ਸਿੱਖਿਆ ਵਿਭਾਗ ਦੇ ਸਕੱਤਰ ਅਨਿੰਦਿਤਾ ਮਿੱਤਰਾ, ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਤੇ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਨੇ ਕੀਤੀ ਸ਼ਲਾਘਾ
ਪਟਿਆਲਾ : ਟਿਕਾਊ ਵਾਤਾਵਰਣ ਸੰਭਾਲ ਅਭਿਆਸਾਂ ਨੂੰ ਸਥਾਪਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਪੰਜਾਬ ਦੇ ਪਹਿਲੇ ਕਮਿਊਨਿਟੀ ਡਰਾਈ ਲੀਫ ਕੰਪੋਸਟਰ (ਡੀਐਲਸੀ) ਦਾ ਉਦਘਾਟਨ ਅੱਜ ਮੈਰੀਟੋਰੀਅਸ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਟਿਆਲਾ ਫਾਊਂਡੇਸ਼ਨ ਦੀ ਪ੍ਰਮੁੱਖ ਵਾਤਾਵਰਣ ਸੰਭਾਲ ਪਹਿਲਕਦਮੀ ਪ੍ਰੋਜੈਕਟ ਪ੍ਰਿਥਵੀ ਅਧੀਨ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਕੂਲ ਸਿੱਖਿਆ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਅਤੇ ਉਨ੍ਹਾਂ ਦੇ ਨਾਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਕਮਿਸ਼ਨਰ, ਨਗਰ ਨਿਗਮ ਪਰਮਵੀਰ ਸਿੰਘ ਸਮੇਤ ਕਈ ਪਤਵੰਤੇ ਸੱਜਣ ਸ਼ਾਮਲ ਹੋਏ, ਇਨ੍ਹਾਂ ਸਭਨਾ ਨੇ ਸੁੱਕੇ ਪੱਤਿਆਂ ਤੋਂ ਖਾਦ ਬਣਾਉਣ ਦੇ ਇਸ ਪ੍ਰਾਜੈਕਟ ਦੀ ਸ਼ਲਾਘਾ ਕੀਤੀ।
ਸਕੱਤਰ ਅਨਿੰਦਿਤਾ ਮਿੱਤਰਾ ਨੇ ਪਟਿਆਲਾ ਫਾਊਂਡੇਸ਼ਨ ਦੀ ਵਾਤਾਵਰਣ ਸੰਭਾਲ ਪ੍ਰਤੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦੇ ਦਰਦਰਸ਼ੀ ਸਿੱਟੇ ਨਿਕਲਣਗੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸਾਡੇ ਨੌਜਵਾਨ ਦਿਮਾਗ਼ ਤਿਆਰ ਹੁੰਦੇ ਹਨ, ਅਤੇ ਜੇਕਰ ਅਸੀਂ ਇੱਥੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਸਿਰਜਾਂਗੇ ਤਾਂ ਸੁਨੇਹਾ ਅਗਲੀਆ ਪੀੜ੍ਹੀਆਂ ਤੱਕ ਜਾਵੇਗਾ।
ਉਨ੍ਹਾਂ ਨੇ ਹੋਰ ਸਕੂਲਾਂ ਅਤੇ ਨਾਗਰਿਕ ਸੰਸਥਾਵਾਂ ਨੂੰ ਪ੍ਰਾਜੈਕਟ ਪ੍ਰਿਥਵੀ ਦੇ ਸੁੱਕੇ ਪੱਤਿਆਂ ਤੋਂ ਖਾਦ ਬਣਾਉਣ ਦੇ ਇਸ ਮਾਡਲ ਤੋਂ ਪ੍ਰੇਰਨਾ ਲੈਣ ਅਤੇ ਇਸਨੂੰ ਆਪਣੀਆਂ ਸੰਸਥਾਵਾਂ ਵਿੱਚ ਸਥਾਪਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇੱਕ ਵਾਤਾਵਰਣ-ਚੇਤੰਨ ਸਮਾਜ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕਰਨ ਨਾਲ ਜਵਾਬਦੇਹੀ, ਜਾਗਰੂਕਤਾ ਅਤੇ ਸਾਡੇ ਵਾਤਾਵਰਣ ਪ੍ਰਤੀ ਕਾਰਵਾਈ ਦਾ ਸੱਭਿਆਚਾਰ ਪੈਦਾ ਹੋਵੇਗਾ।
ਜਿਕਰਯੋਗ ਹੈ ਕਿ ਪਟਿਆਲਾ ਫਾਊਂਡੇਸ਼ਨ ਨੇ ਹੁਣ ਸਕੂਲ ਨਾਲ ਮਿਲ ਕੇ ਵਿਦਿਆਰਥੀਆਂ ਦੀ ਇੱਕ ਈਕੋ-ਕੌਂਸ਼ਿਸ ਸੋਸਾਇਟੀ ਸਥਾਪਤ ਕਰਕੇ ਵਾਤਾਵਰਣ ਸੰਭਾਲ, ਰਹਿੰਦ-ਖੂੰਹਦ ਦਾ ਵਾਤਾਵਰਣ ਪੱਖੀ ਢੰਗਾ ਨਾਲ ਨਿਪਟਾਰਾ ਤੇ ਸੰਵੇਦਨਸ਼ੀਲ ਤੇ ਸਿਖਲਾਈ ਸਮੇਤ ਭਵਿੱਖ ਦੇ ਜ਼ਿੰਮੇਵਾਰ ਵਾਤਾਵਰਣ ਸੰਭਾਲ ਵਾਲਿਆਂ ਨੂੰ ਜਾਗਰੂਕ ਕਰਨ ਲਈ ਕੰਮ ਕਰਨ ਦਾ ਫੈਸਲਾ ਕੀਤਾ ਹੈ।
ਪ੍ਰੋਜੈਕਟ ਪ੍ਰਿਥਵੀ ਦੇ ਤਹਿਤ, ਪਟਿਆਲਾ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿੱਚ 100 ਘਰੇਲੂ ਡੀਐਲਸੀ ਅਤੇ 10 ਕਮਿਊਨਿਟੀ ਡੀਐਲਸੀ ਮੁਫਤ ਲਗਾਏ ਜਾ ਰਹੇ ਹਨ। ਇਹ ਪਹਿਲ ਸੁੱਕੇ ਪੱਤਿਆਂ ਦੇ ਰਹਿੰਦ-ਖੂੰਹਦ ਦੇ ਵਿਕੇਂਦਰੀਕ੍ਰਿਤ ਖਾਦ ਨੂੰ ਉਤਸ਼ਾਹਿਤ ਕਰਦੀ ਹੈ, ਜਿਸ ਨਾਲ ਬਾਇਓਮਾਸ ਸਾੜਨ ਨੂੰ ਘਟਾਉਣ ਅਤੇ ਸ਼ਹਿਰੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ।
ਪਟਿਆਲਾ ਫਾਊਂਡੇਸ਼ਨ ਦੇ ਸੀਈਓ ਰਵੀ ਸਿੰਘ ਆਹਲੂਵਾਲੀਆ ਨੇ ਕਿਹਾ, “ਇਹ ਪ੍ਰਾਜੈਕਟ ਸਿਰਫ਼ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਨਹੀਂ ਹੈ ਸਗੋਂ ਇਹ ਵਾਤਾਵਰਣ ਦਾ ਇਮਾਨਦਾਰੀ ਨਾਲ ਸਤਿਕਾਰ ਕਰਨ ਦੀ ਜ਼ਿੰਮੇਵਾਰੀ ਲੈਣ ਦਾ ਇੱਕ ਸੱਭਿਆਚਾਰ ਸਿਰਜਣ ਦੀ ਪਹਿਲਕਦਮੀ ਵੀ ਹੈ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿੱਚ ਇਸ ਪਹਿਲੇ ਡੀਐਲਸੀ ਦੇ ਸਥਾਪਿਤ ਹੋਣ ਨਾਲ, ਅਸੀਂ ਇੱਕ ਵਾਤਾਵਰਣ ਪ੍ਰਤੀ ਜਾਗਰੂਕ ਵਿਦਿਆਰਥੀ ਭਾਈਚਾਰੇ ਦੇ ਸੱਭਿਆਚਾਰ ਦੇ ਬੀਜ ਬੀਜੇ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਵਿਦਿਆਰਥੀਆਂ ਵੱਲੋਂ ਇੱਕ ਕੇਂਦ੍ਰਿਤ ਯਤਨ ਕੀਤੇ ਜਾਣਗੇ ਅਤੇ ਉਹ ਪਟਿਆਲਾ ਨੂੰ ਇੱਕ ਸਾਫ਼, ਵਧੇਰੇ ਟਿਕਾਊ ਭਵਿੱਖ ਵੱਲ ਲੈ ਜਾਣਗੇ।”
ਇਸ ਮੌਕੇ ਮੈਰੀਟੋਰੀਅਸ ਸਕੂਲ ਪ੍ਰਿੰਸੀਪਲ ਦੀਪਮਾਲਾ ਗੋਇਲ,ਪ੍ਰੋਜੈਕਟ ਡਾਇਰੈਕਟਰ ਰਾਜੇਸ਼ ਭਾਰਦਵਾਜ,ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਗਗਨਦੀਪ, ਸਕੂਲ ਪ੍ਰਸ਼ਾਸਨ ਦੇ ਵਿਦਿਆਰਥੀਆਂ, ਫੈਕਲਟੀ ਮੈਂਬਰ, ਗੈਰ-ਅਧਿਆਪਨ ਸਟਾਫ ਦੇ ਨਾਲ ਪਟਿਆਲਾ ਫਾਊਂਡੇਸ਼ਨ ਦੇ ਚੇਅਰਮੈਨ ਡਾ. ਆਰ. ਕੇ. ਸ਼ਰਮਾ, ਡਾ. ਕਰਨ ਡਾਂਗ, ਅਨਮੋਲਜੀਤ ਸਿੰਘ, ਡਾ. ਅਭਿਨੰਦਨ ਬੱਸੀ ਅਤੇ ਵਲੰਟੀਅਰ ਆਦਿਤਿਆ, ਮੋਹਿਤ, ਬ੍ਰਿਧੀ, ਰਵਲਦੀਪ, ਜਸਕਰਨ ਅਤੇ ਕਵਲਜੀਤ ਵੀ ਮੌਜੂਦ ਸਨ, ਜਿਨ੍ਹਾਂ ਸਾਰਿਆਂ ਨੇ ਆਪਣੇ ਆਲੇ ਦੁਆਲੇ ਵਿੱਚ ਟਿਕਾਊ ਵਾਤਾਵਰਣ ਅਭਿਆਸਾਂ ਦਾ ਸਮਰਥਨ ਅਤੇ ਪ੍ਰਚਾਰ ਕਰਨ ਦਾ ਵਾਅਦਾ ਕੀਤਾ।