ਸੁਨਾਮ : ਸ਼ਹੀਦ ਊਧਮ ਸਿੰਘ ਹੁਨਰ ਵਿਕਾਸ ਅਤੇ ਉੱਦਮਤਾ ਯੂਨੀਵਰਸਿਟੀ ਲੁਧਿਆਣਾ ਦੇ ਫਾਊਂਡਰ ਚਾਂਸਲਰ ਡਾਕਟਰ ਸੰਦੀਪ ਸਿੰਘ ਕੌੜਾ ਦਾ ਸ਼ਹੀਦ ਊਧਮ ਸਿੰਘ ਸਮਾਰਕ ਵਿਖੇ ਪਹੁੰਚਣ ਤੇ ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਕੰਬੋਜ ਮਹਾਂ ਸਭਾ ਦੇ ਪ੍ਰਧਾਨ ਹਰਦਿਆਲ ਸਿੰਘ ਕੰਬੋਜ, ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਪ੍ਰਧਾਨ ਸਰਪੰਚ ਕੇਸਰ ਸਿੰਘ ਢੋਟ, ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ, ਜਨਰਲ ਸਕੱਤਰ ਤਰਸੇਮ ਸਿੰਘ ਮਹਿਰੋਕ, ਰਘਬੀਰ ਸਿੰਘ ਨੂਗਰੀ, ਬਲਜੀਤ ਸਿੰਘ, ਜੱਗੀ ਸਰਪੰਚ, ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਅਤੇ ਕੰਬੋਜ ਬਰਾਦਰੀ ਦੇ ਨੁਮਾਇੰਦਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਡਾਕਟਰ ਸੰਦੀਪ ਕੌੜਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਹੀਦ ਊਧਮ ਸਿੰਘ ਮਿਊਜ਼ਮ ਵਿੱਚ ਜਾਕੇ ਸ਼ਹੀਦ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਡਾਕਟਰ ਕੌੜਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਨਾਂ 'ਤੇ ਲੁਧਿਆਣਾ ਵਿਖੇ ਬਣਾਈ ਜਾ ਰਹੀ ਵਿਸ਼ਵ ਪੱਧਰੀ ਹੁਨਰ ਵਿਕਾਸ ਤੇ ਉੱਦਮਤਾ ਯੂਨੀਵਰਸਟੀ ਲਈ ਵਧਾਈ ਵੀ ਦਿੱਤੀ। ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਕੰਬੋਜ ਸਭਾ ਦੇ ਪ੍ਰਧਾਨ ਹਰਦਿਆਲ ਸਿੰਘ ਨੇ ਦੱਸਿਆ ਕਿ ਡਾਕਟਰ ਕੌੜਾ ਨੇ ਇਹ ਯੂਨੀਵਰਸਿਟੀ ਸੁਨਾਮ ਵਿਖੇ ਬਨਾਉਣ ਨੂੰ ਪਹਿਲ ਦਿੱਤੀ ਸੀ ਤੇ ਯੂਨੀਵਰਸਿਟੀ ਲਈ ਜਮੀਨ ਪ੍ਰਾਪਤ ਕਰਨ ਲਈ ਡਿਊਟੀ ਲਾਈ ਸੀ। ਬੜੀ ਦੌੜ ਭੱਜ ਕਰਕੇ ਅਸੀਂ ਲੋੜੀਂਦੀ ਜ਼ਮੀਨ ਦੀ ਭਾਲ ਵੀ ਕਰ ਲਈ ਸੀ ਪਰ ਇਸੇ ਦੌਰਾਨ ਗੱਜਣ ਸਿੰਘ ਥਿੰਦ ਨੇ 50 ਏਕੜ ਜ਼ਮੀਨ ਇਸ ਯੂਨੀਵਰਸਟੀ ਲਈ ਦਾਨ ਵਿੱਚ ਦੇ ਦਿੱਤੀ, ਜਿਸ ਕਾਰਨ ਯੂਨੀਵਰਸਿਟੀ ਸੁਨਾਮ ਦੀ ਥਾਂ ਲੁਧਿਆਣੇ ਚਲੀ ਗਈ। ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਡਾਕਟਰ ਸੰਦੀਪ ਕੌੜਾ ਨੇ ਬੇਰੁਜ਼ਗਾਰੀ ਨਾਲ ਜੂਝ ਰਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਕਿੱਤਾ ਮੁਖੀ ਮੁਹਾਰਤ ਹਾਸਲ ਕਰਨ ਲਈ ਇੱਕ ਬੇਸ਼ਕੀਮਤੀ ਤੋਹਫ਼ਾ ਦਿੱਤਾ ਹੈ। ਇਹ ਯੂਨੀਵਰਸਟੀ ਇਕੱਲੇ ਲੁਧਿਆਣੇ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ ਲਈ ਵਿਕਾਸ ਦੇ ਨਵੇਂ ਦਰਵਾਜੇ ਖੋਲੇਗੀ। ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਡਾਕਟਰ ਸੰਦੀਪ ਸਿੰਘ ਕੌੜਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਯੂਨੀਵਰਸਟੀ ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਵੇਗੀ, ਸਿਖਿਆਰਥੀਆਂ ਨੂੰ ਵਿਸ਼ਵ ਪੱਧਰ 'ਤੇ ਕਾਬਲ ਬਣਾਉਣ ਲਈ ਲੋੜੀਂਦਾ ਹੁਨਰ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਆ ਰਹੀ ਦਿਵਾਲੀ ਮੌਕੇ ਅਸੀਂ ਸੁਨਾਮ ਵਿਖੇ ਇੱਕ ਸਕਿਲ ਸਿਖਲਾਈ ਸੈਂਟਰ ਖੋਲਣ ਦਾ ਐਲਾਨ ਕਰਾਂਗੇ। ਇਸ ਮੌਕੇ ਡਾਕਟਰ ਮਲਕੀਤ ਸਿੰਘ ਥਿੰਦ ਚੇਅਰਮੈਨ ਬੀ.ਸੀ. ਵਿੰਗ ਪੰਜਾਬ ਅਤੇ ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਸਭਾਵਾਂ ਵੱਲੋਂ ਡਾਕਟਰ ਸੰਦੀਪ ਸਿੰਘ ਕੌੜਾ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਸਿਕੰਦਰ ਸਿੰਘ, ਮਲਕੀਤ ਸਿੰਘ ਢੋਟ, ਕੁਲਵੀਰ ਸਿੰਘ, ਰਿੰਪੀ, ਬੰਟੀ ਹਾਜ਼ਰ ਸਨ।