Sunday, July 13, 2025

Articles

ਦੇਸ਼ ਦਾ ਨਾਮ ਰੋਸ਼ਨ ਕਰਨ ਵਾਲਾ-ਫਰੀਦਕੋਟੀਆ ਲਵਲੀ ਸਰਾਂ

July 12, 2025 06:28 PM
SehajTimes

ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿਖੇ ਹੋਈਆਂ 7ਵੀਂ ਨੈਸ਼ਨਲ ਮਾਸਟਰ ਐਥਲੈਟਿਕ ਖੇਡਾਂ ਵਿੱਚ ਤਿੰਨ ਮੈਡਲ ਜਿੱਤ ਕੇ ਆਪਣੇ ਪਿੰਡ ਸਰਾਂ, ਜ਼ਿਲੇ ਫਰੀਦਕੋਟ, ਪੰਜਾਬ ਦਾ ਮਾਣ ਵਧਾਉਣ ਉਪਰੰਤ ਸੁਖਵਿੰਦਰ ਸਿੰਘ ਉਰਫ ਲਵਲੀ ਸਰਾਂ ਦੀ ਚੌਣ ਸ੍ਰੀਲੰਕਾ ਵਿਖੇ ਹੋਣ ਵਾਲੀ 38ਵੀਆਂ ਇੰਟਰਨੈਸ਼ਨਲ ਓਪਨ ਮਾਸ਼ਟਰ ਅਥਲੈਟਕਿ ਖੇਡਾਂ ਵਿੱਚ ਭਾਰਤ ਦੇਸ਼ ਦੀ ਨੁਮਾਇੰਦਗੀ ਕਰਨ ਲਈ ਹੋਈ ਸੀ। ਇਸੇ ਹਫਤੇ ਸੁਖਵਿੰਦਰ ਸਿੰਘ ਉਰਫ ਲਵਲੀ ਸਰਾਂ ਭਾਰਤ ਦੀ ਨੁਮਾਇੰਦਗੀ ਕਰਦੇ ਹੋਏ ਸ੍ਰੀਲੰਕਾ ਵਿਖੇ ਹੋਈਆਂ 38ਵੀਆਂ ਇੰਟਰਨੈਸ਼ਨਲ ਓਪਨ ਮਾਸ਼ਟਰ ਅਥਲੈਟਕਿ ਖੇਡਾਂ( 5 ਤੋਂ 6 ਜੁਲਾਈ 2025 )ਵਿੱਚ ਦੋ ਤਗਮੇ ਜਿੱਤ ਕੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਪੰਜਾਬੀ ਗਭਰੂ ਵੱਲੋਂ ਭਾਰਤ ਦਾ ਨਾਮ ਰੋਸ਼ਨ ਕੀਤਾ। ਇਥੇ ਖੇਡਾਂ ਵਿੱਚ ਭਾਗ ਲੈਂਦੇ ਹੋਏ ਸੁਖਵਿੰਦਰ ਸਿੰਘ ਉਰਫ ਲਵਲੀ ਸਰਾਂ ਵੱਲੋਂ ਸ਼ਾਟ ਪੁੱਟ ਈਵੈਂਟ ਵਿੱਚ ਗੋਲਡ ਮੈਡਲ ਅਤੇ ਹੈਮਰ ਥਰੋਅ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ। ਇਹਨਾਂ ਖੇਡਾਂ ਵਿੱਚ ਪ੍ਰਾਪਤੀਆਂ ਇਹ ਸਾਬਤ ਕਰਦੀਆਂ ਹਨ ਕਿ ਲਵਲੀ ਸਰਾਂ ਦੀ ਮਹਿਨਤ ਅਤੇ ਦ੍ਰੜਿਤਾ ਅਜੇ ਵੀ ਜਾਰੀ ਹੈ। ਇਸ ਪ੍ਰਾਪਤੀ ਵਿੱਚ ਖ਼ਾਸ ਗੱਲ ਇਹ ਰਹੀ ਕਿ ਇਹ ਮੈਡਲ ਜਿੱਤਣ ਸਮੇਂ ਉਹ ਪਹਿਲਾਂ ਵੀ ਸਰੀਰਕ ਤਕਲੀਫ਼ਾਂ ਨਾਲ ਜੂਝ ਰਹੇ ਸਨ, ਪਰ ਉਹਨਾਂ ਨੇ ਇਹਨਾਂ ਤਕਲੀਫਾਂ 'ਚ ਵੀ ਆਪਣਾ ਹੌਂਸਲਾ ਡੋਲਣ ਨਹੀਂ ਦਿੱਤਾ ਅਤੇ ਜਿੱਤਾਂ ਹਾਸਲਿ ਕੀਤੀਆਂ।

ਪਿੰਡ ਸਰਾਵਾਂ, ਜ਼ਿਲਾ ਫਰੀਦਕੋਟ ਦੇ ਸੁਖਜਿੰਦਰ ਸਿੰਘ ਉਰਫ ਲਵਲੀ ਸਰਾਂ ਦਾ, ਜਿਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਦੋ ਤਗਮੇ ਹਾਸਿਲ ਕਰਕੇ ਪਿੰਡ ਸਰਾਂ, ਜ਼ਿਲੇ ਫਰੀਦਕੋਟ, ਪੰਜਾਬ ਅਤੇ ਭਾਰਤ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ। ਸੁਖਜਿੰਦਰ ਸਿੰਘ ਦਾ ਜਨਮ ਸਰਦਾਰ ਕੁਲਦੀਪ ਸਿੰਘ ਅਤੇ ਸਰਦਾਰਨੀ ਪਰਮਜੀਤ ਕੌਰ ਦੇ ਘਰ ਪਿੰਡ ਸਰਾਵਾਂ, ਜ਼ਿਲਾ ਫਰੀਦਕੋਟ ਵਿੱਚ ਹੋਇਆ। ਬਚਪਨ ਤੋਂ ਹੀ ਲਵਲੀ ਸਰਾਂ ਨੂੰ ਖੇਡਾਂ ਪ੍ਰਤੀ ਵੱਡਾ ਲਗਾਅ ਸੀ। ਖੇਡਾਂ ਲਈ ਇਹ ਉਤਸ਼ਾਹ ਉਸ ਦੀ ਵਿਰਾਸਤ ਵਿੱਚ ਸੀ, ਕਿਉਂਕਿ ਉਸਦੇ ਦਾਦਾ ਜੀ ਪੰਜਾਬ ਪੁਲਿਸ ਵਿੱਚ ਇੱਕ ਮਸ਼ਹੂਰ ਪਹਿਲਵਾਨ ਰਹੇ। ਖੇਤੀਬਾੜੀ ਕਰਦੇ ਪਿਤਾ ਜੀ ਅਤੇ ਸਾਬਕਾ ਸਰਪੰਚ ਮਾਤਾ ਜੀ ਦੇ ਸਾਥ ਨਾਲ ਲਵਲੀ ਸਰਾਂ ਨੇ ਆਪਣੇ ਬਚਪਨ ਤੋਂ ਹੀ ਦ੍ਰਿੜ ਨਿਸ਼ਚੇ ਅਤੇ ਮਿਹਨਤੀ ਸੁਭਾਅ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾਇਆ। ਤਕਨੀਕੀ ਸਿੱਖਿਆ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲਵਲੀ ਸਰਾਂ ਨੇ ਅਧਿਆਪਕ ਵਜੋਂ ਆਪਣਾ ਪੇਸ਼ਾ ਚੁਣਿਆ ਅਤੇ ਸਰਕਾਰੀ ਹਾਈ ਸਕੂਲ ਸਿਵੀਆਂ, ਜ਼ਿਲਾ ਫਰੀਦਕੋਟ ਵਿੱਚ ਸੇਵਾ ਕਰ ਰਹੇ ਹਨ। ਇੱਥੇ ਉਹ ਨੌਜਵਾਨਾਂ ਨੂੰ ਨਾ ਸਿਰਫ਼ ਵਿਦਿਆ ਦੀ ਦਿਸ਼ਾ ਵਿੱਚ ਉਤਸ਼ਾਹਿਤ ਕਰਦੇ ਹਨ, ਸਗੋਂ ਖੇਡਾਂ ਵੱਲ ਵੀ ਪੂਰੀ ਲਗਨ ਅਤੇ ਦਿਲੋ ਜਾਨ ਨਾਲ ਮਿਹਨਤ ਕਰਵਾ ਰਹੇ ਹਨ।

ਲਵਲੀ ਸਰਾਂ ਦੀ ਕੋਸ਼ਿਸ਼ਾਂ ਦੇ ਨਤੀਜੇ ਸਪਸ਼ਟ ਤੌਰ 'ਤੇ ਸਾਹਮਣੇ ਆ ਰਹੇ ਹਨ- ਸਕੂਲ ਦੇ ਬੱਚੇ ਬਲਾਕ ਪੱਧਰ, ਜ਼ਿਲਾ ਪੱਧਰ, ਰਾਜ ਪੱਧਰ ਦੀਆਂ ਖੇਡਾਂ ਵਿੱਚ ਆਪਣਾ ਲੋਹਾ ਮਨਵਾ ਰਹੇ ਹਨ। ਪੰਜਾਬ ਸਰਕਾਰ ਦੀ ਪਹਿਲ 'ਖੇਡੋ ਵਤਨ ਪੰਜਾਬ' ਤਹਿਤ ਹੋਣ ਵਾਲੀਆਂ ਖੇਡਾਂ ਵਿੱਚ ਵੀ ਬੱਚਿਆਂ ਨੇ ਉਚੀਆਂ ਪੁਜੀਸ਼ਨਾਂ ਹਾਸਿਲ ਕਰਕੇ ਆਪਣੇ ਸਕੂਲ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਲਵਲੀ ਸਰਾਂ ਲਈ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਅਤੇ ਤੰਦਰੁਸਤ ਜੀਵਨ ਵਲ ਪ੍ਰੇਰਨਾ ਦੇਣਾ ਜ਼ਿੰਦਗੀ ਦਾ ਮਿਸ਼ਨ ਬਣ ਚੁੱਕਾ ਹੈ। ਹਰ ਰੋਜ਼ ਪਿੰਡ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਗਰਾਊਂਡ ਵਿੱਚ ਲਿਆ ਕੇ ਖੇਡਾਂ ਲਈ ਤਿਆਰ ਕਰਨਾ, ਉਨ੍ਹਾਂ ਨੂੰ ਤੰਦਰੁਸਤ ਜੀਵਨ ਦੀ ਅਹਮਿਤਾ ਸਮਝਾਉਣਾ, ਲਵਲੀ ਸਰਾਂ ਦੀ ਰੋਜ਼ਾਨਾ ਦੀ ਜ਼ਿੰਮੇਵਾਰੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਵੀ ਨੌਜਵਾਨਾਂ ਨੂੰ ਫਿਟਨੈਸ ਲਈ ਜਾਗਰੂਕ ਕਰਦੇ ਹਨ। ਆਪਣੇ ਖੁਦ ਦੇ ਬਣਾਏ ਫਿਟਨੈਸ ਵਿਡੀਓਜ਼ ਅਤੇ ਕੋਚਿੰਗ ਰਾਹੀਂ ਉਹ ਅਨੇਕਾਂ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇ ਹਨ।

ਲਵਲੀ ਸਰਾਂ ਦਾ ਖੇਡਾਂ ਨਾਲ ਅਟੁੱਟ ਨਾਤਾ ਬਚਪਨ ਤੋਂ ਹੀ ਸੀ। ਛੋਟੀ ਉਮਰ ਵਿੱਚ ਹੀ ਕਬੱਡੀ ਪ੍ਰਤੀ ਉਨ੍ਹਾਂ ਦਾ ਗਹਿਰਾ ਸ਼ੌਂਕ ਜਾਗ ਗਿਆ ਸੀ। ਇਸ ਲਈ ਇਲਾਕੇ ਦੇ ਕਈ ਕਬੱਡੀ ਮੁਕਾਬਲੀਆਂ ਵਿੱਚ ਹਿੱਸਾ ਲੈ ਕੇ ਉਨ੍ਹਾਂ ਨੇ ਆਪਣਾ ਇੱਕ ਵੱਖਰਾ ਮੁਕਾਮ ਬਣਾਇਆ। ਹਾਲਾਂਕਿ, ਇਕ ਸੱਟ ਕਾਰਨ ਕਬੱਡੀ ਖੇਡਣੀ ਛੱਡਣੀ ਪਈ, ਪਰ ਹੌਂਸਲਾ ਨਹੀਂ ਛੱਡਿਆ। ਲਗਾਤਾਰ ਮਿਹਨਤ ਅਤੇ ਜ਼ਿੰਮੇਵਾਰੀ ਨਾਲ ਅੱਜ ਉਹ ਖੇਡਾਂ ਦੇ ਮੈਦਾਨ ਵਿੱਚ ਨੌਜਵਾਨਾਂ ਦੀਆਂ ਕਤਾਰਾਂ ਨੂੰ ਤਿਆਰ ਕਰ ਰਹੇ ਹਨ। ਫਿਟਨੈਸ ਅਤੇ ਨਸ਼ਾ ਮੁਕਤੀ ਲਈ ਲਵਲੀ ਸਰਾਂ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪਿੰਡ ਵਿੱਚ ਫਿਟਨੈਸ ਕੈਂਪ ਅਤੇ ਖੂਨਦਾਨ ਕੈਂਪ ਲਗਾਉਣਾ, ਟੂਰਨਾਮੈਂਟ ਕਰਵਾਉਣਾ, ਨੌਜਵਾਨਾਂ ਨੂੰ ਹੌਂਸਲਾ ਦੇਣਾ ਅਤੇ ਪੂਰੇ ਇਲਾਕੇ ਨੂੰ ਸਿਹਤਮੰਦ ਜੀਵਨ ਵੱਲ ਮੋੜਨਾ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਮਕਸਦ ਬਣ ਚੁੱਕਾ ਹੈ। ਖੇਡ ਟੂਰਨਾਮੈਂਟਾਂ ਵਿੱਚ ਨੌਜਵਾਨਾਂ ਦੀ ਐਂਟਰੀ ਕਰਵਾਉਣਾ ਅਤੇ ਖਿਡਾਰੀਆਂ ਨੂੰ ਮੰਚ ਮੁਹੱਈਆ ਕਰਵਾਉਣਾ, ਲਵਲੀ ਸਰਾਂ ਦੀ ਨਿੱਤ ਦੀ ਰੁਟੀਨ ਬਣੀ ਹੋਈ ਹੈ। ਇਹਨਾਂ ਦੀ ਲਗਨ ਅਤੇ ਮਿਹਨਤ ਦਾ ਨਤੀਜਾ ਹੈ ਕਿ ਲਵਲੀ ਸਰਾਂ ਅਕਸਰ ਖੇਡ ਟੂਰਨਾਮੈਂਟਾਂ ਅਤੇ ਸਮਾਜਿਕ ਗਤੀਵਿਧੀਆਂ ਦੌਰਾਨ ਸਨਮਾਨਿਤ ਕੀਤੇ ਜਾਂਦੇ ਹਨ। ਇਹ ਸਨਮਾਨ ਉਨ੍ਹਾਂ ਲਈ ਨਾ ਸਿਰਫ ਮਾਣ ਦਾ ਵਿਸ਼ਾ ਹੁੰਦੇ ਹਨ, ਸਗੋਂ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਵੀ ਦਿੰਦੇ ਹਨ। ਉਨ੍ਹਾਂ ਦੀ ਸਾਦਗੀ, ਜਸਬਾ ਅਤੇ ਮਿਲਣਸਾਰ ਸੁਭਾਉ ਕਾਰਨ ਉਹ ਆਪਣੇ ਇਲਾਕੇ ਵਿੱਚ ਖਾਸ ਸਨਮਾਨਿਤ ਸ਼ਖਸ਼ੀਅਤ ਵਜੋਂ ਪਛਾਣੇ ਜਾਂਦੇ ਹਨ। ਮੌਜੂਦਾ ਸਮੇਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਮਾਣ ਹਾਸਿਲ ਕਰਨਾ ਲਵਲੀ ਸਰਾਂ ਦੀ ਮਿਹਨਤ, ਜ਼ਜ਼ਬਾ ਅਤੇ ਸਮਰਪਣ ਨੂੰ ਮਜਬੂਤ ਰੂਪ ਵਿੱਚ ਦਰਸਾਉਂਦਾ ਹੈ। ਲਵਲੀ ਸਰਾਂ ਦੀ ਮਿਹਨਤ, ਜ਼ਜ਼ਬਾ ਅਤੇ ਸਮਰਪਣ ਨੂੰ ਦੇਖ ਕੇ ਬਾਬਾ ਨਾਜ਼ਮੀ ਦੇ ਉਹ ਸ਼ਬਦ ਯਾਦ ਆਉਂਦੇ ਹਨ:

"ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, 

ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। 

ਮੰਜਲ ਦੇ ਮੱਥੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ, 

ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ।"

ਅਜਿਹੀ ਸ਼ਖ਼ਸੀਅਤ ਜੋ ਸਿਰਫ ਆਪਣੇ ਲਈ ਨਹੀਂ, ਸਗੋਂ ਸਾਰੇ ਇਲਾਕੇ ਦੀ ਨੌਜਵਾਨੀ ,ਸੂਬੇ ਅਤੇ ਦੇਸ਼ ਦੇ ਲੋਕਾਂ ਲਈ ਪ੍ਰੇਰਣਾ ਬਣ ਰਹੀ , ਉਹ ਨਿਸ਼ਚਿਤ ਤੌਰ 'ਤੇ ਫਰੀਦਕੋਟ ਇਲਾਕੇ ,ਸੂਬੇ ਅਤੇ ਦੇਸ਼ ਦਾ ਮਾਣ ਕਹਿਣ ਦੇ ਯੋਗ ਹੈ। ਸੁਖਜਿੰਦਰ ਸਿੰਘ ਉਰਫ ਲਵਲੀ ਸਰਾਂ ਦੀ ਲਗਾਤਾਰ ਮਿਹਨਤ, ਸੰਘਰਸ਼ ਅਤੇ ਜਿੱਤ ਦਾ ਸਫਰ ਅਜੇ ਵੀ ਜਾਰੀ ਹੈ ਅਤੇ ਇਹਦਾ ਪੂਰਾ ਵਿਸ਼ਵਾਸ ਹੈ ਕਿ ਭਵਿੱਖ ਵਿੱਚ ਵੀ ਉਹ ਹੋਰ ਉਚਾਈਆਂ ਹਾਸਲ ਕਰਨਗੇ।

liberalthinker1621@gmail.com

ਸੰਦੀਪ ਕੁਮਾਰ-7009807121

ਐਮ.ਸੀ.ਏ, ਐਮ.ਏ ਮਨੋਵਿਗਆਨ

ਰੂਪਨਗਰ

Have something to say? Post your comment