Monday, January 20, 2025
BREAKING NEWS

Articles

2027 ਚ ਪੰਜਾਬ ਫਤਿਹ ਕਰਨਾ ਹੈ ਤਾਂ ਭਾਜਪਾ ਨੂੰ ਵਿਖਾਉਣੀ ਪਵੇਗੀ ਅਪਣੱਤ !

November 22, 2024 01:17 PM
ਲੈਕਚਰਾਰ ਅਜੀਤ ਖੰਨਾ
ਭਾਜਪਾ ਅਕਾਲੀ ਦਲ ਨਾਲ ਸਰਹੱਦੀ ਸੂਬੇ ਪੰਜਾਬ ਚ ਸਾਂਝੀ ਸਰਕਾਰ ਬਣਾ ਕੇ ਸਤ੍ਹਾ ਦਾ ਝੂਟਾ ਲੈ ਚੁੱਕੀ ਹੈ।ਪਰ ਹੁਣ ਉਹ ਇਕੱਲਿਆਂ ਸਰਕਾਰ ਬਣਾਉਣ ਦੀ ਤਮੰਨਾ ਰੱਖ ਰਹੀ ਹੈ। ਜਿਸ ਦੀ  ਪਹਿਲੀ ਮੁੱਖ ਵਜ੍ਹਾ ਇਹ ਹੈ ਕੇ ਹੁਣ ਉਸਦਾ ਅਕਾਲੀ ਦਲ ਨਾਲ ਗਠਜੋੜ ਨਹੀਂ ਹੈ।ਦੂਸਰਾ ਹੁਣ ਉਹ ਇਕੱਲਿਆਂ ਆਪਣੇ ਪਰ ਤੋਲਣ ਦੇ ਚੱਕਰ ਚ ਹੈ। ਭਾਂਵੇ ਕੇ 2027 ਚ ਅਜੇ ਦੋ ਵਰ੍ਹੇ ਪਏ ਹਨ ਤੇ ਸਿਆਸਤ ਚ ਕਿਸ ਵਕਤ ਕੀ ਹੋ ਜਾਵੇ ? ਕੁੱਝ ਪਤਾ ਨਹੀਂ ਹੁੰਦਾ।ਕਿਉਂਕਿ ਸਿਆਸਤ ਵਰਤਮਾਨ ਦੀ ਹੁੰਦੀ ਹੈ।ਸੋ ਫੇਰ ਵੀ ਸਿਆਸੀ ਮਾਹਰਾਂ ਦਾ ਮੰਨਣਾ ਹੈ ਕੇ ਭਾਜਪਾ ਹਾਈ ਕਮਾਂਡ ਇਸ ਵਾਰ ਪੰਜਾਬ ਚ ਇਕੱਲਿਆਂ ਚੋਣ ਲੜਨ ਦੇ ਮੂਡ ਚ ਹੈ।ਸਿਆਸੀ ਮਾਹਰਾਂ ਦਾ ਇਹ ਵੀ ਕਹਿਣਾ ਕੇ ਅੱਜ ਦੇ ਸਿਆਸੀ ਹਾਲਾਤਾਂ ਮੁਤਾਬਕ ਭਾਜਪਾ ਲਈ  2027 ਚ ਪੰਜਾਬ ਫ਼ਤਿਹ ਕਰਨਾ ਹਾਲੇ ਦਿੱਲੀ ਦੂਰ ਵਾਲੀ ਗੱਲ ਹੈ।ਕਿਉਂਕਿ ਪੰਜਾਬ ਦੀ ਭੂਗੋਲਕ ਸਥਿਤੀ ਤੇ ਇਥੋਂ ਦੇ ਲੋਕਾ ਦਾ ਸੁਭਾਅ ਵੱਖਰੀ ਕਿਸਮ ਦਾ ਹੈ।ਪੰਜਾਬੀ ਇਮੋਸ਼ਨਲ ਹਨ।ਇਹ ਕਿਸੇ ਦੀ ਟੈਂ ਨਹੀਂ ਮੰਦੇ।ਇਹ ਸਿਰਫ ਤੇ ਸਿਰਫ ਅਪਣੱਤ ਨਾਲ ਜਿੱਤੇ ਜਾ ਸਕਦੇ ਹਨ।ਇਹ ਧੱਕਾ ਬਿਲਕੁਲ ਸਹਿਣ ਨਹੀਂ ਕਰਦੇ। ਹਾਂ ਪਿਆਰ ਨਾਲ ਬੇਸ਼ੱਕ ਏਨਾ ਤੋ ਜੋ ਮਰਜ਼ੀ ਮਨਵਾ ਲਵੋ।  ਇਸ ਵਾਸਤੇ ਭਾਜਪਾ ਨੂੰ ਇਸ ਗੱਲ ਦਾ ਭਲੀਭਾਂਤ ਪਤਾ ਹੋਣਾ ਚਾਹੀਦਾ ਹੈ।ਪੰਜਾਬ ਫ਼ਤਿਹ ਕਰਨਾ ਹੈ ਤਾ ਸਭ ਤੋ ਪਹਿਲਾਂ ਭਾਜਪਾ ਨੇਤਾਵਾਂ ਨੂੰ ਪੰਜਾਬ ਦੇ ਲੋਕਾਂ ਪ੍ਰਤੀ ਅਪਣੱਤ ਵਾਲਾ ਵਿਵਹਾਰ ਕਰਨਾ ਪਵੇਗਾ।ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਜਾਪੇ ਕੇ ਭਾਜਪਾ ਉਹਨਾਂ ਦੀ ਹਿਤੂ ਪਾਰਟੀ ਹੈ।ਇਸ ਲਈ ਸਭ ਤੋ ਪਹਿਲਾਂ ਭਾਜਪਾ ਦੇ ਉਨ੍ਹਾਂ ਨੇਤਾਵਾਂ (ਕੰਗਨਾ ਰਣੌਤ ਵਰਗੇ)ਦੀ ਬਿਆਨਬਾਜੀ ਉੱਤੇ ਰੋਕ ਲਾਉਣੀ ਪਵੇਗੀ।ਜੋ ਪੰਜਾਬ ਪ੍ਰਤੀ ਜਹਿਰ ਉਗਲਣ ਵਾਲੇ ਬਿਆਨ ਦਿੰਦੇ ਹਨ।ਜੋ ਨਫ਼ਰਤ ਫੈਲਾਉਂਦੇ ਹਨ।ਜੋ ਕੁੜੱਤਣ ਪੈਦਾ ਕਰਦੇ ਹਨ ਤੇ ਖਿੱਤੇ ਜਾਂ ਕੌਮ ਨੂੰ ਲੈ ਕੇ ਦੂਰੀਆਂ ਵਧਾਉਦੇ ਹਨ।ਜੋ ਭਾਜਪਾ ਪ੍ਰਤੀ ਬੇਗਾਨਗੀ ਵਾਲਾ ਅਹਿਸਾਸ ਕਰਵਾਉਂਦੇ ਨੇ।ਇਸ ਲਈ ਅਗਰ ਭਾਜਪਾ ਨੇ ਪੰਜਾਬ ਫ਼ਤਿਹ ਕਰਨਾ ਹੈ ਤਾਂ ਸਭ ਤੋ ਪਹਿਲਾ ਕਦਮ ਭਾਜਪਾ ਹਾਈ ਕਮਾਂਡ ਨੂੰ ਇਹ ਚੁੱਕਣਾ ਹੋਵੇਗਾ।
         ਦੂਸਰਾ ਕਦਮ ਭਾਜਪਾ ਵੱਲੋਂ ਪੰਜਾਬ ਨੂੰ ਫ਼ਤਿਹ ਕਰਨ ਵਾਸਤੇ ਸਪੈਸ਼ਲ ਆਈਟੀ ਸੈੱਲ ਦੀ ਡਿਊਟੀ ਲਾਉਣੀ ਚਾਹੀਦੀ ਹੈ।ਜੋ ਪੰਜਾਬ ਪੱਖੀ ਚੰਗੀ ਸੋਚ ਨੂੰ ਉਭਾਰੇ। ਤਾ ਕੇ ਪੰਜਾਬੀਆਂ ਦੇ ਮਨਾ ਚ ਜੋ ਭਾਜਪਾ ਵਿਰੋਧੀ ਸੋਚ ਹੈ ਉਸ ਨੂੰ ਬਦਲਿਆ ਜਾ ਸਕੇ।ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਪੰਜਾਬ ਪੱਖੀ ਸੋਚ ਨੂੰ ਉਭਾਰਨ ਵਾਸਤੇ ਪੰਜਾਬ ਪੱਖੀ ਫ਼ੈਸਲੇ ਲੈਣੇ ਪੈਣਗੇ। ਜਿਵੇਂ ਮੋਦੀ ਸਰਕਾਰ ਵੱਲੋਂ ਪਹਿਲਾਂ ਦਸਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੇ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਤੇ ਫ਼ਤਿਹ ਸਿੰਘ ਜੀ ਦੀ ਸ਼ਹਾਦਤ ਨੂੰ ਮਹੱਤਵ ਦਿੰਦੇ ਹੋਏ ਹਰ ਵਰ੍ਹੇ 26 ਦਸੰਬਰ ਨੂੰ ਪੂਰੇ ਭਾਰਤ ਚ ‘ ਵੀਰ ਬਾਲ ਦਿਵਸ ‘ ਦੇ ਰੂਪ ਚ ਮਨਾਉਣ ਦਾ ਫ਼ੈਸਲਾ ਲਿਆ ਗਿਆ। ਉਸ ਮਗਰੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾ ਕੇ ਇਤਿਹਾਸ ਸਿਰਜਿਆ ਹੈ। ਇਹ ਦੋ ਅਜਿਹੇ ਫ਼ੈਸਲੇ ਹਨ ਜੋ ਪੰਜਾਬ ਪੱਖੀ ਤੇ ਖ਼ਾਸ ਕਰਕੇ ਸਿੱਖ ਪੱਖੀ ਆਖੇ ਜਾ ਸਕਦੇ ਹਨ।ਮੋਦੀ ਸਰਕਾਰ  ਦੇ ਇਨਾਂ ਨਿਰਣਿਆਂ ਨਾਲ ਸਿੱਖਾਂ ਚ ਭਾਜਪਾ ਪ੍ਰਤੀ ਮੋਹ ਹੋਣਾ ਸ਼ੁਰੂ ਹੋਇਆ।ਪਰ ਭਾਜਪਾ ਇਨਾਂ  ਦੋ ਮਹੱਤਵਪੂਰਣ ਫੈਸਲਿਆਂ ਦਾ ਪੂਰਾ ਕ੍ਰੈਡਿਟ( ਲਾਭ)ਨਹੀਂ ਲੈ ਸਕੀ।ਜਦ ਕੇ ਭਾਜਪਾ ਨੂੰ ਅਜਿਹੇ ਕਦਮਾਂ ਨੂੰ ਲੋਕਾਂ ਚ ਪ੍ਰਚਾਰਨਾ ਤੇ ਉਭਾਰਨਾ ਬਣਦਾ ਸੀ।ਜੋ ਨਹੀਂ ਪ੍ਰਚਾਰ ਸਕੀ।ਭਾਜਪਾ ਨੂੰ ਪੰਜਾਬ ਚ ਆਪਣੇ ਆਈਟੀ ਸੈੱਲ ਨੂੰ ਹੋਰ ਮਜਬੂਤ ਕਰਨਾ ਹੋਵੇਗਾ।ਜੋ ਭਾਜਪਾ ਵੱਲੋਂ ਪੰਜਾਬ ਪੱਖੀ ਲਏ ਜਾਣ ਵਾਲੇ ਹਰ ਨਿੱਕੇ ਤੋਂ ਨਿੱਕੇ ਨਿਰਣੇ ਨੂੰ ਵਿਸਥਾਰਪੂਰਵਕ ਲੋਕਾਂ ਤੱਕ ਮਾਸ ਲੇਵਲ (ਹੇਠਲੇ ਪੱਧਰ )ਤੱਕ ਲੈ ਕੇ ਜਾਵੇ।ਕਿਉਂਕਿ ਪੰਜਾਬ ਦੇ ਲੋਕਾਂ ਚ ਬੀਜੇਪੀ ਪ੍ਰਤੀ ਜੋ ਨੈਗਟਿਵ (ਨਾਂਹ ਪੱਖੀ )ਸੋਚ ਬਣੀ ਹੋਈ ਹੈ ਉਸ ਨੂੰ ਹਾਂ ਪੱਖੀ ਬਣਾਉਣਾ ਬੇਹੱਦ ਲਾਜ਼ਮੀ ਹੈ।ਭਾਜਪਾ ਕੋਲ ਪੰਜਾਬ ਦੇ ਲੋਕਾਂ ਤੇ ਖ਼ਾਸ ਕਰ ਸਿੱਖ ਵੋਟ ਨੂੰ ਆਪਣੇ ਵੋਟ ਬੈਂਕ ਚ ਬਦਲਣ ਵਾਸਤੇ ਦੋ ਵੱਡੇ ਫ਼ੈਸਲੇ ( ਵੀਰ ਬਾਲ ਦਿਵਸ ਤੇ ਕਰਤਾਰਪੁਰ ਲਾਂਘਾ)ਸਨ ।ਜਿਨ੍ਹਾਂ ਨੂੰ ਪਾਰਟੀ ਅਗਰ ਚੰਗੇ ਢੰਗ ਨਾਲ ਲੋਕਾਂ ਚ ਲੈ ਕੇ ਜਾਂਦੀ ਤਾ ਇਹ ਸਿੱਖ ਵੋਟਰ ਨੂੰ ਬੜੀ ਅਸਾਨੀ ਨਾਲ ਆਪਣੇ ਨਾਲ ਜੋੜ ਸਕਦੀ ਸੀ।ਉਹ ਵੀ ਪੱਕੇ ਤੌਰ ਤੇ ।ਜਿਸ ਵਿਚ  ਕੇ ਭਾਜਪਾ ਅਸਫਲ ਰਹੀ ਹੈ।ਪੰਜਾਬ ਦੇ ਲੋਕਾਂ ਦੀ ਸੋਚ ਨੂੰ  ਬਦਲਣ ਵਾਸਤੇ  ਭਾਜਪਾ ਨੂੰ ਭਵਿੱਖ ਚ ਹੋਰ ਤਕੜੇ ਫ਼ੈਸਲੇ ਲੈਣੇ ਪੈਣਗੇ।ਜਿੱਦਾਂ ਪੰਜਾਬ ਦੇ ਨੌਜਵਾਨ ਦਾ ਮਿਲਟਰੀ ਚ ਭਰਤੀ ਦਾ ਕੋਟਾ ਵਧਾਉਣਾ ਪਵੇਗਾ।ਪੰਜਾਬ ਸਿਰ ਅੱਤਵਾਦ ਵੇਲੇ ਚੜਿਆ ਕਰਜ਼ਾ ਮੁਆਫ਼ ਕਰਨਾ ਪਵੇਗਾ।
ਪੰਜਾਬ ਨੂੰ ਇਸ ਤਰਾਂ ਦੀ ਵੱਡੀ ਆਰਥਕ ਰਾਹਤ ਦੇ ਕੇ ਪੰਜਾਬੀਆਂ ਦਾ ਦਿਲ ਜਿੱਤਿਆ ਜਾ ਸਕਦਾ ਹੈ।ਸੂਬੇ ਨੂੰ ਵਿਸ਼ੇਸ਼ ਰਾਜ ਦਾ ਦਰਜ਼ਾ ਦਿੱਤਾ ਜਾ ਸਕਦਾ ਹੈ।ਕੋਈ ਹੋਰ ਆਰਥਕ ਪੈਕਜ ਦਿੱਤਾ ਜਾ ਸਕਦਾ ਹੈ। ਕੋਈ ਅਜਿਹੀ ਵੱਡੀ ਇੰਡਸਟਰੀ ਪੰਜਾਬ ਚ ਸਥਾਪਤ ਕੀਤੀ  ਜਾ ਸਕਦੀ ਹੈ।ਜਿਸ ਨਾਲ ਇਥੋਂ ਦੇ ਨੌਜਵਾਨਾ ਨੂੰ ਵੱਡੀ ਗਿਣਤੀ ਚ ਰੁਜ਼ਗਾਰ ਮਿਲ ਸਕੇ।ਜੇ ਭਾਜਪਾ ਨੇ ਸੱਚ ਮੁੱਚ ਇਕੱਲਿਆਂ ਪੰਜਾਬ ਦੇ ਰਣ ਖੇਤਰ ਚ ਉਤਰਣਾ ਹੈ ਤਾਂ ਉਸ ਨੂੰ 12 ਹਜ਼ਾਰ ਤੋ ਉਪਰ ਪਿੰਡਾਂ ਚ ਜਾ ਕੇ ਲੋਕਾਂ ਨਾਲ ਅਪਣੱਤ ਵਿਖਾਉਣੀ ਪਵੇਗੀ।ਹਿੰਡ ਛੱਡ ਕੇ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਨਾ ਪਵੇਗਾ।ਉਨਾਂ ਨੂੰ ਗਲੇ  ਲਾਉਣਾ ਪਵੇਗਾ।ਉਨਾਂ ਦੇ ਦੁੱਖ ਸੁੱਖ ਚ ਸ਼ਰੀਕ ਹੋਣਾ ਪਵੇਗਾ। ਉਨਾਂ ਦੀ ਬਾਂਹ ਫੜਨੀ ਪਵੇਗੀ। ਉਨਾਂ ਦੀ ਗੱਲ ਸੁਣਨੀ ਪਵੇਗੀ। ਤਾਂ ਜੋ ਉਨਾਂ ਨੂੰ ਮਹਿਸੂਸ ਹੋਵੇ ਕੇ ਭਾਜਪਾ ਆਗੂ ਬੇਗਾਨੇ ਨਹੀਂ ਸਗੋਂ ਉਨਾਂ ਦੇ ਆਪਣੇ ਹਨ। ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਪਾਰਟੀ ਹਾਈ ਕਮਾਂਡ ਨੂੰ ਇਹ ਸਾਰੀਆਂ ਗੱਲਾਂ ਸਮਝਾ ਕੇ ਜਿੱਤ ਵਾਸਤੇ ਰਾਹ ਪੱਧਰਾ ਕਰ ਸਕਦੀ ਹੈ।
ਸੋ ਭਵਿੱਖ ਚ ਭਾਜਪਾ ਨੂੰ ਅਜਿਹੇ ਮਜ਼ਬੂਤ ਫੈਸਲਾਕੁੰਨ ਨਿਰਣੇ ਲੈਣ ਦੀ ਲੋੜ ਹੈ।ਜੋ ਭਾਜਪਾ ਨੂੰ ਪੰਜਾਬ ਚ ਮਜ਼ਬੂਤੀ ਦੇਣ।ਬੇਸ਼ੱਕ ਭਾਜਪਾ ਪੰਜਾਬ ਚ 2024 ਦੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜੀ ਤੇ ਵੋਟ ਪ੍ਰਤੀਸ਼ਤ ਚ ਵਾਧਾ ਹੋਇਆ ਤਾਂ ਵੀ ਉਕਤ ਫ਼ੈਸਲੇ ਲਏ ਬਿਨਾ 2027 ਚ ਭਾਜਪਾ ਲਈ ਪੰਜਾਬ ਫ਼ਤਿਹ ਕਰਨਾ ਏਨਾ ਸੌਖਾ ਨਹੀਂ ਹੋਵੇਗਾ।
 
                        ਲੈਕਚਰਾਰ ਅਜੀਤ ਖੰਨਾ 
                    ਮੋਬਾਈਲ :76967-54669 

Have something to say? Post your comment