7 ਮਈ ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ੍ਰੀ ਜੰਗ ਦੇ ਆਰੰਭ ਨਾਲ ਹੀ ਦੋਹਾਂ ਦੇਸ਼ਾਂ ਵਿੱਚ ਹਲਚਲ ਦਾ ਮਾਹੌਲ ਬਣ ਗਿਆ। ਦੋਵਾਂ ਪਾਸਿਆਂ ਤੋਂ ਮੀਡੀਆ, ਸਰਕਾਰਾਂ, ਜਨਤਾ ਅਤੇ ਆਰਮੀ ਚੌਕਸ ਹੋ ਗਈ। ਲੋਕਾਂ ਨੇ ਆਪਣੇ ਆਪਣੇ ਢੰਗ ਨਾਲ ਇਸ ਮਾਹੌਲ ਨੂੰ ਸਮਝਣ ਅਤੇ ਜਿਉਣ ਦੀ ਕੋਸ਼ਿਸ਼ ਕੀਤੀ। ਪਰ ਜੋ ਸਭ ਤੋਂ ਹੈਰਾਨੀਜਨਕ ਗੱਲ ਸੀ, ਉਹ ਇਹ ਕਿ ਜਿੱਥੇ ਸਰਹੱਦਾਂ 'ਤੇ ਗੋਲੀਆਂ ਚਲ ਰਹੀਆਂ ਸਨ, ਉੱਥੇ ਹੀ ਅੰਦਰੋਂ ਅੰਦਰ ਸਮਾਜਿਕ ਮੰਚਾਂ ਤੇ, ਸੋਸ਼ਲ ਮੀਡੀਆ ਤੇ ਅਤੇ ਲੋਕਾਂ ਦੀ ਜ਼ੁਬਾਨੀ ਵੀ ਇੱਕ ਹੋਰ ਹੀ ਜੰਗ ਲੜੀ ਜਾ ਰਹੀ ਸੀ ਜਿਸ ਦਾ ਤੀਰ ਸਿੱਧਾ ਲੋਕਾਂ ਦੇ ਜਜ਼ਬਾਤਾਂ, ਜਾਣਕਾਰੀ ਦੀ ਘਾਟ ਅਤੇ ਦੇਸ਼ ਭਗਤੀ ਦੀ ਪਰਿਭਾਸ਼ਾ 'ਤੇ ਨਿਸ਼ਾਨਾ ਸੀ। ਇਸ ਜੰਗ ਨੇ ਨਾ ਸਿਰਫ਼ ਰਾਜਨੀਤਕ ਹਾਲਾਤਾਂ ਨੂੰ ਹਿਲਾ ਦਿੱਤਾ, ਸਗੋਂ ਲੋਕਾਂ ਦੀ ਸੋਚ, ਮਾਨਸਿਕਤਾ ਅਤੇ ਸਮਾਜਿਕ ਰਵੱਈਏ ਨੂੰ ਵੀ ਸੀਸ਼ਾ ਵਿਖਾਇਆ। ਇੱਕ ਪਾਸੇ ਜਿੱਥੇ ਸਰਹੱਦਾਂ ਉੱਤੇ ਫੌਜੀ ਆਪਣੀ ਜਾਨ ਦੀ ਬਾਜ਼ੀ ਲਗਾ ਰਹੇ ਸਨ, ਉੱਥੇ ਦੂਜੇ ਪਾਸੇ ਆਮ ਲੋਕਾਂ ਦੀ ਤਿਆਰੀ ਅਤੇ ਰਵੱਈਆ ਕਈ ਵਾਰ ਐਸਾ ਸੀ ਕਿ ਉਨ੍ਹਾਂ ਨੂੰ ਤੋਪਾਂ ਦੀ ਨਹੀਂ, ਕਦੇ ਕਦੇ ਤਕਰੀਬਨ ਵਿਅੰਗਪੂਰਕ ਸਲਾਮੀਆਂ ਦੀ ਲੋੜ ਬਣ ਜਾਂਦੀ ਸੀ।
ਜਿਵੇਂ ਕਿ ਉਨ੍ਹਾਂ ਲੋਕਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਛੇ-ਛੇ ਮਹੀਨਿਆਂ ਦਾ ਰਾਸ਼ਨ ਇਕੱਠਾ ਕਰ ਲਿਆ। ਇਹ ਸਾਵਧਾਨੀ ਸੀ ਜਾਂ ਡਰ? ਇਹ ਨਿਸ਼ਚਿਤ ਕਰਨਾ ਔਖਾ ਹੈ। ਪਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਇਹ ਲੋਕ ਜੰਗ ਨੂੰ ਆਪਣੇ ਘਰ ਦੀਆਂ ਕੰਧਾਂ ਵਿੱਚ ਆਉਣ ਤੋਂ ਪਹਿਲਾਂ ਹੀ ਸੁਰੱਖਿਅਤ ਹੋ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਹਨਾਂ ਲਈ 11 ਤੋਪਾਂ ਦੀ ਸਲਾਮੀ ਤਾਂ ਬਣਦੀ ਹੀ ਹੈ। ਅਗਲੇ ਸਤਰ 'ਤੇ ਆਉਂਦੇ ਹਾਂ ਉਹਨਾਂ ਲੋਕਾਂ ਵੱਲ ਜਿਨ੍ਹਾਂ ਨੇ ਪੈਟਰੋਲ ਅਤੇ ਡੀਜ਼ਲ ਦਾ ਸਟਾਕ ਇਕੱਠਾ ਕਰ ਲਿਆ। ਇੰਝ ਲੱਗ ਰਿਹਾ ਸੀ ਕਿ ਜੰਗ ਨਾ ਹੋ ਕੇ ਕਿਸੇ ਲੰਬੀ ਯਾਤਰਾ ਦੀ ਤਿਆਰੀ ਹੋ ਰਹੀ ਹੋਵੇ। ਦੇਸ਼ ਨਾਲ ਖੜ੍ਹਨ ਦੀ ਥਾਂ, ਇਨ੍ਹਾਂ ਲਈ ਸੌਖਾ ਰਸਤਾ ਇਹ ਸੀ ਕਿ ਆਪਣੀ ਜੇਬ ਭਰ ਲਵੋ ਤੇ ਖੁਦ ਨੂੰ ਤਿਆਰ ਸਮਝੋ। ਇਸ ਲਈ ਇਹਨਾਂ ਲੋਕਾਂ ਲਈ 21 ਤੋਪਾਂ ਦੀ ਸਲਾਮੀ ਤਾਂ ਦੇਣੀ ਬਣਦੀ ਹੀ ਹੈ।
31 ਤੋਪਾਂ ਦੀ ਸਲਾਮੀ ਮਿਲਦੀ ਹੈ ਉਹਨਾਂ ਨੂੰ ਜਿਨ੍ਹਾਂ ਨੇ ਜੰਗ ਨੂੰ ਵੀ ਇੱਕ ਵਿਡੀਓ ਕੰਟੈਂਟ ਦਾ ਥੀਮ ਬਣਾ ਲਿਆ। ਆਰਟੀਫੀਸ਼ਲ ਇੰਟੈਲੀਜੈਂਸ ਨਾਲ ਬਣੀਆਂ ਨਕਲੀ ਵੀਡੀਓਜ਼, ਝੂਠੇ ਦ੍ਰਿਸ਼ ਅਤੇ ਮਨਘੜੰਤ ਕਥਾਵਾਂ ਸਿਰਫ ਲੋਕਾਂ ਨੂੰ ਭਟਕਾਉਣ ਦੇ ਕੰਮ ਆ ਰਹੀਆਂ ਸਨ। ਜੰਗ ਜਿੱਥੇ ਮਜਾਕ ਬਣ ਜਾਏ, ਉੱਥੇ ਫਿਰ ਦੇਸ਼ ਭਗਤੀ ਦੀ ਪਰਿਭਾਸ਼ਾ ਵੀ ਨਵੀਂ ਬਣਦੀ ਹੈ। ਫਿਰ 41 ਤੋਪਾਂ ਦੀ ਸਲਾਮੀ ਉਹਨਾਂ ਲਈ ਜਿਹੜੇ ਮੋਕ ਡਰਿੱਲ ਦਾ ਨਾਮ ਸੁਣ ਕੇ ਘਰੋਂ ਹੀ ਨਹੀਂ ਨਿਕਲੇ। ਡਰ ਇੰਨਾ ਹਾਵੀ ਸੀ ਕਿ ਜਿਵੇਂ ਜੰਗ ਉਨ੍ਹਾਂ ਦੇ ਵਿਹੜੇ ਵਿੱਚ ਹੀ ਹੋਣੀ ਹੋਵੇ। ਇਹ ਉਹ ਲੋਕ ਸਨ ਜਿਨ੍ਹਾਂ ਨੇ ਕਦੇ ਵੀ ਭਰੋਸਾ ਨਹੀਂ ਕੀਤਾ ਕਿ ਫੌਜ ਜਾਂ ਸਰਕਾਰ ਉਨ੍ਹਾਂ ਦੀ ਰੱਖਿਆ ਕਰੇਗੀ। ਫਿਰ 51 ਤੋਪਾਂ ਦੀ ਸਲਾਮੀ ਉਹਨਾਂ ਲਈ ਜਿਨ੍ਹਾਂ ਨੇ ਮਿਜ਼ਾਈਲਾਂ ਦੇ ਮਲਬੇ ਨਾਲ ਫੋਟੋਆਂ ਪਾਈਆਂ। ਜਿੱਥੇ ਜੰਗ ਦੀ ਤਬਾਹੀ ਦੇ ਅਸਰ ਸਨ, ਉੱਥੇ ਇਨ੍ਹਾਂ ਲੋਕਾਂ ਲਈ ਫੋਟੋ ਸ਼ੂਟ ਦਾ ਮੌਕਾ ਸੀ। ਇਹ ਮਾਨਸਿਕਤਾ ਦਰਸਾਉਂਦੀ ਹੈ ਕਿ ਕਿਵੇਂ ਅਸਲ ਘਟਨਾ ਨੂੰ ਵੀ ਝੂਠੇ ਰੰਗਾਂ ਨਾਲ ਭਰ ਦਿੱਤਾ ਜਾਂਦਾ ਹੈ।
61 ਤੋਪਾਂ ਦੀ ਸਲਾਮੀ ਉਸ ਮੀਡੀਆ ਨੂੰ ਮਿਲਦੀ ਹੈ ਜੋ ਜੰਗ ਦੇ ਸਮੇਂ ਵੀ ਆਪਣੀ ਰੋਟੀਆਂ 'ਤੇ ਮੱਖਣ ਲਾਉਣ ਵਿੱਚ ਲੱਗੀ ਰਹੀ। ਜੋ ਮੀਡੀਆ ਦੇਸ਼ ਵਿਰੋਧੀ ਪੱਖ ਲੈ ਕੇ ਸਰਕਾਰ ਦੀਆਂ ਕਾਰਵਾਈਆਂ 'ਚ ਕਮੀਆਂ ਲੱਭਣ ਵਿੱਚ ਲੱਗੀ ਰਹੀ, ਜਿਸ ਨਾਲ ਦੇਸ਼ ਦੀ ਇੰਟਰਨੈਸ਼ਨਲ ਸਾਖ ਨੂੰ ਝਟਕਾ ਲੱਗਿਆ। ਫਿਰ 71 ਤੋਪਾਂ ਦੀ ਸਲਾਮੀ ਉਹਨਾਂ ਯੋਧਿਆਂ ਨੂੰ ਜੋ ਸਿਰਫ ਫੇਸਬੁੱਕ ਤੇ ਹੀ ਲੜੇ, ਝੂਠੀਆਂ ਪੋਸਟਾਂ ਪਾ ਕੇ ਰਾਸ਼ਟਰਵਾਦ ਦੀ ਸੱਚੀ-ਝੂਠੀ ਬੀਨ ਵਜਾਉਂਦੇ ਰਹੇ।। ਇਹ ਲੋਕ ਹਕੀਕਤ ਵਿੱਚ ਕਦੇ ਵੀ ਜੰਗ ਦੇ ਅਸਲੀ ਅਰਥ ਨੂੰ ਨਹੀਂ ਸਮਝੇ। ਫਿਰ 81 ਤੋਪਾਂ ਦੀ ਸਲਾਮੀ ਉਹਨਾਂ ਪਰਵਾਸੀਆਂ ਨੂੰ ਜੋ ਜੰਗ ਦੇ ਨਾਮ ਤੇ ਰਾਤੋਂ-ਰਾਤ ਟਰੇਨਾਂ 'ਚ ਚੜ੍ਹ ਕੇ ਆਪਣੇ ਪਿੰਡਾਂ ਨੂੰ ਵਾਪਸ ਭੱਜ ਗਏ। ਬਦਕਿਸਮਤੀ ਨਾਲ ਕਈ ਹਾਲੇ ਰੇਲਵੇ ਸਟੇਸ਼ਨਾਂ 'ਤੇ ਹੀ ਸਨ ਜਦੋਂ ਜੰਗ ਬੰਦ ਦਾ ਐਲਾਨ ਹੋ ਗਿਆ। ਉਨ੍ਹਾਂ ਦਾ ਇਹ ਕਦਮ ਸਾਡੇ ਸੂਬੇ ਪ੍ਰਤੀ ਉਹਨਾਂ ਦੀ ਕਿੰਨੀ ਕੁ ਵਫਾਦਾਰੀ ਹੈ, ਉਸ ਨੂੰ ਸਿੱਧ ਕਰਦਾ ਹੈ।
91 ਤੋਪਾਂ ਦੀ ਸਲਾਮੀ ਉਹਨਾਂ ਫਨਕਾਰਾਂ, ਅਦਾਕਾਰਾਂ, ਸੋਸ਼ਲ ਐਕਟੀਵਿਸਟਾਂ ਅਤੇ ਵੱਖਵਾਦੀ ਸੋਚ ਵਾਲਿਆਂ ਨੂੰ ਜਿਹੜੇ ਜੰਗ ਦੀ ਔਖੀ ਘੜੀ ਵਿੱਚ ਵੀ ਆਪਣੇ ਦੇਸ਼ ਨਾਲ ਨਹੀਂ ਖੜ੍ਹ ਸਕੇ। ਖਾਸ ਕਰਕੇ ਉਹ ਪਾਕਿਸਤਾਨੀ ਅਦਾਕਾਰ ਜੋ ਭਾਰਤ ਦੇ ਅੰਦਰੋ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਜਿਵੇਂ ਕਿ ਪਾਕਿਸਤਾਨੀ ਅਦਾਕਾਰ ਇਫਤੀਕਾਰ ਚੌਧਰੀ, ਜੋ ਖਾਲਸਾ ਰਾਜ ਦੀ ਗੱਲ ਕਰਕੇ ਪੰਜਾਬੀਆਂ ਨੂੰ ਭੜਕਾਉਣ ਵਿੱਚ ਲੱਗਾ ਹੋਇਆ ਸੀ, ਜਦਕਿ ਆਪਣੇ ਦੇਸ਼ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਨਾਂ ਬਚਾ ਸਕਿਆ ਤੇ ਫਿਰ ਆਉਂਦੀ ਹੈ 101 ਤੋਪਾਂ ਦੀ ਸਲਾਮੀ ਅਮਰੀਕਾ ਦੇ ‘ਸਰਪੰਚ’ਡੋਨਲਡ ਟਰੰਪ ਨੂੰ, ਜਿਸ ਨੇ ਦੋਗਲੀ ਨੀਤੀ ਖੇਡਦਿਆਂ ਦੋਵਾਂ ਦੇਸ਼ਾਂ ਵਿਚਕਾਰ ਸੀਜ਼ਫਾਇਰ ਕਰਵਾ ਦਿੱਤਾ ਤੇ ਨਾਲ ਹੀ ਪਾਕਿਸਤਾਨ ਨੂੰ ਇੱਕ ਬਿਲੀਅਨ ਡਾਲਰ ਦਾ ਕਰਜ਼ਾ ਵੀ ਮਨਜ਼ੂਰ ਕਰਵਾ ਦਿੱਤਾ। ਇਹ ਗੱਲ ਵੱਖਰੀ ਹੈ ਕਿ ਸੀਜ਼ਫਾਇਰ ਤੋਂ ਤਿੰਨ ਘੰਟੇ ਬਾਅਦ ਹੀ ਪਾਕਿਸਤਾਨ ਨੇ ਮੁੜ ਹਮਲਾ ਕਰ ਦਿੱਤਾ।
ਉਪਰੋਕਤ ਤੋਪਾਂ ਦੀਆਂ ਸਲਾਮੀਆਂ ਇੱਕ ਵਿਅੰਗ ਹੈ, ਪਰ ਇਹ ਸੱਚਾਈ ਨੂੰ ਦਰਸਾਉਂਦਾ ਹੈ। ਜਦੋਂ ਇੱਕ ਦੇਸ਼ ਔਖੀ ਘੜੀ ਵਿੱਚ ਹੋਵੇ, ਤਾਂ ਦੇਸ਼ਵਾਸੀਆਂ ਨੂੰ ਇਕਜੁਟ ਹੋ ਕੇ, ਸੋਚ ਸਮਝ ਕੇ, ਤੇ ਠੰਢੇ ਦਿਮਾਗ ਨਾਲ ਦੇਸ਼ ਦੇ ਫੈਸਲਿਆਂ ਦੇ ਨਾਲ ਖੜਨਾ ਚਾਹੀਦਾ ਹੈ। ਜੰਗ ਜਾਂ ਜੰਗ ਵਰਗੀ ਸਥਿਤੀ ਹਾਸੇ-ਮਜਾਕ, ਵੀਡੀਓ ਗੇਮ ਜਾਂ ਟ੍ਰੋਲਿੰਗ ਦਾ ਵਿਸ਼ਾ ਨਹੀਂ ਹੁੰਦੀ। ਇਹ ਸਮਾਂ ਹੋਂਸਲਾ ਅਤੇ ਸੱਚੀ ਰਾਸ਼ਟਰ ਭਗਤੀ ਵਿਖਾਉਣ ਦਾ ਹੁੰਦਾ ਹੈ। ਸੋ, ਇਹ ਲੇਖ ਸਾਨੂੰ ਸਿੱਖ ਦਿੰਦਾ ਹੈ ਕਿ ਭਵਿੱਖ ਵਿੱਚ ਜਦ ਵੀ ਕਿਸੇ ਔਖੀ ਘੜੀ ਦਾ ਸਾਹਮਣਾ ਹੋਵੇ, ਤਾਂ ਤੋਪਾਂ ਦੀ ਸਲਾਮੀ ਦੀ ਲੋੜ ਨਾ ਪਵੇ, ਸਗੋਂ ਹਰ ਨਾਗਰਿਕ ਆਪਣੇ ਕੰਮ, ਸੱਚਾਈ, ਜਿੰਮੇਵਾਰੀ ਅਤੇ ਰਾਸ਼ਟਰ ਪ੍ਰਤੀ ਨਿਭਾਈ ਭੂਮਿਕਾ ਰਾਹੀਂ ਦੇਸ਼ ਨੂੰ ਮਜ਼ਬੂਤ ਕਰੇ। ਜੀਵਨ ਵਿੱਚ ਅਸਲ ਤੋਪਾਂ ਦੀ ਸਲਾਮੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜੋ ਨਿੱਭਕੇ ਸਮਾਜ ਲਈ ਕੁੱਝ ਕਰਕੇ ਵਿਖਾਉਂਦੇ ਹਨ, ਨਾ ਕਿ ਉਹ ਜੋ ਸਿਰਫ਼ ਸ਼ੋਰ ਕਰਦੇ ਹਨ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ