ਸੁਨਾਮ : ਸਿਹਤ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੇ ਮਲਟੀਪਰਪਜ ਕੇਡਰ ਦੇ ਕਰਮਚਾਰੀਆਂ ਨੇ 24 ਜੁਲਾਈ ਨੂੰ ਡਾਇਰੈਕਟਰ ਸਿਹਤ ਵਿਭਾਗ ਦੇ ਦਫ਼ਤਰ ਸਾਹਮਣੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲਿਆਂ ਵਿਚ ਤਾਇਨਾਤ ਸਿਹਤ ਕਾਮਿਆਂ ਨੇ ਸਾਂਝੀ ਮੀਟਿੰਗ ਕਰਕੇ ਰੋਸ ਪ੍ਰਦਰਸ਼ਨ ਦੀ ਰੂਪਰੇਖਾ ਤਿਆਰ ਕਰ ਲਈ ਹੈ। ਮਲਟੀਪਰਪਜ ਹੈਲਥ ਇੰਪਲਾਈਜ ਮੇਲ਼ ਫੀਮੇਲ ਯੂਨੀਅਨ ਦੇ ਆਗੂਆਂ ਅਵਤਾਰ ਸਿੰਘ ਗੰਢੂਆਂ, ਹਰਜਿੰਦਰ ਸਿੰਘ ਕੱਟੂ ਅਤੇ ਨਿਗਾਹੀ ਰਾਮ ਨੇ ਦੱਸਿਆ ਕਿ ਮਲਟੀਪਰਪਜ ਹੈਲਥ ਵਰਕਰਾਂ ਦੀਆਂ ਮੰਗਾਂ ਨੂੰ ਲੈਕੇ 25 ਜੂਨ ਨੂੰ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨਾਲ ਹੋਈ ਪੈਨਲ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਲੇਕਿਨ ਸਿਹਤ ਵਿਭਾਗ ਦੇ ਦੋਵੇਂ ਡਾਇਰੈਕਟਰਾਂ ਵੱਲੋਂ ਕੀਤੀ ਜਾ ਅਣਦੇਖੀ ਕਾਰਨ ਮੁਲਾਜ਼ਮਾਂ ਦੇ ਮਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜਥੇਬੰਦੀ ਦੇ ਫੈਸਲੇ ਮੁਤਾਬਿਕ 24 ਜੁਲਾਈ ਨੂੰ ਡਾਇਰੈਕਟਰ ਸਿਹਤ ਵਿਭਾਗ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਸਵਾਲ ਕੀਤੇ ਜਾਣਗੇ ਕਿ ਕਿਉਂ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਜਥੇਬੰਦੀ ਦੇ ਸੂਬਾਈ ਆਗੂਆਂ ਬਲਜਿੰਦਰ ਸਿੰਘ ਬਰਨਾਲਾ, ਦਲਜੀਤ ਢਿੱਲੋਂ, ਗੁਰਪ੍ਰੀਤ ਸਿੰਘ ਕਿਲਾ, ਕੁਲਵਿੰਦਰ ਸਿੰਘ ਸਿੱਧੂ ਅਤੇ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਸਰਕਾਰਾਂ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਸਿਹਤ ਕਾਮਿਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੇ ਹਨ। ਮੀਟਿੰਗ ਵਿੱਚ ਹਾਜ਼ਰ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਨੇ ਆਖਿਆ ਕਿ ਸਿਹਤ ਵਿਭਾਗ ਦੇ ਕਰਮਚਾਰੀ ਕੋਰੋਨਾ ਸਮੇਤ ਹੋਰਨਾਂ ਐਮਰਜੈਂਸੀ ਸੇਵਾਵਾਂ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਹਨ ਲੇਕਿਨ ਸਰਕਾਰ ਅਤੇ ਪ੍ਰਸ਼ਾਸਨ ਹੱਕੀ ਮੰਗਾਂ ਮੰਨਣ ਤੋਂ ਇਨਕਾਰੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੰਨੀਆਂ ਮੰਗਾਂ ਦੀ ਪਰਸੀਡਿੰਗ ਜਾਰੀ ਕਰਨ ਤੋਂ ਇਲਾਵਾ ਡਾਇਰੈਕਟਰ ਦਫਤਰ ਵਿਖੇ ਜਥੇਬੰਦੀ ਦੇ ਕੁੱਝ ਕੰਮ ਪਦਉਨਤੀ ਦੀਆਂ ਸੋਧਾਂ, ਸਮੇਤ ਕੁੱਝ ਫੁਟਕਲ ਕੰਮ ਦੋਵੇਂ ਡਾਇਰੈਕਟਰਾਂ ਨੇ ਰੋਕ ਰੱਖੇ ਹਨ ਇਸ ਕਾਰਨ ਮੁਲਾਜ਼ਮਾਂ ਵਿੱਚ ਵਿਆਪਕ ਰੋਸ ਹੈ। ਇਸ ਮੌਕੇ ਅੰਮ੍ਰਿਤਪਾਲ ਧੂਰੀ, ਦਰਸ਼ਪ੍ਰੀਤ ਸਿੰਘ, ਕਰਮਵੀਰ ਸਿੰਘ, ਰਮਨਦੀਪ ਸਿੰਘ, ਪ੍ਰਦੀਪ ਸਿੰਘ, ਦਵਿੰਦਰ ਸਿੰਘ, ਗੁਰਧਿਆਨ ਸਿੰਘ,ਜਸਵਿੰਦਰ ਸਿੰਘ, ਰਾਮ ਸਿੰਘ, ਬਾਲ ਕ੍ਰਿਸ਼ਨ, ਕਮਲ ਕੁਮਾਰ, ਰਾਕੇਸ਼ ਕੁਮਾਰ ਸਮੇਤ ਹੋਰ ਆਗੂ ਹਾਜਰ ਸਨ।