Wednesday, September 17, 2025

Malwa

ਬਟਵਾਰਾ ਬਾਰੇ ਵਿਸ਼ਲੇਸ਼ਨਾਤਮਿਕ ਢੰਗ ਨਾਲ ਵਿਆਪਕ ਖੋਜ ਦੀ ਜ਼ਰੂਰਤ : ਪ੍ਰੋ. ਅਰਵਿੰਦ

February 08, 2024 04:28 PM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬ ਲਈ ਬਟਵਾਰਾ ਹਮੇਸ਼ਾਂ ਹੀ ਇੱਕ ਪ੍ਰਮੁੱਖ ਵਿਸ਼ਾ ਰਿਹਾ ਹੈ ਅਤੇ ਇਸ ਵਿਸ਼ੇ ’ਤੇ ਹੋਰ ਵਿਆਪਕੇ ਖੋਜ ਕਰਨ ਦੀ ਜ਼ਰੂਰਤ ਹੈ। ਅੱਜ ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਕਰਵਾਏ ਗਏ ਇੱਕ ਸੈਮੀਨਾਰ ਨੂੰ ਸਬੋਧਨ ਕਰਦੇ ਹੋਏ ਪ੍ਰੋ. ਅਰਵਿਦ ਨੇ ਕਿਹਾ ਕਿ ਪੰਜਾਬ ਲਈ ਬਟਵਾਰਾ ਇੱਕ ਪ੍ਰਾਇਮਰੀ ਵਿਸ਼ਾ ਹੈ ਜਦਕਿ ਆਜ਼ਾਦੀ ਸੈਕੰਡਰੀ ਵਿਸ਼ਾ ਹੈ। ਇਸ ਕਰਕੇ ਇਸ ਵਿਸ਼ੇ ਦੇ ਸਬੰਧ ਵਿੱਚ ਬਾਹਰਮੁੱਖੀ ਅਤੇ ਵਿਸ਼ਲੇਸ਼ਨਾਤਮਿਕ ਢੰਗ ਨਾਲ ਖੋਜ ਦੇ ਨਤੀਜੇ ਸਾਹਮਣੇ ਲਿਆਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਬਟਵਾਰੇ ਦਾ ਜ਼ਖ਼ਮ ਪੰਜਾਬੀਆਂ ਲਈ ਬਹੁਤ ਗਹਿਰਾ ਅਤੇ ਵੱਖਰੀ ਕਿਸਮ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਲਈ ਆਜ਼ਾਦੀ ਦੇ ਅਰਥ ਉਹ ਨਹੀਂ ਜੋ ਬਾਕੀ ਦੇਸ਼ ਲਈ ਹਨ। 1947 ਵਿੱਚ ਜਦੋਂ ਇੱਕ ਪਾਸੇ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਓਸੇ ਸਮੇਂ ਪੰਜਾਬ ਦੇ ਪਿੰਡੇ ਉੱਤੇ ਵੰਡ ਦੇ ਗਹਿਰੇ ਜ਼ਖ਼ਮ ਉੱਭਰੇ ਸਨ। ਉਨ੍ਹਾਂ ਕਿਹਾ ਕਿ ਦਰਦ ਦੀ ਇਹ ਚੀਸ ਵੰਡ ਦੇ ਹਵਾਲੇ ਨਾਲ ਲਿਖੇ ਸਾਡੇ ਸਾਹਿਤ, ਯਾਦਾਂ ਅਤੇ ਕਲਾ ਦੇ ਹੋਰ ਵੱਖ-ਵੱਖ ਰੂਪਾਂ ਵਿੱਚੋਂ ਸਹਿਜੇ ਹੀ ਮਹਿਸੂਸ ਕੀਤੀ ਜਾ ਸਕਦੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਹਵਾਲੇ ਨਾਲ਼ ਹਾਲੇ ਵੀ ਬਹੁਤ ਸਾਰਾ ਚਿੰਤਨ ਕੀਤੇ ਜਾਣ ਅਤੇ ਸਾਹਿਤ ਰਚੇ ਜਾਣ ਦੀ ਲੋੜ ਹੈ ਤਾਂ ਕਿ ਹੋਰ ਵਧੇਰੇ ਪੱਖਾਂ ਤੋਂ ਇਸ ਸੰਬੰਧੀ ਨੁਕਤੇ ਸਾਹਮਣੇ ਆ ਸਕਣ। ਹੁਣ ਜਦੋਂ ਇਸ ਵੱਡੀ ਘਟਨਾ ਨੂੰ ਵਾਪਰਿਆਂ ਸਮਾਂ ਹੋ ਗਿਆ ਹੈ ਤਾਂ ਹੋਰ ਵਧੇਰੇ ਨਿਰਪੱਖ ਹੋ ਕੇ ਆਲੋਚਨਾਤਮਕ ਪੱਖ ਤੋਂ ਇਸ ਦੇ ਕਾਰਨਾਂ ਅਤੇ ਪ੍ਰਭਾਵਾਂ ਬਾਰੇ ਵੱਖ-ਵੱਖ ਪੱਖਾਂ ਅਤੇ ਨੁਕਤਿਆਂ ਨੂੰ ਜਾਣਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਹਵਾਲੇ ਨਾਲ਼ ਇਸ ਵਿਸ਼ੇ ਉੱਤੇ ਗੱਲ ਕਰਨਾ ਇਸ ਵਿਸ਼ੇ ਦਾ ਅਜਿਹਾ ਹੀ ਇੱਕ ਨਵਾਂ ਪਸਾਰ ਹੈ ਜਿਸ ਸੰਬੰਧੀ ਅੰਗਰੇਜ਼ੀ ਵਿਭਾਗ  ਵਧਾਈ ਦਾ ਪਾਤਰ ਹੈ। ‘ਮੋਰ ਦੈਨ ਏ ਲਾਈਨ ਡਰਾਅ ਔਨ ਪੇਪਰ ਮੈਪ-ਪਾਰਟੀਸ਼ਨ ਸਟੋਰੀਜ਼ ਫਰਾਮ ਕੈਨੇਡਾ’ ਵਿਸ਼ੇ ’ਤੇ ਸੈਮੀਨਾਰ ਦੌਰਾਨ ਆਪਣੇ ਕੁੰਜੀਵੱਤ ਭਾਸ਼ਣ ਵਿੱਚ ਪ੍ਰਸਿੱਧ ਉੱਤਰ-ਬਸਤੀਵਾਦੀ ਸਿਧਾਂਤਕਾਰ, ਲੇਖਕ ਅਤੇ ਯੂਨੀਵਰਸਿਟੀ ਆਫ਼ ਵੈਸਟਰਨ ਓਨਟਾਰੀਓ ਵਿੱਚ ਪ੍ਰੋਫੈਸਰ ਡਾ. ਨੰਦੀ ਭਾਟੀਆ ਨੇ ਕੈਨੇਡਾ ਨਾਲ਼ ਜੁੜੀਆਂ ਯਾਦਾਂ ਅਤੇ ਕਹਾਣੀਆਂ ਦੇ ਹਵਾਲੇ ਨਾਲ ਨਾਲ ਚਰਚਾ ਕੀਤੀ।
 
 
ਆਪਣੇ ਲੈਕਚਰ ਵਿੱਚ, ਪ੍ਰੋ: ਭਾਟੀਆ ਨੇ ਤਿੰਨ ਪ੍ਰਮੁੱਖ ਲੇਖਕਾਂ ਅਨੀਤਾ ਰਾਉ ਬਦਾਮੀ, ਰਾਹੁਲ ਵਰਮਾ ਅਤੇ ਅਨੁਸ਼੍ਰੀ ਰਾਏ ਦੀਆਂ ਚੋਣਵੀਆਂ ਲਿਖਤਾਂ ਦੇ ਸੰਦਰਭ ਵਿੱਚ ਯਾਦਦਾਸ਼ਤ, ਨੁਕਸਾਨ, ਨੋਸਟਾਲਜੀਆ, ਡਾਇਸਪੋਰਾ ਅਤੇ ਪਛਾਣ ਦੀ ਰਾਜਨੀਤੀ ਦੇ ਵਿਸ਼ਿਆਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਅਧਿਐਨ ਕਰਨਾ ਮਹੱਤਵਪੂਰਨ ਹੈ ਕਿ ਕਿਵੇਂ ਵੰਡ ਦੀਆਂ ਯਾਦਾਂ ਨੂੰ ਲੇਖਕਾਂ ਦੁਆਰਾ ਲਿਖੇ ਸਾਹਿਤ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਕਿਵੇਂ ਉਪ ਮਹਾਂਦੀਪ ਵਿੱਚ ਰਾਜਨੀਤਿਕ ਘਟਨਾਵਾਂ ਕੈਨੇਡਾ ਵਿੱਚ ਭਾਈਚਾਰਿਆਂ ਦੇ ਸਮਾਜਿਕ-ਸੱਭਿਆਚਾਰਕ ਸਬੰਧਾਂ ਨੂੰ ਪ੍ਰਭਾਵਤ ਕਰਦੀਆਂ ਹਨ। ਡੀਨ ਭਾਸ਼ਾਵਾਂ ਅਤੇ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਡਾ. ਰਾਜੇਸ਼ ਕੁਮਾਰ ਸ਼ਰਮਾ ਨੇ ਇਤਿਹਾਸਕ ਅਤੇ ਸਮਕਾਲੀ ਸੱਭਿਆਚਾਰਕ ਸੰਦਰਭ ਵਿੱਚ ਵੰਡ ਦੇ ਬਹੁਪੱਖੀ ਪਹਿਲੂਆਂ ਬਾਰੇ ਆਲੋਚਨਾਤਮਕ ਜਾਣਕਾਰੀ ਪ੍ਰਦਾਨ ਕੀਤੀ। ਇਸ ਤੋਂ ਪਹਿਲਾਂ ਅੰਗਰੇਜ਼ੀ ਵਿਭਾਗ ਦੀ ਮੁਖੀ ਡਾ. ਜਿਓਤੀ ਪੁਰੀ ਨੇ ਵਾਈਸ ਚਾਂਸਲਰ ਨੂੰ ਜੀ ਆਇਆਂ ਆਖਿਆ। ਇਸ ਮੌਕੇ ਇਸ ਸੈਮੀਨਾਰ ਦੇ ਕੋਆਰਡੀਨੇਟਰ ਡਾ. ਧਰਮਜੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Have something to say? Post your comment

 

More in Malwa

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ