ਸੁਨਾਮ : ਪੁਲਿਸ ਵੱਲੋਂ ਜੁਗਾੜੂ ਮੋਟਰਸਾਈਕਲ ਰੇਹੜੀਆਂ ਬੰਦ ਕਰਵਾਉਣ ਦੇ ਰੋਸ ਵਜੋਂ ਸ਼ੁੱਕਰਵਾਰ ਨੂੰ ਸੁਨਾਮ ਵਿਖੇ ਸੈਂਕੜੇ ਮੋਟਰਸਾਈਕਲ ਰੇਹੜੀਆਂ ਵਾਲਿਆਂ ਨੇ ਹੜਤਾਲ ਕਰਕੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਭੰਡਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਦੀ ਕਿਰਤੀ ਲੋਕਾਂ ਦੇ ਪ੍ਰਤੀ ਭਾਵਨਾ ਜੱਗ ਜ਼ਾਹਿਰ ਹੋ ਗਈ ਹੈ। ਨਵੀਂ ਆਨਾਜ ਮੰਡੀ ਵਿੱਚ ਇਕੱਠੇ ਹੋਏ ਸ਼ਹੀਦ ਊਧਮ ਸਿੰਘ ਮੋਟਰਸਾਈਕਲ ਰੇਹੜੀ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ, ਮੀਤ ਪ੍ਰਧਾਨ ਪ੍ਰਗਟ ਸਿੰਘ, ਸੈਕਟਰੀ ਅਸ਼ੋਕ ਕੁਮਾਰ, ਕੇਵਲ ਸਿੰਘ ਅਤੇ ਧਰਮਪਾਲ ਨੇ ਕਿਹਾ ਕਿ ਸੂਬੇ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਗਰੀਬ ਕਿਰਤੀ ਮੋਟਰਸਾਈਕਲ ਰੇਹੜੀਆਂ ਤੇ ਸਮਾਨ ਦੀ ਢੋਆ ਢੁਆਈ ਕਰਕੇ ਪਰਿਵਾਰਾਂ ਦੀ ਰੋਜ਼ੀ ਰੋਟੀ ਚਲਾ ਰਹੇ ਹਨ ਲੇਕਿਨ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਰਾਜ ਦੌਰਾਨ ਪੁਲਿਸ ਨੇ ਮੋਟਰਸਾਈਕਲ ਰੇਹੜੀਆਂ ਨੂੰ ਬੰਦ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਰਨਿਆਂ ਚੋਂ ਨਿੱਕਲੀ ਆਮ ਆਦਮੀ ਪਾਰਟੀ ਨੇ ਹੁਣ ਗਰੀਬ ਪਰਿਵਾਰਾਂ ਨੂੰ ਰੋਜ਼ੀ ਰੋਟੀ ਤੋਂ ਵਾਂਝਾ ਕਰਨ ਦਾ ਰਾਹ ਫੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਤੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵੱਡੀਆਂ ਆਸਾਂ ਸਨ ਲੇਕਿਨ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਕਿਰਤੀ ਦਿਹਾੜੀਦਾਰਾਂ ਤੋਂ ਮੂੰਹ ਮੋੜ ਲਿਆ ਹੈ। ਜਥੇਬੰਦੀ ਦੇ ਪ੍ਰਧਾਨ ਜਰਨੈਲ ਸਿੰਘ ਅਤੇ ਮੀਤ ਪ੍ਰਧਾਨ ਪ੍ਰਗਟ ਸਿੰਘ ਨੇ ਕਿਹਾ ਕਿ ਮੋਟਰਸਾਈਕਲ ਰੇਹੜੀਆਂ ਵਾਲਿਆਂ ਨੇ ਸਰਕਾਰ ਦੇ ਰਵਈਏ ਖਿਲਾਫ ਰੋਸ ਵਜੋਂ ਤਿੰਨ ਦਿਨਾਂ ਤੱਕ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਤਿੰਨ ਦਸੰਬਰ ਨੂੰ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸੁਨਾਮ ਸਥਿਤ ਰਿਹਾਇਸ਼ ਅੱਗੇ ਧਰਨਾ ਦੇਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸੇ ਦੌਰਾਨ ਸਿਟੀ ਟ੍ਰੈਫਿਕ ਪੁਲਿਸ ਦੇ ਇੰਚਾਰਜ਼ ਸਹਾਇਕ ਥਾਣੇਦਾਰ ਦੀਪਕ ਕੁਮਾਰ ਪਾਠਕ ਨੇ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਜੁਗਾੜੂ ਮੋਟਰਸਾਈਕਲ ਰੇਹੜੀਆਂ ਚਲਾਉਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਕਿਸੇ ਦੇ ਰੁਜ਼ਗਾਰ ਨੂੰ ਬੰਦ ਕਰਵਾਉਣਾ ਨਹੀਂ ਹੈ।