ਪਟਿਆਲਾ : ਭਾਰਤੀ ਜਨਤਾ ਪਾਰਟੀ ਪੰਜਾਬ ਨੇ ਅੱਜ ਵੱਖ-ਵੱਖ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਦਾ ਜਸ਼ਨ ਪਟਿਆਲਾ ਵਿੱਚ ਲੱਡੂ ਵੰਡ ਕੇ ਅਤੇ ਬਾਈਕ ਰੈਲੀ ਕੱਢ ਕੇ ਮਨਾਇਆ। ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਅਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਬਰਾੜ ਦੀ ਅਗਵਾਈ ਹੇਠ ਇਹ ਬਾਈਕ ਰੈਲੀ ਪਟਿਆਲਾ ਦੇ ਨਿਊ ਮੋਤੀ ਬਾਗ ਪੈਲੇਸ ਤੋਂ ਸ਼ੁਰੂ ਹੋ ਕੇ ਸ਼ੇਰਾਂ ਵਾਲਾ ਗੇਟ ਸਥਿਤ ਪਾਰਟੀ ਦਫ਼ਤਰ ਵਿਖੇ ਸਮਾਪਤ ਹੋਈ।
ਜਿੱਤ ਦੇ ਜਸ਼ਨਾਂ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈ ਇੰਦਰ ਕੌਰ ਨੇ ਕਿਹਾ, “ਸਭ ਤੋਂ ਪਹਿਲਾਂ ਮੈਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੇ ਲੋਕਾਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਵਿਸ਼ਵਾਸ ਜਤਾਉਣ ਅਤੇ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਧੰਨਵਾਦ ਕਰਦੀ ਹਾਂ ਅਤੇ ਉਨ੍ਹਾਂ ਨੂੰ ਵਧਾਈ ਵੀ ਦੇਣਾ ਚਾਹੁੰਦੀ ਹਾਂ। ਇਹ ਫਤਵਾ ਭਾਰਤ ਦੇ ਲੋਕਾਂ ਦਾ ਮਾਨਯੋਗ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ 'ਤੇ ਭਰੋਸੇ ਅਤੇ ਵਿਸ਼ਵਾਸ ਦਾ ਸਪੱਸ਼ਟ ਸੰਕੇਤ ਹੈ।" ਉਨ੍ਹਾਂ ਅੱਗੇ ਕਿਹਾ, "ਰਾਜਸਥਾਨ ਵਿੱਚ ਨਿੱਜੀ ਤੌਰ 'ਤੇ ਚੋਣ ਪ੍ਰਚਾਰ ਕਰਨ ਤੋਂ ਬਾਅਦ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਲੋਕ ਕਾਂਗਰਸ ਸਰਕਾਰ ਤੋਂ ਛੁਟਕਾਰਾ ਪਾਉਣ ਅਤੇ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਕਿੰਨੇ ਉਤਸੁਕ ਸਨ। ਨਾ ਸਿਰਫ ਵੱਖ-ਵੱਖ ਲੋਕ ਭਲਾਈ ਸਕੀਮਾਂ, ਸਗੋਂ

ਮੋਦੀ ਸਰਕਾਰ ਦੁਆਰਾ ਸਰਹੱਦੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਲਈ ਚੁੱਕੇ ਗਏ ਕਦਮਾਂ ਕਾਰਨ ਵੀ ਲੋਕਾਂ ਨੇ ਸਾਡੀ ਪਾਰਟੀ ਨੂੰ ਵੋਟ ਪਾਈ ਹੈ।" ਮਹਿਲਾ ਮੋਰਚਾ ਪ੍ਰਧਾਨ ਨੇ ਕਿਹਾ, "ਅੱਜ ਦੇ ਨਤੀਜੇ ਸਪੱਸ਼ਟ ਤੌਰ 'ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ 'ਤੇ ਜਨਤਾ ਦੇ ਭਰੋਸੇ ਨੂੰ ਦੁਹਰਾਉਂਦੇ ਹਨ ਅਤੇ ਸਾਰਿਆਂ ਲਈ ਸਪੱਸ਼ਟ ਸੰਕੇਤ ਹਨ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਵੱਡੇ ਫਰਕ ਨਾਲ ਜਿੱਤ ਕੇ ਦੁਬਾਰਾ ਸਰਕਾਰ ਬਣਾਵੇਗੀ।" ਭਾਜਪਾ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਬਰਾੜ ਨੇ ਕਿਹਾ, ''ਮੈਂ ਇਸ ਇਤਿਹਾਸਕ ਨਤੀਜਿਆਂ 'ਤੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਜੀ ਅਤੇ ਪਾਰਟੀ ਦੇ ਹਰੇਕ ਵਰਕਰ ਨੂੰ ਵਧਾਈ ਦਿੰਦਾ ਹਾਂ। ਜੋ ਲੋਕ ਇਨ੍ਹਾਂ ਚੋਣਾਂ ਨੂੰ ਸੈਮੀਫਾਈਨਲ ਕਹਿ ਰਹੇ ਸਨ, ਉਨ੍ਹਾਂ ਨੂੰ ਭਾਰਤ ਦੇ ਲੋਕਾਂ ਤੋਂ ਜਵਾਬ ਮਿਲਿਆ ਹੈ ਕਿ ਉਹ ਸਿਰਫ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਚੁਣਨਾ ਚਾਹੁੰਦੇ ਹਨ ਹੋਰ ਕਿਸੇ ਨੂੰ ਨਹੀਂ।"

ਉਨ੍ਹਾਂ ਅੱਗੇ ਕਿਹਾ, “ਮੈਂ ਪੰਜਾਬ ਦੇ ਲੋਕਾਂ ਨੂੰ ਵੀ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕਰਨਾ ਚਾਹਾਂਗਾ ਕਿਉਂਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਭਾਜਪਾ ਇੱਕ ਵਾਰ ਫਿਰ ਕੇਂਦਰ ਵਿੱਚ ਸਰਕਾਰ ਬਣਾਏਗੀ ਅਤੇ ਸਰਕਾਰ ਵਿੱਚ ਪੰਜਾਬ ਦੀ ਸਹੀ ਨੁਮਾਇੰਦਗੀ ਹੋਣੀ ਚਾਹੀਦੀ ਹੈ ਅਤੇ ਇਹ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਚੁਣ ਕੇ ਹੀ ਯਕੀਨੀ ਬਣਾਇਆ ਜਾ ਸਕੇਗਾ।"
'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਬਰਾੜ ਨੇ ਕਿਹਾ, "ਅੱਜ ਦੇ ਨਤੀਜੇ ਆਮ ਆਦਮੀ ਪਾਰਟੀ ਲਈ ਵੀ ਸਪੱਸ਼ਟ ਸੰਕੇਤ ਹਨ, ਸਾਡੇ ਭਗਵੰਤ ਮਾਨ ਜੀ ਜਿੱਥੇ ਵੀ ਪਾਰਟੀ ਦੇ ਪ੍ਰਚਾਰ ਲਈ ਗਏ ਹਨ, ਉਨ੍ਹਾਂ ਨੂੰ ਬਹੁਤ ਵੱਡੀ ਹਾਰ ਝੱਲਣੀ ਪਈ ਹੈ। ਮੇਰਾ ਮੁੱਖਮੰਤਰੀ ਭਗਵੰਤ ਮਾਨ ਜੀ ਨੂੰ ਨਿਮਰਤਾਪੂਰਵਕ ਸੁਝਾਅ ਹੈ ਕਿ ਪੰਜਾਬ ਦੀ ਜਨਤਾ ਦਾ ਕਰੋੜਾਂ ਰੁਪਿਆ ਆਪਣੀ ਪਾਰਟੀ ਦੇ ਪ੍ਰਚਾਰ ਲਈ ਦੂਜੇ ਰਾਜਾਂ ਵਿੱਚ ਬਰਬਾਦ ਕਰਨ ਦੀ ਬਜਾਏ ਪੰਜਾਬ ਦੇ ਲੋਕਾਂ 'ਤੇ ਧਿਆਨ ਕੇਂਦਰਿਤ ਕਰਕੇ ਉਹ ਪੈਸਾ ਪੰਜਾਬ ਦੇ ਸਿੱਖਿਆ ਅਤੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਖਰਚ ਕਰਨ।

ਜੇਕਰ ਭਗਵੰਤ ਮਾਨ ਦੀ ਸਰਕਾਰ ਪੰਜਾਬ ਪ੍ਰਤੀ ਜ਼ਿਆਦਾ ਗੰਭੀਰ ਹੁੰਦੀ ਤਾਂ ਮੁੱਖ ਮੰਤਰੀ ਦੇ ਸ਼ਹਿਰ ਦੇ ਮੈਰੀਟੋਰੀਅਸ ਸਕੂਲ ਵਿੱਚ ਅਜਿਹੀ ਸ਼ਰਮਨਾਕ ਘਟਨਾ ਕਦੇ ਨਾ ਵਾਪਰਦੀ। ਮੁੱਖਮੰਤਰੀ ਸਾਬ ਪੰਜਾਬ ਦੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦਿਓ, ਆਪਣੇ ਦਿੱਲੀ ਦੇ ਆਕਾਵਾਂ ਦੀਆਂ ਲਾਲਸਾਵਾਂ ਨੂੰ ਤਰਜੀਹ ਦੇਣ ਦੀ ਬਜਾਏ। ਜੈ ਇੰਦਰ ਕੌਰ ਅਤੇ ਪਰਮਿੰਦਰ ਬਰਾੜ ਦੇ ਨਾਲ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਸਾਬਕਾ ਜ਼ਿਲ੍ਹਾ ਪ੍ਰਧਾਨ ਅਨਿਲ ਬਜਾਜ, ਬਲਵੰਤ ਰਾਏ, ਸੀਨੀਅਰ ਆਗੂ ਕੇ.ਕੇ.ਸ਼ਰਮਾ, ਅਨਿਲ ਮੰਗਲਾ, ਨਰਿੰਦਰ ਸਹਿਗਲ, ਟੋਨੀ ਬਿੰਦਰਾ, ਯੂਥ ਪ੍ਰਧਾਨ ਨਿਖਿਲ ਕਾਕਾ ਅਤੇ ਪੂਰੀ ਪਟਿਆਲਾ ਭਾਜਪਾ ਟੀਮ ਸ਼ਾਮਿਲ ਸੀ।