Thursday, July 03, 2025

Articles

ਜੋਨੀ ਜੋਨੀ ਜੈਸ ਪਾਪਾ-ਕਿੱਥੇ ਕੰਮ ਆਇਆ...?

July 03, 2025 02:42 PM
SehajTimes

ਸਿੱਖਿਆ ਦਾ ਮੂਲ ਉਦੇਸ਼ ਸਿਰਫ਼ ਅੱਖਰਾਂ ਦੀ ਜਾਣੂ ਕਰਵਾਉਣਾ ਨਹੀਂ ਹੁੰਦਾ, ਸੱਚੀ ਸਿੱਖਿਆ ਤਾਂ ਉਹ ਹੈ ਜੋ ਜੀਵਨ ਦੀ ਵਾਸਤਵਿਕਤਾ ਨੂੰ ਸਮਝਣ, ਜਿਉਣ ਅਤੇ ਆਪਣੇ ਆਪ ਨੂੰ, ਆਪਣੇ ਸਮਾਜ ਨੂੰ, ਆਪਣੇ ਵਾਤਾਵਰਣ ਨੂੰ ਨਿਖਾਰਣ ਦਾ ਹੁਨਰ ਸਿਖਾਏ। ਪਰ ਅਫ਼ਸੋਸ, ਅੱਜ ਦੇ ਸਿੱਖਿਆ ਪ੍ਰਣਾਲੀ ਨੇ ਸਾਨੂੰ ਇੱਕ ਅਜਿਹੀ ਦਿਸ਼ਾ ਵਿਚ ਧੱਕ ਦਿੱਤਾ ਹੈ ਜਿੱਥੇ ਸਿੱਖਣ ਦੀ ਸ਼ੁਰੂਆਤ “ਜੋਨੀ ਜੋਨੀ ਜੈਸ ਪਾਪਾ” ਤੋਂ ਹੁੰਦੀ ਹੈ, ਪਰ ਅੰਤ ਤੱਕ ਵੀ ਇਹ ਸਮਝ ਨਹੀਂ ਆਉਂਦੀ ਕਿ ਇਹ ਕੰਮ ਕਿੱਥੇ ਆਇਆ? ਸਕੂਲਾਂ ਦੀਆਂ ਪਹਿਲੀਆਂ ਕਲਾਸਾਂ ਤੋਂ ਲੈ ਕੇ ਵੱਡੀਆਂ ਪੜ੍ਹਾਈਆਂ ਤੱਕ ਬੱਚਿਆਂ ਨੂੰ ਤੋਤੇ ਵਾਂਗ ਰਟਵਾਇਆ ਜਾਂਦਾ ਹੈ। ਉਨ੍ਹਾਂ ਦੀ ਸੋਚ, ਉਨ੍ਹਾਂ ਦੀ ਸਮਝ, ਉਨ੍ਹਾਂ ਦੀ ਰੁਚੀ ਤੇ ਉਨ੍ਹਾਂ ਦੇ ਸੁਪਨੇ ਇੱਕ ਖਾਕੇ ਵਿੱਚ ਫਿੱਟ ਕੀਤੇ ਜਾਂਦੇ ਹਨ। ਅੱਜ ਵੀ ਜਦੋਂ ਕੋਈ ਬੱਚਾ ਸਕੂਲ ਵਿਚ ਦਾਖਲ ਹੁੰਦਾ ਹੈ ਤਾਂ ਉਸ ਨੂੰ “ਜੋਨੀ ਜੋਨੀ ਜੈਸ ਪਾਪਾ”ਦੇ ਜ਼ਰੀਏ ਅੰਗਰੇਜ਼ੀ ਸਿੱਖਾਈ ਜਾਂਦੀ ਹੈ, ਪਰ ਇਹ ਨਹੀਂ ਦੱਸਿਆ ਜਾਂਦਾ ਕਿ ਇਹ ਅੰਗਰੇਜ਼ੀ ਕਿਵੇਂ, ਕਿਉਂ ਅਤੇ ਕਿੱਥੇ ਲਾਗੂ ਹੋਣੀ ਹੈ? ਸਾਨੂੰ ਇਹ ਤਾਂ ਪੜ੍ਹਾ ਦਿੱਤਾ ਜਾਂਦਾ ਹੈ ਕਿ “ਸਨੋ ਹੈਸ ਆਨ ਯੂਅਰ ਹੇਡ”, ਪਰ ਜਦੋਂ ਜ਼ਿੰਦਗੀ ਵਿਚ ਕਿਸੇ ਪਾਸੇ ਮੁਸੀਬਤ ਪੈਂਦੀ ਹੈ ਤਾਂ ਨਹੀਂ ਦੱਸਿਆ ਜਾਂਦਾ ਕਿ “ਹੌਸਲਾ ਕਿਵੇਂ ਰੱਖਣਾ ਹੈ।”

ਸਕੂਲਾਂ ਦਾ ਮਕਸਦ ਇਕੱਲਾ ਪਾਠ ਪੜ੍ਹਾਉਣਾ ਨਹੀਂ ਹੁੰਦਾ। ਪਰ ਅੱਜ ਦੇ ਜ਼ਮਾਨੇ ਵਿਚ ਅਸੀਂ ਬੱਚਿਆਂ ਨੂੰ ਸਿਰਫ਼ ਨੰਬਰਾਂ ਦੀ ਦੌੜ ਵਿੱਚ ਲਗਾ ਦਿੱਤਾ ਹੈ। ਉਹਨਾਂ ਦੀ ਆਤਮ-ਚੇਤਨਾ, ਆਪਣੀ ਮਿੱਟੀ ਨਾਲ ਜੁੜਾਵ, ਆਪਣੀ ਭਾਸ਼ਾ, ਆਪਣੀ ਸੱਭਿਆਚਾਰਕ ਪਛਾਣ ਦੀ ਕੀਮਤ ਸਮਝਣ ਦੀ ਸਿੱਖਿਆ ਅਕਸਰ ਉਨ੍ਹਾਂ ਤੱਕ ਪਹੁੰਚਦੀ ਹੀ ਨਹੀਂ ਹੈ। ਇਹੀ ਕਾਰਨ ਹੈ ਕਿ 12 ਸਾਲਾਂ ਤੱਕ ਅੰਗਰੇਜ਼ੀ ਪੜ੍ਹਨ ਵਾਲਾ ਵਿਦਿਆਰਥੀ ਵੀ ਆਈਲੈਟਸ ਦੀ ਪ੍ਰੀਖਿਆ ਬਿਨ੍ਹਾ ਕੋਚਿੰਗ ਦੇ ਪਾਸ ਨਹੀਂ ਕਰ ਸਕਦਾ। ਮਕਸਦ ਅੰਗਰੇਜ਼ੀ ਸਿੱਖਣਾ ਨਹੀਂ ਹੋਣਾ ਚਾਹੀਦਾ, ਮਕਸਦ ਇਹ ਹੋਣਾ ਚਾਹੀਦਾ ਹੈ ਕਿ ਵਿਅਕਤੀ ਕਿਸੇ ਵੀ ਭਾਸ਼ਾ ਵਿੱਚ ਆਪਣੀ ਗੱਲ ਸਹੀ ਢੰਗ ਨਾਲ ਰੱਖ ਸਕੇ। ਪਰ ਅਸਲ ਵਿੱਚ, ਅਸੀਂ ਅਜਿਹੀ ਸਿੱਖਿਆ ਦੇ ਰਹੇ ਹਾਂ ਜੋ ਨਾ ਕਿਸੇ ਵਿਦਿਆਰਥੀ ਦੀ ਮਾਂ ਬੋਲੀ ਬਚਾ ਰਹੀ ਹੈ, ਨਾ ਹੀ ਉਸ ਦੀ ਪਛਾਣ ਬਚਾ ਰਹੀ ਹੈ। ਜਿਹੜੇ ਸਕੂਲ ਪੰਜਾਬ ਬੋਰਡ ਨਾਲ ਸਬੰਧਤ ਨਹੀਂ ਹਨ, ਉਥੇ ਤਾਂ ਮਾਂ ਬੋਲੀ ਪੰਜਾਬੀ ਦੇ ਨਾਲ ਧੱਕੇਸ਼ਾਹੀ ਦਾ ਵਿਹਾਰ ਕੀਤਾ ਜਾ ਰਿਹਾ ਹੈ। ਉਥੇ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਰੋਕ ਲਗਾਈ ਜਾਂਦੀ ਹੈ। ਪੰਜਾਬੀ ਬੱਚਿਆਂ ਤੋਂ ਮੋਟੀਆਂ ਫੀਸਾਂ ਵਸੂਲ ਕੀਤੀਆਂ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਆਪਣੀ ਹੀ ਭਾਸ਼ਾ ਬੋਲਣ ਦਾ ਹੱਕ ਨਹੀਂ ਦਿੱਤਾ ਜਾਂਦਾ। ਇਹ ਸਿਰਫ਼ ਭਾਸ਼ਾ ਦਾ ਨਹੀਂ, ਇਹ ਤਾਂ ਸੱਭਿਆਚਾਰ, ਮਿੱਟੀ, ਪਛਾਣ ਅਤੇ ਆਤਮ-ਗੌਰਵ ਦਾ ਕਤਲ ਹੈ।

ਇਸ ਸਾਰੇ ਹਾਲਾਤਾਂ ਦੇ ਜ਼ਿੰਮੇਵਾਰ ਅਸੀਂ ਮਾਪੇ, ਅਧਿਆਪਕ, ਸਿੱਖਿਆ ਪ੍ਰਣਾਲੀ ਅਤੇ ਸਮਾਜ ਸਾਰੇ ਹਾਂ। ਮਾਪੇ ਆਪਣੇ ਬੱਚਿਆਂ ਦੀ ਅੱਗੇ ਵਧਣ ਦੀ ਆਸ ਵਿੱਚ ਉਨ੍ਹਾਂ ਨੂੰ ਆਪਣੀ ਜੜ੍ਹ ਤੋਂ ਵਿਛੋੜਾ ਦਿੰਦੇ ਹਨ। ਉਨ੍ਹਾਂ ਨੂੰ ਸਿਰਫ਼ ਇੰਜੀਨੀਅਰ, ਡਾਕਟਰ ਜਾਂ ਅਫ਼ਸਰ ਬਣਾਉਣ ਦੀ ਚਿੰਤਾ ਹੁੰਦੀ ਹੈ ਪਰ ਇਹ ਨਹੀਂ ਸੋਚਦੇ ਕਿ ਉਹ ਚੰਗੇ ਇਨਸਾਨ ਵੀ ਬਣ ਸਕਣ। ਕਦੇ ਕਿਸੇ ਮਾਪੇ ਨੇ ਇਹ ਸਵਾਲ ਪੁੱਛਿਆ ਕਿ ਜੋਨੀ ਜੋਨੀ ਜੈਸ ਪਾਪਾ ਕਿਧਰ ਕੰਮ ਆਇਆ? ਜਦੋਂ ਬੱਚਾ ਕਿਸੇ ਮਨੋਵਿਗਿਆਨਕ ਤਣਾਅ, ਨੌਕਰੀ ਦੀ ਭਾਲ ਜਾਂ ਪਰਦੇਸੀ ਜੀਵਨ ਦੀ ਭਟਕਣ ਵਿਚ ਪੈਂਦਾ ਹੈ ਤਾਂ ਇਹ “ਜੈਸ ਪਾਪਾ” ਉਸ ਨੂੰ ਰਾਹ ਨਹੀਂ ਦਿਖਾਉਂਦਾ। ਆਈਲੈਟਸ ਸੈਂਟਰਾਂ ਨੇ ਵੀ ਬੱਚਿਆਂ ਦੇ ਦਿਮਾਗ ਨੂੰ ਇਸ ਤਰ੍ਹਾਂ ਸੈੱਟ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਸੁਖੀ ਜੀਵਨ ਦੀ ਪਰਿਭਾਸ਼ਾ ਸਿਰਫ਼ ਵਿਦੇਸ਼ ਹੋ ਗਿਆ ਹੈ। ਕਈ ਵਾਰੀ ਤਾਂ ਬੱਚੇ ਆਪਣੀ ਜ਼ਿੰਦਗੀ ਦੇ ਵਧੀਆ ਸਾਲ ਕਿਸੇ ਡਾਂਕੀ ਰਾਹੀਂ ਜਾਂਦੇ ਹੋਏ ਗੁਆ ਦਿੰਦੇ ਹਨ, ਕਈ ਵਾਰੀ ਤਾਂ ਮੌਤ ਨਾਲ ਵੀ ਸਾਮਣਾ ਕਰਨਾ ਪੈਂਦਾ ਹੈ। ਇਹ ਸਿਰਫ਼ ਇਸ ਕਰਕੇ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਧਰਤੀ, ਆਪਣੇ ਪਿੰਡ, ਆਪਣੇ ਸੂਬੇ ਦੇ ਸੰਸਾਧਨਾਂ, ਸੰਭਾਵਨਾਵਾਂ ਅਤੇ ਵਿਕਾਸ ਦੀ ਸੰਭਾਵਨਾ ਬਾਰੇ ਕੋਈ ਸਿੱਖਿਆ ਨਹੀਂ ਮਿਲੀ।

ਸਿੱਖਿਆ ਦਾ ਮਕਸਦ ਇਹ ਹੋਣਾ ਚਾਹੀਦਾ ਸੀ ਕਿ ਵਿਅਕਤੀ ਕਿਸੇ ਵੀ ਕੰਮ ਵਿਚ ਐਸੀ ਮਹਾਰਤ ਹਾਸਿਲ ਕਰੇ ਕਿ ਲੋਕ ਉਸਦੇ ਦਰ ਤੇ ਆਪਣਾ ਕੰਮ ਲੈ ਕੇ ਆਉਣ। ਕੰਮ ਭਾਵੇਂ ਮਕੈਨਿਕ ਦਾ ਹੋਵੇ ਜਾਂ ਦਰਜ਼ੀ ਦਾ, ਮਿਹਨਤ ਅਤੇ ਲਗਨ ਨਾਲ ਕੀਤਾ ਕੰਮ ਹੀ ਇੱਜ਼ਤ ਦਿਵਾਉਂਦਾ ਹੈ। ਪਰ ਅਸੀਂ ਬੱਚਿਆਂ ਨੂੰ ਇਹ ਸਿੱਖਾ ਹੀ ਨਹੀਂ ਰਹੇ। ਅਸੀਂ ਉਨ੍ਹਾਂ ਨੂੰ ਉੱਚੀਆਂ ਉਡਾਣਾਂ ਦੇ ਸੁਪਨੇ ਤਾਂ ਦੇ ਰਹੇ ਹਾਂ ਪਰ ਪੰਖ ਨਹੀਂ ਦੇ ਰਹੇ। ਇਹੀ ਕਾਰਨ ਹੈ ਕਿ ਅੱਜ ਦੇ ਨੌਜਵਾਨ ਬੇਰੁਜ਼ਗਾਰੀ, ਮਨੋਦਸ਼ਾ ਦੀ ਅਸਥਿਰਤਾ ਅਤੇ ਸੱਭਿਆਚਾਰਕ ਖਾਲੀਪਣ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦਾ ਸੱਭਿਆਚਾਰ, ਵਿਰਸਾ ਅਤੇ ਮਾਂ ਬੋਲੀ ਇਤਿਹਾਸਕ ਤੌਰ 'ਤੇ ਬਹੁਤ ਅਮੀਰ ਰਹੇ ਹਨ। ਸਾਡੀਆਂ ਮਿੱਠੀਆਂ ਬੋਲੀਆਂ, ਰੰਗਲਾ ਸਭਿਆਚਾਰ ਤੇ ਲੋਕ ਰੀਤਾਂ ਅਜਿਹੀਆਂ ਹਨ ਜੋ ਸੰਸਾਰ ਨੂੰ ਵੀ ਰਸ ਭਰ ਦਿੰਦੀਆਂ ਹਨ। ਪਰ ਅੱਜ ਅਸੀਂ ਉਹ ਸਾਰਾ ਗਵਾ ਰਹੇ ਹਾਂ। ਅਸੀਂ ਆਪਣੀਆਂ ਜੜਾਂ ਨਾਲੋਂ ਟੁੱਟ ਰਹੇ ਹਾਂ, ਆਪਣੇ ਆਪ ਤੋਂ ਦੂਰ ਹੋ ਰਹੇ ਹਾਂ, ਤੇ ਇੰਝ ਲੱਗ ਰਿਹਾ ਹੈ ਕਿ ਅਸੀਂ ਆਪਣੇ ਹੀ ਖਾਤਮੇ ਵੱਲ ਪੈਰ ਚੁੱਕ ਲਏ ਹਨ।

ਸਿੱਖਿਆ ਵਿਚ ਸਧਾਰਨਤਾ, ਜੀਵਨ ਦੀ ਸਿੱਖਿਆ, ਆਪਣੀ ਮਾਂ ਬੋਲੀ, ਆਪਣੀ ਪਛਾਣ ਅਤੇ ਮਨੁੱਖਤਾ ਦਾ ਭਾਵ ਸ਼ਾਮਲ ਹੋਣਾ ਚਾਹੀਦਾ ਹੈ। “ਜੋਨੀ ਜੋਨੀ ਜੈਸ ਪਾਪਾ” ਸਿਰਫ਼ ਇੱਕ ਅਰੰਭਕ ਕਵਿਤਾ ਸੀ, ਜਿਸਦਾ ਮਕਸਦ ਬੱਚਿਆਂ ਨੂੰ ਬੋਲਣ ਅਤੇ ਸਿੱਖਣ ਵੱਲ ਉਤਸ਼ਾਹਿਤ ਕਰਨਾ ਸੀ। ਪਰ ਅਸੀਂ ਉਸ ਨੂੰ ਇੱਕ ਅਜਿਹੀ ਦਿਸ਼ਾ ਦੇ ਦਿੱਤੀ ਹੈ ਜਿੱਥੇ ਇਹ ਕਵਿਤਾ ਸਿੱਖਣ ਦੀ ਬਜਾਏ ਹਮੇਸ਼ਾ ਦੇ ਲਈ ਰਟਣ ਵਾਲਾ ਰਾਗ ਬਣ ਗਿਆ। ਇਸ ਲਈ, ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ਸਿੱਖਿਆ ਪ੍ਰਣਾਲੀ ਨੂੰ ਦੁਬਾਰਾ ਸੋਚੀਏ। ਅਸੀਂ ਇਹ ਜਾਣੀਏ ਕਿ ਬੱਚਿਆਂ ਨੂੰ ਰੱਟਵਾਏ ਜਾਂਣ ਦੀ ਥਾਂ, ਉਨ੍ਹਾਂ ਨੂੰ ਜੀਵਨ ਦੀ ਸਮਝ, ਆਪਣੀ ਭਾਸ਼ਾ, ਆਪਣੀ ਮਿੱਟੀ, ਆਪਣੀ ਪਛਾਣ ਅਤੇ ਆਪਣੀ ਮੂਲ ਸਾਂਸਕ੍ਰਿਤਿਕ ਰੇਖਾ ਨਾਲ ਜੋੜੀਏ। ਸਿੱਖਿਆ ਉਹੀ ਜੋ ਬੱਚਿਆਂ ਨੂੰ ਚੰਗਾ ਇਨਸਾਨ ਬਣਾਏ, ਆਪਣੇ ਲਈ ਨਹੀਂ ਸਗੋਂ ਸਮਾਜ ਲਈ ਵੀ ਲਾਹੇਵੰਦ ਬਣਾਏ। ਜੇ ਅਸੀਂ ਇਹ ਨਾ ਕੀਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ "ਜੋਨੀ ਜੋਨੀ ਜੈਸ ਪਾਪਾ" ਤਾਂ ਪੂਰੀ ਤਰ੍ਹਾਂ ਰਟ ਲੈਣਗੀਆਂ, ਪਰ ਉਹ ਕਦੇ ਨਹੀਂ ਜਾਨਣਗੀਆਂ ਕਿ ਇਹ ਕੰਮ ਆਇਆ ਕਿੱਥੇ...?

liberalthinker1621@gmail.com

ਸੰਦੀਪ ਕੁਮਾਰ-7009807121

ਐਮ.ਸੀ.ਏ, ਐਮ.ਏ ਮਨੋਵਿਗਆਨ

ਰੂਪਨਗਰ

 

Have something to say? Post your comment