Tuesday, July 08, 2025

Articles

ਭਾਰੀ ਬੈਗਾਂ ਦੀ ਮਾਰ - ਪੜ੍ਹਾਈ ਜਾਂ ਸਜਾ ....?

July 07, 2025 05:25 PM
SehajTimes

ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਸਿੱਖਿਆ ਦੇ ਖੇਤਰ ਵਿੱਚ ਤਰੱਕੀ ਦੀਆਂ ਗੱਲਾਂ ਕਰਦੇ ਹਾਂ, ਤਦੋਂ ਇੱਕ ਅਜਿਹਾ ਤੱਥ ਅੱਖਾਂ ਅੱਗੇ ਆਉਂਦਾ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਨਿਜੀ ਸਕੂਲਾਂ ਵੱਲੋਂ ਸਿਲੇਬਸ ਦੀ ਆੜ ਵਿੱਚ ਬੇਲੋੜੀਆਂ ਕਿਤਾਬਾਂ ਲਗਵਾਈਆਂ ਜਾਂਦੀਆਂ ਹਨ। ਹਰ ਕਲਾਸ ਵਿੱਚ ਇੰਨੀ ਜਿਆਦਾ ਕਿਤਾਬਾਂ ਲੈਣ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਛੋਟੇ-ਛੋਟੇ ਬੱਚੇ ਭਾਰੀ-ਭਾਰੀ ਬੈਗ ਮੋਢਿਆਂ ਤੇ ਢੋਅ ਕੇ ਸਕੂਲ ਜਾਂਦੇ ਹਨ। ਪਰ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਛੋਟੀ ਉਮਰ ਦੇ ਬੱਚਿਆਂ ਲਈ ਇੰਨੀ ਜਿਆਦਾ ਕਿਤਾਬਾਂ ਦੀ ਕੀ ਲੋੜ ਹੈ? ਬਚਪਨ ਹਰੇਕ ਮਨੁੱਖ ਦਾ ਸਭ ਤੋਂ ਅਨਮੋਲ ਸਮਾਂ ਹੁੰਦਾ ਹੈ, ਜਿਸ ਦੌਰਾਨ ਮਾਨਸਿਕ ਅਤੇ ਸਰੀਰਕ ਵਿਕਾਸ ਸੁਚੱਜੇ ਢੰਗ ਨਾਲ ਹੋਣਾ ਚਾਹੀਦਾ ਹੈ, ਪਰ ਅਫਸੋਸ ਕਿ ਅੱਜ ਦੇ ਸਮੇਂ ਵਿੱਚ ਬਚਪਨ ਉੱਤੇ ਪੈਸਾ ਕਮਾਉਣ ਦੀ ਦੌੜ ਹਾਵੀ ਹੋ ਚੁੱਕੀ ਹੈ।

ਨਿੱਜੀ ਸਕੂਲ ਮੈਨੇਜਮੈਂਟਾਂ ਨੇ ਸਿੱਖਿਆ ਨੂੰ ਇੱਕ ਪਵਿੱਤਰ ਸੇਵਾ ਦੀ ਥਾਂ ਵਪਾਰ ਦਾ ਰੂਪ ਦੇ ਦਿੱਤਾ ਹੈ। ਉਹਨਾਂ ਵੱਲੋਂ ਜਿਆਦਾਤਰ ਵਿਦਿਆਰਥੀਆਂ ਨੂੰ ਅਜਿਹੀਆਂ ਕਿਤਾਬਾਂ ਅਤੇ ਹੋਰ ਪਾਠ ਸਮੱਗਰੀ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਜੋ ਅਸਲ ਵਿੱਚ ਉਨ੍ਹਾਂ ਦੀ ਉਮਰ ਅਤੇ ਜ਼ਰੂਰਤ ਅਨੁਸਾਰ ਨਹੀਂ ਹੁੰਦੀਆਂ। ਛੋਟੇ ਛੋਟੇ ਬੱਚਿਆਂ ਨੂੰ ਭਾਰੀ-ਭਾਰੀ ਬੈਗਾਂ ਨਾਲ ਸਕੂਲ ਲਿਜਾਣਾ, ਮੰਜਲਾਂ ਚੜ੍ਹਨਾ, ਫਿਰ ਵਾਪਸ ਘਰ ਆਉਣਾ ਇਕ ਤਰ੍ਹਾਂ ਦੀ ਅਣਚਾਹੀ ਸਜਾ ਵਰਗਾ ਬਣ ਗਿਆ ਹੈ। ਜਿਸ ਉਮਰ ਵਿੱਚ ਬੱਚਿਆਂ ਨੂੰ ਖੇਡਾਂ, ਮੌਜ ਮਸਤੀ ਅਤੇ ਆਜ਼ਾਦੀ ਦੀ ਲੋੜ ਹੁੰਦੀ ਹੈ, ਉਸ ਉਮਰ ਵਿੱਚ ਉਹਨਾਂ ਨੂੰ ਕਿਤਾਬਾਂ ਦੇ ਬੋਝ ਹੇਠ ਦਬਾ ਦਿੱਤਾ ਜਾਂਦਾ ਹੈ। ਜੇ ਅਸੀਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਇੱਕ ਸਮਾਂ ਸੀ ਜਦੋਂ ਬੱਚੇ ਇੱਕ ਸਧਾਰਣ ਪੋਥੀ, ਇੱਕ ਕਾਪੀ ਅਤੇ ਇੱਕ ਗਾਚਣੀ ਨਾਲ ਪੜ੍ਹ ਕੇ ਡਾਕਟਰ, ਇੰਜੀਨੀਅਰ, ਅਫਸਰ ਅਤੇ ਵੱਡੇ ਵਿਅਕਤੀ ਬਣ ਜਾਂਦੇ ਸਨ। ਪੜ੍ਹਾਈ ਦਾ ਮਿਆਰ ਉੱਚਾ ਸੀ ਪਰ ਬੱਚਿਆਂ ਦੇ ਮੋਢਿਆਂ ਤੇ ਭਾਰ ਨਹੀਂ ਸੀ। ਅੱਜ ਦੇ ਸਮੇਂ ਵਿੱਚ ਹਾਲਾਤ ਉਲਟ ਹੋ ਗਏ ਹਨ। ਸਕੂਲਾਂ ਨੇ ਆਪਣੇ ਵਪਾਰਿਕ ਹਿੱਤਾਂ ਲਈ ਸਿਲੇਬਸ ਨੂੰ ਇੰਨਾ ਵਿਸਥਾਰਸ਼ੀਲ ਅਤੇ ਭਾਰੀ ਕਰ ਦਿੱਤਾ ਹੈ ਕਿ ਬੱਚੇ ਆਪਣੀ ਛੋਟੀ ਉਮਰ ਵਿੱਚ ਹੀ ਡਿਪਰੈਸ਼ਨ, ਥਕਾਵਟ ਅਤੇ ਦਿਮਾਗੀ ਤਣਾਅ ਦਾ ਸ਼ਿਕਾਰ ਹੋ ਰਹੇ ਹਨ।

ਸਕੂਲਾਂ ਵੱਲੋਂ ਲਗਵਾਈਆਂ ਜਾਣ ਵਾਲੀਆਂ ਬੇਲੋੜੀਆਂ ਕਿਤਾਬਾਂ ਨਾ ਸਿਰਫ ਪੈਸਾ ਖਪਾਉਂਦੀਆਂ ਹਨ ਸਗੋਂ ਬੱਚਿਆਂ ਦੇ ਸਰੀਰਕ ਵਿਕਾਸ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ। ਭਾਰੀ ਬੈਗ ਢੋਣ ਕਾਰਨ ਬੱਚਿਆਂ ਦੀ ਰੀੜ੍ਹ ਦੀ ਹੱਡੀ, ਮੋਢਿਆਂ, ਗੋਡਿਆਂ ਤੇ ਕਮਰ ਉੱਤੇ ਭਾਰੀ ਪ੍ਰਭਾਵ ਪੈਂਦਾ ਹੈ। ਆਉਣ ਵਾਲੇ ਸਮੇਂ ਵਿੱਚ ਇਹ ਬੱਚੇ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਨਾਲ ਜੂਝਣ ਲਈ ਮਜਬੂਰ ਹੋ ਸਕਦੇ ਹਨ। ਇਹ ਨਾ ਸਿਰਫ ਸਰੀਰਕ ਸਮੱਸਿਆ ਹੈ ਸਗੋਂ ਇਹ ਮਨੋਵਿਗਿਆਨਕ ਤੌਰ ਤੇ ਵੀ ਗੰਭੀਰ ਪ੍ਰਭਾਵ ਛੱਡਦੀ ਹੈ, ਕਿਉਂਕਿ ਜਦੋਂ ਬੱਚਾ ਆਪਣੇ ਮੋਢਿਆਂ ਉੱਤੇ ਅਣਚਾਹੀ ਜ਼ਿੰਮੇਵਾਰੀ ਦਾ ਭਾਰ ਮਹਿਸੂਸ ਕਰਦਾ ਹੈ ਤਾਂ ਉਸਦੇ ਅੰਦਰ ਨਿਰਾਸ਼ਾ, ਚਿੜਚਿੜਾਹਟ ਅਤੇ ਘੁੱਟਣ ਵਾਲੀ ਭਾਵਨਾ ਪੈਦਾ ਹੋ ਜਾਂਦੀ ਹੈ। ਇਸ ਸਾਰੇ ਮਾਮਲੇ ਵਿੱਚ ਵੱਡੀ ਜ਼ਿੰਮੇਵਾਰੀ ਸਮਾਜ ਅਤੇ ਮਾਪਿਆਂ ਦੀ ਵੀ ਬਣਦੀ ਹੈ। ਜਦ ਤੱਕ ਮਾਪੇ ਆਪਣੇ ਬੱਚਿਆਂ ਦੀਆਂ ਹਾਲਤਾਂ ਨੂੰ ਲੈ ਕੇ ਗੰਭੀਰ ਨਹੀਂ ਹੋਣਗੇ, ਤਦ ਤੱਕ ਕੋਈ ਸੁਧਾਰ ਸੰਭਵ ਨਹੀਂ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਬੈਗਾਂ ਦਾ ਵਜ਼ਨ ਆਪਣੀ ਪਿੱਠ ਤੇ ਚੱਕ ਕੇ ਮਹਿਸੂਸ ਕਰਨ ਅਤੇ ਸੋਚਣ ਕਿ ਆਖਿਰ ਉਹਨਾਂ ਦੇ ਨੰਨ੍ਹੇ ਜਿਹਾ ਲਾਲ ਇਹ ਭਾਰ ਹਰ ਰੋਜ਼ ਕਿਸ ਤਰ੍ਹਾਂ ਢੋਅ ਰਿਹਾ ਹੈ। ਜੇਕਰ ਮਾਪੇ ਇਕ ਵਾਰੀ ਸਿਰਫ਼ ਅੱਧਾ ਕਿਲੋਮੀਟਰ ਵੀ ਬੱਚੇ ਦਾ ਭਾਰ ਚੱਕ ਕੇ ਤੁਰ ਜਾਣ ਤਾਂ ਉਹਨਾਂ ਨੂੰ ਆਪਣੇ ਆਪ ਸਮਝ ਆ ਜਾਵੇਗੀ ਕਿ ਬੱਚੇ ਉੱਤੇ ਕਿੰਨਾ ਵੱਡਾ ਜ਼ੁਲਮ ਹੋ ਰਿਹਾ ਹੈ।

ਸਵਾਲ ਇਹ ਨਹੀਂ ਕਿ ਬੱਚਿਆਂ ਨੂੰ ਸਿੱਖਿਆ ਦਿਤੀ ਜਾਵੇ ਜਾਂ ਨਾ, ਸਵਾਲ ਇਹ ਹੈ ਕਿ ਕੀ ਅਸਲ ਸਿੱਖਿਆ ਭਾਰੀਆਂ ਕਿਤਾਬਾਂ ਦੀ ਮੰਗ ਕਰਦੀ ਹੈ ਜਾਂ ਬੱਚਿਆਂ ਦੇ ਸੁਚੱਜੇ ਵਿਕਾਸ ਦੀ ਮੰਗ ਕਰਦੀ ਹੈ। ਅਸਲ ਸਿੱਖਿਆ ਦਾ ਉਦੇਸ਼ ਬੱਚਿਆਂ ਦੇ ਅੰਦਰ ਸੋਚਣ ਦੀ ਸਮਰੱਥਾ, ਰਚਨਾਤਮਕਤਾ ਅਤੇ ਜੀਵਨ ਦੀਆਂ ਚੁਣੌਤੀਆਂ ਨੂੰ ਸੰਭਾਲਣ ਦੀ ਯੋਗਤਾ ਵਿਕਸਤ ਕਰਨਾ ਹੋਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਨੂੰ ਥਕਾ ਕੇ ਅਤੇ ਦਬਾ ਕੇ ਇੱਕ ਮਸ਼ੀਨ ਬਣਾਉਣਾ। ਸਿੱਖਿਆ ਵਿਭਾਗ ਅਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਸਖਤ ਕਦਮ ਚੁੱਕੇ ਜਾਣ। ਇਨ੍ਹਾਂ ਨਿਜੀ ਸੰਸਥਾਵਾਂ ਵੱਲੋਂ ਬਚਪਨ ਦੇ ਨਾਮ 'ਤੇ ਹੋ ਰਹੇ ਵਪਾਰ ਉੱਤੇ ਨਿਯੰਤਰਣ ਲਾਇਆ ਜਾਵੇ। ਇੱਕ ਐਸਾ ਕਾਨੂੰਨ ਬਣਾਇਆ ਜਾਵੇ ਜੋ ਹਰ ਕਲਾਸ ਲਈ ਕਿਤਾਬਾਂ ਦੀ ਗਿਣਤੀ, ਉਨ੍ਹਾਂ ਦਾ ਭਾਰ ਅਤੇ ਬੱਚਿਆਂ ਦੇ ਮੋਢਿਆਂ ਤੇ ਪੈਣ ਵਾਲੇ ਭਾਰ ਦੀ ਹੱਦ ਨਿਰਧਾਰਤ ਕਰੇ। ਹਰ ਬੱਚੇ ਲਈ ਉਮਰ ਅਤੇ ਜ਼ਰੂਰਤ ਅਨੁਸਾਰ ਵਿਸ਼ਿਆਂ ਦੀ ਚੋਣ ਹੋਣੀ ਚਾਹੀਦੀ ਹੈ।

ਇਸਦੇ ਨਾਲ ਨਾਲ ਸਕੂਲਾਂ ਨੂੰ ਲਾਈਬ੍ਰੇਰੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਹਰ ਵਿਦਿਆਰਥੀ ਲਈ ਵੱਖ ਵੱਖ ਵਿਸ਼ਿਆਂ ਦੀਆਂ ਕਿਤਾਬਾਂ ਲਾਈਬ੍ਰੇਰੀ ਵਿੱਚ ਉਪਲਬਧ ਹੋਣੀਆਂ ਚਾਹੀਦੀਆਂ ਹਨ, ਜੋ ਲੋੜ ਪੈਣ ਉੱਤੇ ਹੀ ਪ੍ਰਯੋਗ ਕੀਤੀਆਂ ਜਾਣ। ਇਸ ਤਰ੍ਹਾਂ ਬੱਚਿਆਂ ਦੇ ਮੋਢਿਆਂ ਤੋਂ ਭਾਰ ਹਟਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਮਨੋਵਿਗਿਆਨਕ ਅਤੇ ਸਰੀਰਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਬਿਨਾਂ ਕਿਸੇ ਸੰਦੇਹ ਦੇ ਅੱਜ ਜਦੋਂ ਅਸੀਂ ਭਾਰੀਆਂ ਕਿਤਾਬਾਂ ਦੇ ਨਾਲ ਬੱਚਿਆਂ ਨੂੰ ਦਬਾ ਰਹੇ ਹਾਂ, ਅਸੀਂ ਆਪਣੇ ਭਵਿੱਖ ਨੂੰ ਖਤਰੇ ਵਿੱਚ ਪਾ ਰਹੇ ਹਾਂ। ਅਸੀਂ ਅਜਿਹੇ ਨਾਗਰਿਕ ਤਿਆਰ ਕਰ ਰਹੇ ਹਾਂ ਜੋ ਨਾ ਤਾਂ ਸਰੀਰਕ ਤੌਰ ਤੇ ਤੰਦਰੁਸਤ ਹੋਣਗੇ ਅਤੇ ਨਾ ਹੀ ਮਾਨਸਿਕ ਤੌਰ ਤੇ ਮਜ਼ਬੂਤ ਹੋਣਗੇ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਭਵਿੱਖ ਸੁਰੱਖਿਅਤ ਹੋਵੇ, ਸਾਡਾ ਦੇਸ਼ ਤਰੱਕੀ ਕਰੇ ਅਤੇ ਵਿਦਿਆਰਥੀ ਆਪਣੀ ਪੂਰੀ ਸਮਰਥਾ ਨਾਲ ਦੇਸ਼ ਦੀ ਸੇਵਾ ਕਰਨ ਯੋਗ ਬਣ ਸਕਣ, ਤਾਂ ਅੱਜ ਤੋਂ ਹੀ ਭਾਰੀ ਬੈਗਾਂ ਦੀ ਮਾਰ ਖਿਲਾਫ ਆਵਾਜ਼ ਉਠਾਉਣੀ ਹੋਵੇਗੀ।

ਸਿੱਖਿਆ ਇੱਕ ਹਥਿਆਰ ਹੈ ਜੋ ਜਗਤ ਨੂੰ ਬਦਲ ਸਕਦਾ ਹੈ, ਪਰ ਜੇ ਇਹ ਹਥਿਆਰ ਭਾਰੀ ਹੋ ਕੇ ਬੱਚਿਆਂ ਉੱਤੇ ਜ਼ੁਲਮ ਬਣ ਜਾਵੇ, ਤਾਂ ਇਹ ਹਥਿਆਰ ਨਹੀਂ, ਸਜ਼ਾ ਬਣ ਜਾਂਦੀ ਹੈ। ਆਓ, ਅਸੀਂ ਸਾਰੇ ਮਿਲ ਕੇ ਇਹ ਯਕੀਨੀ ਬਣਾਈਏ ਕਿ ਸਿੱਖਿਆ ਬੱਚਿਆਂ ਲਈ ਅਜਿਹਾ ਸੁਪਨਾ ਬਣੇ ਜੋ ਉਹ ਖੁਸ਼ੀ ਨਾਲ ਜੀ ਸਕਣ, ਨਾ ਕਿ ਇੱਕ ਅਜਿਹਾ ਡਰਾਵਨਾ ਸਪਨਾ ਜਿਸ 'ਚ ਉਹ ਦਬ ਕੇ ਰਹਿ ਜਾਣ।

 

liberalthinker1621@gmail.com

ਸੰਦੀਪ ਕੁਮਾਰ-7009807121

ਐਮ.ਸੀ.ਏ, ਐਮ.ਏ ਮਨੋਵਿਗਆਨ

ਰੂਪਨਗਰ

Have something to say? Post your comment