੁਤ ਸਾਰੀਆਂ ਬੇਨਤੀਆਂ ਕੀਤੀਆਂ ਅਤੇ ਸਾਰਿਆਂ ਨੇ ਸੁਣੀਆਂ। ਸਾਡੇ ਪਿੱਛੇ ਗੱਡੀਆਂ ਵਿੱਚ ਬਹੁਤ ਸਾਰੇ ਬੱਚੇ ਫ਼ਸੇ ਹੋਏ ਸਨ। ਬਹੁਤ ਸਾਰੇ ਮਰੀਜ਼ ਸਨ ਅਤੇ ਤਿੰਨ ਐਂਬੂਲੈਂਸਾਂ ਉਥੇ ਫਸੀਆਂ ਹੋਈਆਂ ਸਨ। ਇਸ ਲਈ ਬਾਕੀ ਸਾਰਿਆਂ ਨੇ ਸਾਡੀ ਬੇਨਤੀ ਮੰਨ ਲਈ ਅਤੇ ਪੂਰੀ ਸੜਕ ਸਾਫ਼ ਕਰ ਦਿੱਤੀ।