ਹਰ ਸਾਲ 6 ਅਗਸਤ ਨੂੰ ਹੀਰੋਸ਼ੀਮਾ ਡੇਅ ਮਨਾਇਆ ਜਾਂਦਾ ਹੈ ਜੋ ਮਨੁੱਖਤਾ ਦੇ ਇਤਿਹਾਸ ਦੇ ਇੱਕ ਬਹੁਤ ਹੀ ਮੰਦਭਾਗੇ ਦੁਖਾਂਤ ਦਾ ਯਾਦਗਾਰੀ ਦਿਵਸ ਹੈ। ਇਸ ਦਿਨ ਸਵੇਰੇ 8:15 ਵਜੇ, ਅਮਰੀਕੀ ਬੀ-29 ਬੰਬਰ ਜਹਾਜ਼ ਨੇ "ਲਿਟਲ ਬੋਇ" ਨਾਮਕ ਪਹਿਲਾ ਪਰਮਾਣੂ ਬੰਬ ਜਪਾਨ ਦੇ ਸ਼ਹਿਰ ਹੀਰੋਸ਼ੀਮਾ 'ਤੇ ਸੁੱਟਿਆ। ਇਸ ਬੰਬ ਨੇ ਪਲ ਭਰ ਵਿੱਚ ਸ਼ਹਿਰ ਨੂੰ ਤਬਾਹ ਕਰ ਦਿੱਤਾ। ਤਕਰੀਬਨ 70,000 ਤੋਂ 80,000 ਲੋਕ ਤੁਰੰਤ ਹੀ ਮਾਰੇ ਗਏ, ਅਤੇ ਅਗਲੇ ਕੁਝ ਮਹੀਨਿਆਂ ਵਿੱਚ ਇਹ ਗਿਣਤੀ 140,000 ਤੱਕ ਪਹੁੰਚ ਗਈ। ਇਹ ਸਿਰਫ ਸ਼ੁਰੂਆਤ ਸੀ, ਕਿਉਂਕਿ ਬੰਬ ਦੇ ਰੇਡੀਏਸ਼ਨ ਪ੍ਰਭਾਵਾਂ ਕਾਰਨ ਕਈ ਸਾਲਾਂ ਤੱਕ ਲੋਕ ਬਿਮਾਰੀਆਂ ਅਤੇ ਮੌਤਾਂ ਨਾਲ ਜੂਝਦੇ ਰਹੇ। ਅਮਰੀਕਾ ਨੇ ਇਥੇ ਹੀ ਬਸ ਨਹੀਂ ਕੀਤੀ,ਸਗੋਂ 9 ਅਗਸਤ ਨੂੰ ਜਪਾਨ ਦੇ ਸ਼ੀਹਰ ਨਾਗਾਸਾਕੀ 'ਤੇ ਦੂਜਾ ਪਰਮਾਣੂ ਬੰਬ ਸੁੱਟ ਦਿੱਤਾ। ਇਸ ਘਟਨਾ ਨੇ ਸਿਰਫ ਜਪਾਨ ਨੂੰ ਹੀ ਨਹੀਂ, ਸਗੋਂ ਪੂਰੇ ਸੰਸਾਰ ਨੂੰ ਵੀ ਹਿਲਾ ਦਿੱਤਾ। ਇੰਨਾ ਹੀ ਨਹੀਂ, ਇਸ ਘਟਨਾ ਨੇ ਜਪਾਨੀ ਸੱਭਿਆਚਾਰ, ਸਮਾਜ ਅਤੇ ਅਰਥਵਿਵਸਥਾ 'ਤੇ ਵੀ ਡੂੰਘਾ ਅਸਰ ਛੱਡਿਆ। ਇਸ ਘਟਨਾ ਦੇ ਨਾਲ ਹੀ ਪਰਮਾਣੂ ਹਥਿਆਰਾਂ ਦੇ ਪੜਾਅ ਦੀ ਸ਼ੁਰੂਆਤ ਹੋਈ। ਹੀਰੋਸ਼ੀਮਾ ਡੇਅ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਯੁੱਧ ਦੇ ਕਿੰਨੇ ਭਿਆਨਕ ਅਤੇ ਵਿਨਾਸ਼ਕਾਰੀ ਪ੍ਰਭਾਵ ਹੋ ਸਕਦੇ ਹਨ, ਅਤੇ ਅਸੀਂ ਕਿਵੇਂ ਸੱਚੀ ਸ਼ਾਂਤੀ ਅਤੇ ਸਮਾਜ ਦੀ ਭਲਾਈ ਵੱਲ ਜਾ ਸਕਦੇ ਹਾਂ।
ਅਮਰੀਕਾ ਵੱਲੋਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਇਹ ਹਮਲਾ, ਜਪਾਨ ਨੂੰ ਦੂਸਰੇ ਵਿਸ਼ਵ ਯੁੱਧ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨ ਲਈ ਮਜਬੂਰ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਬੰਬਾਰੀ ਤੋਂ ਬਾਅਦ, ਸ਼ਹਿਰ ਦੀ ਆਬਾਦੀ ਨੂੰ ਬੇਹੱਦ ਵੀਰਾਨੀ ਅਤੇ ਤਬਾਹੀ ਦਾ ਸਾਹਮਣਾ ਕਰਨਾ ਪਿਆ। ਬੰਬ ਦੇ ਬੁਰੇ ਪ੍ਰਭਾਵ ਕਾਰਨ ਲੱਖਾਂ ਲੋਕ ਮੌਕੇ ਤੇ ਹੀ ਮਾਰੇ ਗਏ, ਅਤੇ ਬੇਹਿਸਾਬ ਇਮਾਰਤਾਂ, ਜ਼ਮੀਨ, ਅਤੇ ਮਾਨਵਸੰਪਦਾ ਨਸ਼ਟ ਹੋ ਗਈ। ਇਹ ਪਰਮਾਣੂ ਹਮਲਾ ਨਾ ਸਿਰਫ਼ ਆਮ ਜ਼ਿੰਦਗੀ ਨੂੰ ਬਰਬਾਦ ਕਰਨ ਵਾਲਾ ਸੀ, ਬਲਕਿ ਇਹ ਇੱਕ ਮਨੁੱਖੀ ਸੰਵੇਦਨਾਵਾਂ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦੇਣ ਵਾਲਾ ਅਨੁਭਵ ਵੀ ਸੀ। ਹਜ਼ਾਰਾਂ ਲੋਕ, ਜਿਹੜੇ ਇਸ ਹਮਲੇ ਤੋਂ ਬੱਚ ਗਏ, ਉਹ ਪਰਮਾਣੂ ਬੰਬ ਦੇ ਰੇਡੀਏਸ਼ਨਾਂ ਦੇ ਪ੍ਰਭਾਵ ਕਾਰਨ ਸਰੀਰਕ ਅਤੇ ਮਾਨਸਿਕ ਪੀੜ ਭੋਗਣ ਲਈ ਮਜਬੂਰ ਹੋ ਗਏ। ਹੀਰੋਸ਼ੀਮਾ 'ਤੇ ਪਰਮਾਣੂ ਹਮਲੇ ਦੀ ਤਬਾਹੀ ਅਤੇ ਉਸ ਦੇ ਪ੍ਰਭਾਵ ਦੇ ਨਤੀਜੇ ਵਜੋਂ, ਇਹ ਸ਼ਹਿਰ ਵਿਸ਼ਵ ਦਾ ਪਹਿਲਾ ਅਤੇ ਇਕਲੌਤਾ ਸ਼ਹਿਰ ਬਣ ਗਿਆ ਜਿਸ ਨੇ ਇਨਸਾਨੀ ਇਤਿਹਾਸ ਵਿੱਚ ਇੱਕ ਪਰਮਾਣੂ ਹਮਲੇ ਦੀ ਕਈ ਦਹਾਕਿਆਂ ਤੱਕ ਚੱਲ ਰਹੀ ਪੀੜ ਭੋਗੀ। ਬੰਬਾਰੀ ਦੇ ਤਤਕਾਲ ਪ੍ਰਭਾਵ ਤੋਂ ਬਾਅਦ, ਬਚੇ-ਖੁੱਚੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ, ਸਹੂਲਤਾਂ ਦੇਣ ਅਤੇ ਦੁਬਾਰਾ ਵਸਾਉਣ ਲਈ ਬਹੁਤ ਮਿਹਨਤ ਕਰਨੀ ਪਈ। ਰੇਡੀਓ ਐਕਟਿਵ ਕਿਰਨਾਂ ਕਾਰਨ ਕਈ ਰੋਗਾਂ ਜਿਸ ਵਿੱਚ ਕੈਂਸਰ, ਅਧੁਰੇ ਸ਼ਰੀਰ ਵਾਲੇ ਬੱਚਿਆਂ ਦੇ ਜਨਮ ਅਤੇ ਹੋਰ ਗੰਭੀਰ ਬਿਮਾਰੀਆਂ ਦਾ ਜਨਮ ਹੋਇਆ।
ਹੀਰੋਸ਼ੀਮਾ ਦਿਨ, ਜੋ ਕਿ ਹਰ ਸਾਲ 6 ਅਗਸਤ ਨੂੰ ਮਨਾਇਆ ਜਾਂਦਾ ਹੈ, ਇਸ ਬੰਬਾਰੀ ਦੀ ਯਾਦ ਵਿੱਚ ਇਕ ਮਹੱਤਵਪੂਰਨ ਦਿਨ ਹੈ। ਇਸ ਦਿਨ, ਜਪਾਨ ਅਤੇ ਦੁਨੀਆ ਭਰ ਦੇ ਲੋਕਾਂ ਦੁਆਰਾ ਸ਼ਾਂਤੀ ਅਤੇ ਅਹਿੰਸਾ ਦੀ ਵਕਾਲਤ ਕਰਨ ਦੇ ਨਾਲ-ਨਾਲ, ਪਰਮਾਣੂ ਹਥਿਆਰਾਂ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਜਪਾਨ ਵਿਚ, ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਬਚੇ-ਖੁੱਚੇ ਲੋਕ ਅਤੇ ਉਹਨਾਂ ਦੇ ਵਾਰਿਸ ਇੰਨਾਂ ਹਮਲਿਆਂ ਦੀ ਭਿਆਨਕਤਾ ਨੂੰ ਯਾਦ ਕਰਨ ਲਈ ਰੈਲੀਆਂ, ਸਮਾਰੋਹਾਂ ਅਤੇ ਪ੍ਰਸਿੱਧ ਸਥਾਨਾਂ 'ਤੇ ਮੋਮਬੱਤੀਆਂ ਜਗਾਉਂਦੇ ਹਨ। ਹੀਰੋਸ਼ੀਮਾ ਸ਼ਹਿਰ ਵਿੱਚ, ਹਰ ਸਾਲ 6 ਅਗਸਤ ਨੂੰ ਪੀਸ ਮੈਮੋਰੀਅਲ ਪਾਰਕ ਵਿੱਚ ਇੱਕ ਯਾਦਗਾਰੀ ਸਮਾਗਮ ਹੁੰਦਾ ਹੈ। ਇਸ ਸਮਾਗਮ ਵਿੱਚ ਹੀਰੋਸ਼ੀਮਾ ਦੇ ਮੇਅਰ, ਸਰਕਾਰ ਦੇ ਪ੍ਰਤੀਨਿਧੀ ਅਤੇ ਦੁਨੀਆ ਭਰ ਤੋਂ ਆਏ ਸ਼ਾਂਤੀ ਪ੍ਰੇਮੀ ਹਿੱਸਾ ਲੈਂਦੇ ਹਨ। ਇਸ ਸਮਾਗਮ ਵਿੱਚ ਸਵੇਰੇ 8:15 ਵਜੇ, ਬੰਬ ਧਮਾਕੇ ਦੇ ਸਮੇਂ ਨੂੰ ਮੌਨ ਰਹਿਣ ਦਾ ਸਮਾਂ ਰੱਖਿਆ ਜਾਂਦਾ ਹੈ। ਇਸ ਸਮੇਂ ਦੌਰਾਨ, ਸ਼ਹਿਰ ਵਿੱਚ ਸਾਇਰਨ ਵੱਜਦੇ ਹਨ ਅਤੇ ਲੋਕ ਮੌਨ ਰਹਿੰਦੇ ਹਨ, ਜੋ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੁੰਦੀ ਹੈ ਜੋ ਇਸ ਵਿਨਾਸ਼ਕਾਰੀ ਘਟਨਾ ਵਿੱਚ ਮਾਰੇ ਗਏ। ਇਸ ਦਿਨ ਬੱਚਿਆਂ ਦੁਆਰਾ ਬਣਾਈ ਗਈ ਕਾਗਜ਼ ਦੀਆਂ ਗੁੱਡੀਆਂ-ਸ਼ਕਲਾਂ ਪੀਸ ਮੈਮੋਰੀਅਲ ਪਾਰਕ ਵਿੱਚ ਲਗਾਈ ਜਾਂਦੀਆਂ ਹਨ, ਜੋ ਸ਼ਾਂਤੀ ਅਤੇ ਨਵੀਂ ਸ਼ੁਰੂਆਤ ਦੀ ਨਿਸ਼ਾਨੀ ਹੁੰਦੀ ਹੈ।
ਇਸ ਦਿਨ ਦੀ ਮਹੱਤਤਾ ਸਿਰਫ਼ ਇੱਕ ਮੰਦਭਾਗੀ ਘਟਨਾ ਦੀ ਯਾਦਗਾਰ ਵਿਚ ਹੀ ਨਹੀਂ, ਬਲਕਿ ਇਸਦਾ ਉਦੇਸ਼ ਆਗਾਮੀ ਪੀੜ੍ਹੀਆਂ ਨੂੰ ਸਿਖਾਉਣਾ ਵੀ ਹੈ ਕਿ ਸ਼ਾਂਤੀ ਕਿਵੇਂ ਮਹੱਤਵਪੂਰਣ ਹੈ ਅਤੇ ਕਿਉਂ ਪਰਮਾਣੂ ਹਥਿਆਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਬੰਬਾਰੀ ਤੋਂ ਸਬਕ ਸਿੱਖਣ ਅਤੇ ਦੁਨੀਆ ਨੂੰ ਬੇਹਿਸਾਬ ਤਬਾਹੀ ਤੋਂ ਬਚਾਉਣ ਲਈ, ਕਈ ਦੇਸ਼ਾਂ ਨੇ ਪਰਮਾਣੂ ਹਥਿਆਰਾਂ ਦੀ ਦੌੜ 'ਤੇ ਰੋਕ ਲਗਾਉਣ ਲਈ ਸਾਂਝੇ ਸਮਝੌਤੇ ਕੀਤੇ ਹਨ। ਹੀਰੋਸ਼ੀਮਾ ਡੇਅ ਦੀ ਯਾਦ ਵਿੱਚ, ਵਿਦਿਆਰਥੀਆਂ ਨੂੰ ਵਿਸ਼ਵ ਇਤਿਹਾਸ ਦੇ ਇਸ ਕਾਲੇ ਪੰਨੇ ਬਾਰੇ ਸਿੱਖਣ ਦਾ ਮੌਕਾ ਮਿਲਦਾ ਹੈ ਅਤੇ ਉਹਨਾਂ ਨੂੰ ਇਹ ਸਮਝ ਆਉਂਦੀ ਹੈ ਕਿ ਕਿਵੇਂ ਯੁੱਧ ਮਨੁੱਖਤਾ ਦੇ ਹਿਤ ਵਿੱਚ ਨਹੀਂ ਹੁੰਦਾ।
ਇਸ ਦਿਨ ਨੂੰ ਮਨਾਉਣ ਦਾ ਮੱਤਲਬ ਹੈ ਕਿ ਲੋਕ ਇਸ ਦਿਨ ਦੀ ਭਿਆਨਕਤਾ ਨੂੰ ਯਾਦ ਰੱਖਣ, ਅਤੇ ਇਹਨਾਂ ਘਟਨਾਵਾਂ ਨੂੰ ਦੁਹਰਾਉਣ ਤੋਂ ਬਚਣ ਦੀ ਕੋਸ਼ਿਸ਼ ਕਰਨ। ਹੀਰੋਸ਼ੀਮਾ 'ਤੇ ਹਮਲੇ ਦੀ ਪੀੜ ਅਤੇ ਉਸ ਦੇ ਭਿਆਨਕ ਪ੍ਰਭਾਵਾਂ ਨੂੰ ਸਾਡੇ ਲਈ ਇੱਕ ਸਬਕ ਬਣਾਉਣ ਲਈ, ਇਹ ਦਿਨ ਸ਼ਾਂਤੀ ਦੀ ਮਹੱਤਤਾ ਨੂੰ ਪ੍ਰਮਾਣਿਤ ਕਰਨ ਵਾਲਾ ਦਿਨ ਹੈ। ਇਸ ਹਮਲੇ ਦੇ ਬਾਅਦ, ਪਰਮਾਣੂ ਹਥਿਆਰਾਂ ਦੀ ਦੌੜ ਨੇ ਦੂਸਰੇ ਵਿਸ਼ਵ ਯੁੱਧ ਦੇ ਅੰਤ ਦੇ ਬਾਵਜੂਦ ਵੀ ਸੰਸਾਰ ਨੂੰ ਇੱਕ ਨਵੀਂ ਦਿਸ਼ਾ ਵੱਲ ਸੇਧ ਦਿੱਤੀ । ਇਸ ਦਾ ਨਤੀਜਾ ਇਹ ਹੈ ਕਿ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਨੇ ਆਪਣੀਆਂ ਆਰਥਿਕਤਾਵਾਂ ਨੂੰ ਪਰਮਾਣੂ ਹਥਿਆਰਾਂ ਦੇ ਵਿਕਾਸ ਤੇ ਵਪਾਰ ਦੇ ਮੂਲ ਸੰਸਾਰਕ ਮੁੱਦਿਆਂ ਤੋਂ ਹਟਕੇ ਸਾਂਤ ਕਰਨ ਲਈ ਸਮਰਪਿਤ ਕੀਤਾ ਹੈ। ਇਸ ਤਰ੍ਹਾਂ, ਹੀਰੋਸ਼ੀਮਾ ਡੇਅ ਸਾਨੂੰ ਯਾਦ ਦਿਵਾਉਂਦਾ ਹੈ ਕਿ ਪਰਮਾਣੂ ਹਥਿਆਰਾਂ ਦਾ ਉਪਯੋਗ ਸਿਰਫ਼ ਤਬਾਹੀ ਅਤੇ ਬਰਬਾਦੀ ਹੀ ਲਿਆਉਂਦਾ ਹੈ। ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ਵਿਸ਼ਵ ਸ਼ਾਂਤੀ, ਸਹਿਯੋਗ ਅਤੇ ਅਹਿੰਸਾ ਦੇ ਸਿਧਾਂਤਾਂ ਨੂੰ ਮਾਨਤਾ ਦੇਣ ਦੀ ਮਹੱਤਤਾ ਹੈ, ਤਾਂ ਜੋ ਅਗਲੀ ਪੀੜ੍ਹੀਆਂ ਨੂੰ ਪਰਮਾਣੂ ਹਮਲਿਆਂ ਦੀਆਂ ਤਬਾਹਕਾਰੀ ਲਹਿਰਾਂ ਦਾ ਸਾਹਮਣਾ ਨਾ ਕਰਨਾ ਪਵੇ।
liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ