ਮਾਲੇਰਕੋਟਲਾ : ਪੰਜਾਬ ਦੇ ਕੁਝ ਜਿ਼ਲਿ੍ਹਆਂ ਵਿਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜਿਥੇ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਉਥੇ ਹੀ ਵੱਖ—ਵੱਖ ਸਮਾਜ ਸੇਵੀ ਸੰਸਥਾਵਾਂ ਵੀ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਈਆਂ ਹਨ।ਇਸੇ ਲੜੀ ਤਹਿਤ ਡੀ.ਸੀ. ਦਫਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਦੇ ਸਟਾਫ ਨੇ ਰਲ—ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਇਕੱਠੇ ਕੀਤੇ ਪੰਜਾਹ ਹਜ਼ਾਰ ਰੁਪਏ ਦੇ ਗੱਦੇ ਅਤੇ ਕੰਬਲ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਭੇਜੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੀ. ਦਫਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਦੇ ਪ੍ਰਧਾਨ ਸ. ਸ਼ਰਨਵੀਰ ਸਿੰਘ ਨੇ ਦੱਸਿਆ ਕਿ ਡੀ.ਸੀ. ਦਫਤਰ, ਐਸ.ਡੀ.ਐਮ. ਦਫਤਰ ਅਤੇ ਤਹਿਸੀਲ ਦਫਤਰਾਂ ਦੇ ਸਟਾਫ ਨੇ ਰਲ—ਮਿਲ ਕੇ ਫ਼ੈਸਲਾ ਕੀਤਾ ਸੀ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਫੰਡ ਇਕੱਠਾ ਕੀਤਾ ਜਾਵੇ ਅਤੇ ਇਸ ਫ਼ੰਡ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇ।ਇਸ ਸਬੰਧ ਵਿਚ ਹੜ੍ਹ ਪੀੜਤ ਇਲਾਕਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਸਰਗਰਮ ਮਾਲੇਰਕੋਟਲਾ ਦੀਆਂ ਵੱਖ—ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਰਾਬਤਾ ਕਾਇਮ ਕਰਕੇ, ਉਨ੍ਹਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਿਹੜੀ ਚੀਜ਼ ਦੀ ਜਿ਼ਆਦਾ ਲੋੜ ਹੈ, ਸਬੰਧੀ ਪੁੱਛਿਆ ਗਿਆ।ਇਸ ਸਬੰਧ ਵਿਚ ਮਾਲੇਰਕੋਟਲਾ ਦੀ ਐਂਟੀ ਡਰੱਗ ਐਂਡ ਵੈਲਫੇਅਰ ਸੁਸਾਇਟੀ ਦੇ ਸੇਵਾਦਾਰ ਮੁੰ: ਕਫ਼ੀਲ ਨੇ ਦੱਸਿਆ ਕਿ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਹੁਣ ਉਥੇ ਹੜ੍ਹ ਪੀੜਤਾਂ ਨੂੰ ਕੰਬਲ, ਦਰੀਆਂ, ਗਦੇਲੇ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਲੋੜਾਂ ਹਨ। ਸ. ਸ਼ਰਨਵੀਰ ਨੇ ਦੱਸਿਆ ਕਿ ਇਸ ਉਪਰੰਤ ਯੂਨੀਅਨ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ 100 ਹੜ੍ਹ ਪੀੜਤ ਪਰਿਵਾਰਾਂ ਲਈ ਗੱਦੇ ਅਤੇ ਕੰਬਲ ਕੇ ਐਂਟੀ ਡਰੱਗ ਐਂਡ ਵੈਲਫੇਅਰ ਸੁਸਾਇਟੀ, ਮਾਲੇਰਕੋਟਲਾ ਨੂੰ ਦੇਣ ਸਬੰਧੀ ਫੈਸਲਾ ਕੀਤਾ ਗਿਆ ਤਾਂ ਜੋ ਸੁਸਾਇਟੀ ਦੇ ਨੁਮਾਇੰਦੇ ਹੜ੍ਹ ਪੀੜਤਾਂ ਤੱਕ ਇਹ ਸਮਾਨ ਪਹੁੰਚਾ ਸਕਣ।
ਉਨ੍ਹਾਂ ਦੱਸਿਆ ਕਿ ਇਹ ਸਾਰਾ ਸਮਾਨ ਖਰੀਦ ਕੇ ਐਂਟੀ ਡਰੱਗ ਐਂਡ ਵੈਲਫੇਅਰ ਸੁਸਾਇਟੀ ਦੀ ਟੀਮ ਨੂੰ ਦੇ ਦਿੱਤਾ ਸੀ।ਸ. ਸ਼ਰਨਵੀਰ ਸਿੰਘ ਨੇ ਇਸ ਮੌਕੇ ਸਮੂਹ ਸਟਾਫ ਮੈਂਬਰਾਂ ਅਤੇ ਐਂਟੀ ਡਰੱਗ ਫੈਡਰੇਸ਼ਨ ਦੇ ਮੈਂਬਰਾਂ ਦਾ ਇਸ ਕੰਮ ਵਿਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਅੰਮ੍ਰਿਤਪਾਲ ਸਿੰਘ, ਸੁਪਰਡੰਟ, ਸੰਦੀਪ ਸਿੰਘ ਸੀਨੀਅਰ ਸਹਾਇਕ, ਕੁਲਪ੍ਰੀਤ ਸਿੰਘ ਸੀਨੀਅਰ ਸਹਾਇਕ, ਗੁਰਦੀਪ ਸਿੰਘ ਕਲਰਕ, ਸ੍ਰੀ ਰਾਜੂ ਸਿੰਗਲਾ, ਸੀਨੀਅਰ ਸਹਾਇਕ, ਸ੍ਰੀਮਤੀ ਸੁਖਪ੍ਰੀਤ ਕੌਰ ਕਲਰਕ, ਸ੍ਰੀਮਤੀ ਨੇਹਾ ਕਲਰਕ, ਸ੍ਰੀਮਤੀ ਹਰਪ੍ਰੀਤ ਕੌਰ ਕਲਰਕ, ਸੁਚੇਤਾ ਕਲਰਕ, ਮਹਿਮਾ, ਮਿਸ ਅੰਜੂ ਆਦਿ ਵੀ ਹਾਜ਼ਰ ਸਨ।