ਕਿਹਾ ਸੂਬੇ ਦੀ ਬਿਹਤਰੀ ਲਈ ਭਾਜਪਾ ਨੂੰ ਲਿਆਉਣਾ ਜ਼ਰੂਰੀ
ਸੁਨਾਮ : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਭਾਜਪਾ ਜ਼ਿਲ੍ਹਾ ਸੰਗਰੂਰ- 2 ਦੀ ਪ੍ਰਧਾਨ ਦਾਮਨ ਬਾਜਵਾ ਨੇ ਆਪਣੇ ਪਰਿਵਾਰ ਨਾਲ ਪਿੰਡ ਅਕਾਲਗੜ੍ਹ ਅਤੇ ਚੱਠੇ ਨਕਟੇ ਵਿਖੇ ਵੋਟ ਪਾਈ। ਇਸ ਮੌਕੇ ਸਾਬਕਾ ਸਰਪੰਚ ਸੁਰਿੰਦਰਜੀਤ ਕੌਰ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਵੀ ਨਾਲ ਸਨ। ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਆਖਿਆ ਕਿ ਪੇਂਡੂ ਵੋਟਰਾਂ ਨੇ ਪਹਿਲੀ ਵਾਰ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਉਤਸ਼ਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਪਹਿਲਾਂ ਦੇ ਮੁਕਾਬਲੇ ਤਾਕਤਵਰ ਰਾਜਸੀ ਧਿਰ ਵਜੋਂ ਉੱਭਰਕੇ ਸਾਹਮਣੇ ਆਵੇਗੀ। ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦੀ ਬਿਹਤਰੀ ਲਈ ਕਾਰਜ਼ ਕਰ ਸਕਦੀ ਹੈ। ਕੇਂਦਰ ਅਤੇ ਸੂਬਾ ਸਰਕਾਰ ਦਰਮਿਆਨ ਚੰਗਾ ਤਾਲਮੇਲ ਸੂਬੇ ਦੀ ਆਰਥਿਕਤਾ ਨੂੰ ਠੁੰਮਣਾ ਦੇ ਸਕਦਾ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਕਰਜ਼ੇ ਦੀ ਦਲਦਲ ਵਿੱਚ ਫਸਾ ਦਿੱਤਾ ਹੈ ਕਿ ਆਉਣ ਵਾਲੀਆਂ ਸਰਕਾਰਾਂ ਲਈ ਵੱਡੀ ਸਿਰਦਰਦੀ ਬਣ ਗਿਆ ਹੈ। ਪੰਜਾਬ ਸਰਕਾਰ ਸੂਬੇ ਦੀਆਂ ਜਾਇਦਾਦਾਂ ਨੂੰ ਵੇਚਣ ਲੱਗ ਪਈ ਹੈ। ਭਾਜਪਾ ਆਗੂਆਂ ਦਾਮਨ ਬਾਜਵਾ ਅਤੇ ਹਰਮਨਦੇਵ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਅਤੇ ਨੌਕਰਸ਼ਾਹਾਂ ਦੀਆਂ ਮੰਗਾਂ ਨੂੰ ਮੁੱਢੋਂ ਵਿਸਾਰ ਦਿੱਤਾ ਹੈ। ਮੁਲਾਜ਼ਮ ਵਰਗ ਸਮੇਤ ਵਪਾਰੀ ਵੀ ਸੂਬੇ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਦਿਖਾਈ ਦੇ ਰਹੇ ਹਨ।