ਸੁਨਾਮ : ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਸ਼ਨਿੱਚਰਵਾਰ ਨੂੰ ਸੰਗਰੂਰ ਜ਼ਿਲ੍ਹੇ ਅੰਦਰ ਪੈਂਦੇ ਘੱਗਰ ਦਰਿਆ ਦਾ ਜਾਇਜ਼ਾ ਲੈਣ ਮੌਕੇ ਭਾਜਪਾ ਜ਼ਿਲ੍ਹਾ ਸੰਗਰੂਰ -2 ਦੇ ਪ੍ਰਧਾਨ ਦਾਮਨ ਥਿੰਦ ਬਾਜਵਾ ਵੀ ਮੌਜੂਦ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਾਮਨ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਘੱਗਰ ਦੇ ਹਾਲਾਤਾਂ ਨਾਲ ਪੈਦਾ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ ਹੈ। ਉਨ੍ਹਾਂ ਆਖਿਆ ਕਿ ਸੂਬੇ ਅੰਦਰ ਆਏ ਹੜਾਂ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਲੋਕਾਂ ਨੇ ਖੁਦ ਦਿਨ ਰਾਤ ਮਿਹਨਤ ਕਰਕੇ ਆਪਣੀਆਂ ਫ਼ਸਲਾਂ, ਘਰਾਂ ਅਤੇ ਪਸ਼ੂਆਂ ਦਾ ਨੁਕਸਾਨ ਹੋਣ ਤੋਂ ਬਚਾਅ ਕੀਤਾ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਗਵਰਨਰ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਕਿ ਇਲਾਕੇ ਦੇ ਲੋਕਾਂ ਦੀ ਹਿੰਮਤ ਸਦਕਾ ਹੀ ਘੱਗਰ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਿਆ ਹੈ ਜਦਕਿ ਸਰਕਾਰੀ ਦਾਅਵੇ ਕੋਰਾ ਝੂਠ ਸਾਬਤ ਹੋਏ ਹਨ। ਭਾਜਪਾ ਆਗੂ ਦਾਮਨ ਬਾਜਵਾ ਨੇ ਮੁੜ ਦੁਹਰਾਇਆ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਪੰਜਾਬ ਅੰਦਰ ਹੜ੍ਹਾਂ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਦੀ ਪੂਰਤੀ ਲਈ ਯਤਨਸ਼ੀਲ ਹੈ। ਗਿਰਦਾਵਰੀ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਪੰਜਾਬ ਕੋਲ ਆਏ ਪੈਸੇ ਦਾ ਰੋਲ ਕਚੋਲਾ ਪਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਸੂਬੇ ਦੀ ਸਰਕਾਰ ਨੇ ਸਮੇਂ ਸਿਰ ਧਿਆਨ ਕੇਂਦਰਿਤ ਕੀਤਾ ਹੁੰਦਾ ਤਾਂ ਪੰਜਾਬ ਵਿੱਚ ਹੜ੍ਹਾਂ ਤੋਂ ਬਚਾਓ ਹੋ ਸਕਦਾ ਸੀ। ਇਸ ਮੌਕੇ ਹਰਮਨਦੇਵ ਸਿੰਘ ਬਾਜਵਾ, ਸਾਬਕਾ ਵਾਈਸ ਚੇਅਰਮੈਨ ਹਿੰਮਤ ਸਿੰਘ ਬਾਜਵਾ, ਸੇ਼ਰਵਿੰਦਰ ਸਿੰਘ ਧਾਲੀਵਾਲ, ਅੰਮ੍ਰਿਤਪਾਲ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।