Thursday, May 02, 2024

Malwa

ਕੈਬਨਿਟ ਮੰਤਰੀ ਅਮਨ ਅਰੋੜਾ ਲਈ ਚਾਲੂ ਵਰ੍ਹਾ ਨਹੀਂ ਰਿਹਾ ਅਨੁਕੂਲ 

December 29, 2023 11:44 AM
ਦਰਸ਼ਨ ਸਿੰਘ ਚੌਹਾਨ
ਸੁਨਾਮ : ਮੁੱਖ ਮੰਤਰੀ ਭਗਵੰਤ ਮਾਨ ਦੀ ਵਜਾਰਤ ਵਿੱਚ ਤੀਜੇ ਸਥਾਨ  ਦਾ ਰੁਤਬਾ ਰੱਖਣ ਵਾਲੇ ਸੁਨਾਮ ਤੋਂ ਵਿਧਾਇਕ ਕੈਬਨਿਟ ਮੰਤਰੀ ਅਮਨ ਅਰੋੜਾ ਲਈ ਸਾਲ 2023 ਅਨੁਕੂਲ ਨਹੀਂ ਰਿਹਾ। ਇਸ ਸਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਫੈਸਲਿਆਂ ਕਾਰਨ ਨਾ ਸਿਰਫ਼ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਸਿਆਸੀ ਕੱਦ ਘੱਟ ਗਿਆ ਹੈ ਸਗੋਂ ਹਲਕੇ ਅੰਦਰ ਆਮ ਆਦਮੀ ਪਾਰਟੀ ਦਾ ਗ੍ਰਾਫ ਵੀ ਤੇਜ਼ੀ ਨਾਲ ਹੇਠਾਂ ਡਿੱਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵਜਾਰਤ ਵਿੱਚ ਸ਼ਾਮਿਲ ਕਰਨ ਸਮੇਂ ਕਈ ਅਹਿਮ ਮਹਿਕਮਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਜਿਸ ਵਿੱਚ ਸ਼ਹਿਰੀ ਵਿਕਾਸ ਅਤੇ ਲੋਕ ਸੰਪਰਕ ਮੰਤਰਾਲਾ ਵੀ ਸ਼ਾਮਲ ਹੈ ਪਰੰਤੂ ਇਸੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਨ ਅਰੋੜਾ ਤੋਂ ਦੋਵੇਂ ਅਹਿਮ ਮਹਿਕਮੇ ਵਾਪਿਸ ਲੈਕੇ ਮੰਤਰੀ ਦਾ ਸਿਆਸੀ ਕੱਦ ਘਟਾ ਦਿੱਤਾ। ਚਰਚਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨ੍ਹਾਂ ਮਹਿਕਮਿਆਂ ਬਾਰੇ ਚੰਗਾ ਫੀਡਬੈਕ ਨਹੀਂ ਮਿਲ ਰਿਹਾ ਸੀ।
ਦੂਜੇ ਪਾਸੇ ਸਿਆਸੀ ਹਲਕਿਆਂ 'ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਿਚਾਲੇ ਚੰਗੇ ਸਬੰਧ ਨਾ ਹੋਣ ਦੀ ਚਰਚਾ ਸੁਰਖੀਆਂ 'ਚ ਬਣੀ ਹੋਈ ਹੈ। ਇਨ੍ਹਾਂ ਚਰਚਾਵਾਂ ਨੂੰ ਉਸ ਵੇਲੇ ਵੀ ਬਲ ਮਿਲਿਆ ਜਦੋਂ ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਸੁਨਾਮ ਹਲਕੇ ਤੋਂ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਨਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ । ਸੰਗਰੂਰ ਸੰਸਦੀ ਉਪ ਚੋਣ ਹਾਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਦੇ ਦੂਜੇ ਵਿਸਥਾਰ ਵਿੱਚ ਅਮਨ ਅਰੋੜਾ ਨੂੰ ਸ਼ਾਮਲ ਕੀਤਾ ਸੀ ਪਰੰਤੂ ਕੁੱਝ ਮਹੀਨਿਆਂ ਬਾਅਦ ਅਹਿਮ ਮਹਿਕਮੇ  ਵਾਪਿਸ ਲੈਣ ਨਾਲ ਮੁੱਖ ਮੰਤਰੀ ਅਤੇ ਮੰਤਰੀ ਅਮਨ ਅਰੋੜਾ ਦਰਮਿਆਨ ਸਬੰਧਾਂ ਦੇ ਵਿਗੜਨ ਦੀ ਚਰਚਾ ਤੇਜ਼ ਹੋ ਗਈ ਸੀ। ਇਸ ਸਿਆਸੀ ਖਿੱਚੋਤਾਣ ਤੋਂ ਬਾਅਦ ਸਾਲ 2023 ਦੇ ਆਖਰੀ ਮਹੀਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮੁੜ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਸੁਨਾਮ ਦੀ ਅਦਾਲਤ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਪਰਿਵਾਰਕ ਝਗੜੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਹੈ ਹਾਲਾਂਕਿ ਅਦਾਲਤ ਤੋਂ ਤੁਰੰਤ ਜ਼ਮਾਨਤ ਮਿਲ ਗਈ ਸੀ। ਵਿਰੋਧੀਆਂ ਨੇ ਇਸ ਮਾਮਲੇ 'ਚ 'ਆਪ' ਸਰਕਾਰ 'ਤੇ ਸਵਾਲ ਚੁੱਕੇ ਹਨ। ਇਸ ਤੋਂ ਇਲਾਵਾ ਆਪ ਦੇ ਵਫ਼ਾਦਾਰ ਵਰਕਰ ਵੀ ਪਾਰਟੀ ਅਤੇ ਸਰਕਾਰ ਤੋਂ ਦੂਰ ਹੁੰਦੇ ਜਾ ਰਹੇ ਹਨ ਉਂਜ ਪੰਜਾਬ ਦੇ ਕਈ ਵਿਧਾਨ ਸਭਾ ਹਲਕਿਆਂ ਵਿੱਚ ਅਜਿਹੇ ਹਾਲਾਤ ਬਣੇ ਹੋਏ ਹਨ। ਪਰ ਇਸ ਦੇ ਪ੍ਰਤੱਖ ਸਬੂਤ ਸੁਨਾਮ ਵਿੱਚ ਕਈ ਵਾਰ ਮਿਲ ਚੁੱਕੇ ਹਨ। ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਧੂਰੀ ਵਿੱਚ ਹੋਣ ਵਾਲੀ ਅਰਵਿੰਦ ਕੇਜਰੀਵਾਲ ਦੀ ਰੈਲੀ ਦੀਆਂ ਤਿਆਰੀਆਂ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸੁਨਾਮ ਸਥਿਤ ਰਿਹਾਇਸ਼ ਤੇ ਹੋਈ ਮੀਟਿੰਗ ਵਿੱਚ ‘ਆਪ’ ਵਰਕਰਾਂ ਨੇ ਮੰਤਰੀ ਨਾਲ ਖੁੱਲ੍ਹਕੇ ਆਪਣੀ ਨਾਰਾਜ਼ਗੀ ਜਤਾਈ ਸੀ ਅਤੇ ਰੈਲੀ ਵਿੱਚ ਸ਼ਮੂਲੀਅਤ ਨਹੀਂ ਕੀਤੀ। ਹਾਲਾਂਕਿ ਕੈਬਨਿਟ ਮੰਤਰੀ ਅਮਨ ਅਰੋੜਾ ਰੈਲੀ ਕਰਨ ਤੋਂ ਪਹਿਲਾਂ ਹੀ ਵਿਦੇਸ਼ ਚਲੇ ਗਏ ਸਨ। ਕੁੱਲ ਮਿਲਾਕੇ ਸਾਲ 2023 'ਚ ਕੈਬਨਿਟ ਮੰਤਰੀ ਅਮਨ ਅਰੋੜਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਨਵਾਂ ਸਾਲ ਸਰਕਾਰ ਲਈ ਕਿਹੋ ਜਿਹਾ ਰਹੇਗਾ।

Have something to say? Post your comment

 

More in Malwa

ਭਰਤ ਭਾਰਦਵਾਜ਼ ਬ੍ਰਾਹਮਣ ਸਭਾ ਯੂਥ ਵਿੰਗ ਦੇ ਪ੍ਰਧਾਨ ਬਣੇ

ਸ਼ੋ੍ਮਣੀ ਕਮੇਟੀ ਨੇ ਕਿਸਾਨ ਭਰਾਵਾਂ ਨੂੰ ਭੇਜੀ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ

SRS Vidyapith ਨੇ ਨਰਸਰੀ ਦੇ ਬੱਚਿਆਂ ਨੂੰ ਕਰਵਾਇਆ ਫਾਰਮ ਹਾਊਸ ਦਾ ਦੌਰਾ

ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 260763 ਮੀਟਰਕ ਟਨ ਕਣਕ ਦੀ ਹੋਈ ਆਮਦ : ਡਿਪਟੀ ਕਮਿਸ਼ਨਰ

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਮਿਤੀ ਵਿੱਚ ਕੀਤਾ ਗਿਆ ਵਾਧਾ : ਜ਼ਿਲ੍ਹਾ ਚੋਣ ਅਫਸਰ

ਪਟਿਆਲਾ ਨੇੜੇ ਵਿਆਹ ਕਰਵਾਉਣ ਲਈ 20 ਹਜ਼ਾਰ ਚ ਖਰੀਦੀ ਲੜਕੀ

ਪੰਜਾਬ ਪੁਲਿਸ ਨੇ ਸੂਬੇ ਭਰ ’ਚ ਨਸ਼ਾ ਤਸਕਰੀ ਵਾਲੀਆਂ ਥਾਵਾਂ ’ਤੇ ਚਲਾਇਆ ਤਲਾਸ਼ੀ ਅਭਿਆਨ

ਪਟਿਆਲਾ ਜ਼ਿਲ੍ਹੇ 'ਚ ਅਸਲਾ ਜਮ੍ਹਾਂ ਕਰਵਾਉਣ ਦੀ ਤਰੀਕ 6 ਮਈ ਸ਼ਾਮ 5 ਵਜੇ ਤੱਕ

ਸੀਨੀਅਰ ਮਹਿਲਾ ਆਗੂ ਆਪ ਛੱਡ ਕੇ ਐਨ ਕੇ ਸ਼ਰਮਾ ਤੇ ਬਿੱਟੂ ਚੱਠਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ

ਕਿਸਾਨੀ ਸੰਘਰਸ਼ ਵਿੱਚ ਜ਼ਖਮੀ ਹੋਏ ਨੌਜਵਾਨ ਕਿਸਾਨ ਨੂੰ ਇੱਕ ਲੱਖ ਦੀ ਸਹਾਇਤਾ