Saturday, December 13, 2025

Articles

ਪਰਦੇਸ (ਭਾਗ -14)

October 04, 2023 12:38 PM
Amarjeet Cheema (Writer from USA)

 ਅਸੀਂ ਸ਼ਾਮ ਤਕ ਪਾਰਕ ਵਿੱਚ ਘੁੰਮਦੇ ਫਿਰਦੇ ਖਾਂਦੇ ਪੀਂਦੇ ਰਹੇ ਤੇ ਰਾਤ ਨੂੰ ਅਸੀਂ ਆਪਣੇ ਘਰ ਆ ਗਏ। ਅਸੀਂ ਸਕੀਮ ਬਣਾਈ ਸੀ ਕਿ ਐਤਵਾਰ ਨੂੰ ਛੁੱਟੀ ਵਾਲੇ ਦਿਨ ਹੀ ਕੁਤੇਬ ਵਾਲੇ ਰੇਤ ਦੀਆਂ ਬੋਰੀਆਂ ਭਰਨ ਵਾਸਤੇ ਸਾਨੂੰ ਚੁੱਕ ਕੇ ਲੈ ਜਾਂਦੇ ਸਨ। ਅਸੀਂ ਮੀਟ ਵਗੈਰਾ ਬਣਾਇਆ ਹੁੰਦਾ, ਦਾਰੂ ਦੇ 2 -4 ਪੈੱਗ ਲਾਏ ਹੁੰਦੇ ਤੇ ਉੱਤੋਂ ਇਹ ਮਾਮੇ ਆ ਜਾਂਦੇ। ਕੁਤੇਬ ਵਾਲਿਆਂ ਨੂੰ ਅਸੀਂ ਮਾਮੇ ਹੀ ਕਹਿੰਦਾ ਸੀ। ਅਸੀਂ ਚਹੁੰਆਂ ਨੇ ਸਕੀਮ ਬਣਾਈ ਕਿ ਐਤਵਾਰ ਨੂੰ ਸਾਰਾ ਦਿਨ ਕਿਤੇ ਘੁੰਮਣ ਜਾਇਆ ਕਰੀਏ। ਲਿਬਨਾਨ ਵੈਸੇ ਤਾਂ ਸਾਰਾ ਹੀ ਬਹੁਤ ਖ਼ੂਬਸੂਰਤ ਹੈ ਪਰ ਖ਼ਾਸ ਥਾਵਾਂ ਹੁੰਦੀਆਂ ਜਿੱਥੇ ਪਾਰਕਾਂ ਵਿੱਚ ਲੋਕੀਂ ਇਕੱਠੇ ਹੁੰਦੇ, ਬੀਅਰਾਂ, ਸ਼ਰਾਬ ਪੀਂਦੇ ਨੱਚਦੇ ਟੱਪਦੇ ਭੰਗੜੇ ਪਾਉਂਦੇ। ਚਾਚੇ ਦਾ ਸਾਡੀ ਕੰਪਨੀ ਵਿੱਚ ਫੋਨ ਆਇਆ ਕਿ ਤੁਸੀਂ ਮੇਰੇ ਕੋਲ ਆਓ, ਇਥੋਂ ਪੰਦਰਾਂ ਕੁ ਮੀਲ ਦੀ ਦੂਰੀ ਤੇ ਇੱਕ ਸ਼ਹਿਰ ਹੈ, ਜਿਸ ਨੂੰ ਬਾਲਬੱਕ ਕਹਿੰਦੇ ਹਨ। ਇਸ ਐਤਵਾਰ ਨੂੰ ਬੜਾ ਵੱਡਾ ਮੇਲਾ ਲੱਗਦਾ ਹੈ ਤੇ ਲੋਕ ਦੂਰ ਦੂਰ ਤੋਂ ਆਨੰਦ ਮਾਨਣ ਲਈ ਆਉਂਦੇ ਨੇ। ਚਾਚੇ ਨੂੰ ਪਤਾ ਸੀ ਪਈ ਟੈਕਸੀ ਇਨ੍ਹਾਂ ਕਰ ਲਿਆਉਣੀ ਆਂ, ਮੈਂ ਤਾਂ ਬੱਸ ਮੁਫ਼ਤ ਵਿੱਚ ਬਹਿ ਕੇ ਸੈਰ ਹੀ ਕਰਨੀ ਆਂ। ਦਾਰੂ ਸਿੱਕਾ ਇਨ੍ਹਾਂ ਨੇ ਗੱਡੀ ਵਿੱਚ ਰੱਖਿਆ ਹੀ ਹੁੰਦਾ। ਅਸੀਂ ਹਰ ਐਤਵਾਰ ਨੂੰ ਟੈਕਸੀ ਵਾਲਾ ਪੱਕਾ ਹੀ ਰੱਖ ਲਿਆ, ਨਾਂ ਸੀ ਉਹਦਾ ਬਿੱਲਾ, ਅੱਖਾਂ ਤੋਂ ਬਿੱਲਾਂ ਹੋਣ ਕਰਕੇ ਅਸੀਂ ਉਹਦਾ ਨਾਂ ਬਿੱਲਾ ਹੀ ਰੱਖ ਲਿਆ ਸੀ। ਉਹ ਕੁਤੇਬ ਵਿੱਚ ਵੀ ਕੰਮ ਕਰਦਾ ਸੀ, ਗੰਨ ਕੋਲ ਸੀ, ਇਸੇ ਤਰ੍ਹਾਂ ਜੇ ਕਿਤੇ ਸਾਡੀ ਲੜਾਈ ਵੀ ਹੋ ਜਾਣੀ ਤਾਂ ਉਹਨੇ ਗੰਨ ਕੱਢ ਲੈਣੀ ਤੇ ਅਸੀ ਸਾਹਮਣੇ ਵਾਲਿਆਂ ਦੀ ਖੂਬ ਖੁੰਭ ਠੱਪਣੀ।

ਐਤਵਾਰ ਨੂੰ ਹੁਣ ਅਸੀਂ ਘਰ ਰੋਟੀ ਕਦੇ ਨਹੀਂ ਸੀ ਬਣਾਉਂਦੇ

ਅਸੀਂ ਸਵੇਰੇ ਨਹਾ ਧੋ ਕੇ ਇੱਕ ਇੱਕ ਲਜ਼ੀਜ਼ਾ ਬੀਅਰ ਦੀ ਬੋਤਲ ਖੋਲ੍ਹੀ ਤੇ ਟੈਕਸੀ ਵਿੱਚ ਬਹਿ ਗਏ ਤੇ ਚਲ ਪਏ ਚਾਚੇ ਵੱਲ ਨੂੰ। ਐਤਵਾਰ ਨੂੰ ਹੁਣ ਅਸੀਂ ਘਰ ਰੋਟੀ ਕਦੇ ਨਹੀਂ ਸੀ ਬਣਾਉਂਦੇ। ਸਵੇਰ ਵੇਲੇ ਇੱਕ ਬਰੈੱਡ ਜਿਹਨੂੰ ਜ਼ਾਤਰ ਜਾਂ ਮਨੂਸ ਕਹਿੰਦੇ ਨੇ ਤੇ ਨਾਲ ਇੱਕ ਲੱਸੀ ਦੀ ਬੋਤਲ, ਜਿਹਨੂੰ ਲਵਲੀ ਕਹਿੰਦੇ ਨੇ। ਦੁਪਿਹਰ ਵੇਲੇ ਚਿੱਕਨ ਸੈਂਡਵਿਚ ਤੇ ਨਾਲ ਲਸਣ ਦੀ ਚੱਟਣੀ,ਜਿਸ ਨੂੰ ਤੂੰ ਤੂਮ ਕਹਿੰਦੇ ਨੇ। ਇਹ ਸਵਾਦ ਅਜੇ ਵੀ ਸਾਡੀ ਜ਼ੁਬਾਨ ਤੇ ਆ ਜਾਂਦਾ। ਰਾਤ ਨੂੰ ਰੋਸਟ ਕੀਤੇ ਦੋ ਮੁਰਗੇ ਲੈ ਆਉਣੇ ਤੇ ਨਾਲ ਦਾਰੂ ਦੀ ਬੋਤਲ। ਪਹਾੜੀ ਸੜਕ ਸੱਪ ਵਾਂਗੂੰ ਮੇਲਦੀ ਵੱਲ ਖਾਂਦੀ ਜਾ ਰਹੀ ਸੀ, ਮੱਠੀ ਮੱਠੀ ਧੁੱਪ ਤੇ ਨਜ਼ਾਰਾ ਇੰਝ ਲੱਗ ਰਿਹਾ ਸੀ, ਜਿਵੇਂ ਅਸੀਂ ਸਵੱਰਗਾਂ ਦੀ ਸੈਰ ਕਰ ਰਹੀਏ ਹੋਈਏ। ਅੱਜ ਵੀ ਮੇਰਾ ਬੜਾ ਦਿਲ ਕਰਦਾ ਕਿ ਕਿਤੇ ਜ਼ਿੰਦਗੀ ਵਿੱਚ ਮੌਕਾ ਮਿਲੇ ਤਾਂ ਮੈਂ ਜ਼ਰੂਰ ਲਿਬਨਾਨ ਜਾ ਕੇ ਪੁਰਾਣੀਆਂ ਯਾਦਾਂ ਚੇਤੇ ਕਰਾਂਗਾਂ। ਗੱਲਾਂ ਬਾਤਾਂ ਕਰਦੇ ਅਸੀਂ ਬਾਲਬੱਕ ਦੀ ਉੱਚੀ ਪਹਾੜੀ ਤੇ ਜਾ ਪਹੁੰਚੇ। ਬਹੁਤ ਖੂਬਸੂਰਤ ਨਜ਼ਾਰਾ ਸੀ। ਮੁੰਡੇ ਖੁੰਡੇ ਗੱਭਰੂ ਮੁਟਿਆਰਾਂ ਖਾ ਪੀ ਰਹੇ ਸਨ ਤੇ ਅਰੈਬੀਅਨ ਮਿਊਜ਼ਿਕ ਤੇ ਡਾਂਸ ਕਰ ਰਹੇ ਸਨ। ਨਾਲ ਦੇ ਤਾਂ ਸੰਗਦੇ ਰਹੇ ਪਰ ਮੈਂ ਉਨ੍ਹਾਂ ਮੁੰਡਿਆਂ ਕੁੜੀਆਂ ਵਿੱਚ ਜਾ ਕੇ ਪੰਜਾਬੀ ਭੰਗੜਾ ਪਾਉਣ ਲੱਗ ਪਿਆ। ਉਹ ਕੁੜੀਆਂ ਮੁੰਡੇ ਮੇਰੀ ਰੀਸੇ ਭੰਗੜਾ ਪਾਉਣ ਲੱਗੇ ਤੇ ਬੜੇ ਖੁਸ਼ ਹੋਣ। ਮੈਂ ਡੀ ਜੇ ਵਾਲਿਆਂ ਨੂੰ ਚਮਕੀਲੇ ਦੇ ਗੀਤਾਂ ਦੀ ਕੈਸਿਟ ਲਾਉਣ ਨੂੰ ਕਿਹਾ। ਗੀਤ ਸੀ "ਮੈਂ ਕੁੜੀਆਂ ਦੇ ਨਾਲ ਜਾਂਦੀ ਸੀ, ਵਲ ਇੱਕ ਨਹੀਂ ਸੌ ਸੌ ਖਾਂਦੀ ਸੀ" ਸੌਂਹ ਤੁਹਾਡੀ ਸਾਰਾ ਮੇਲਾ ਝੂੰਮ ਉੱਠਿਆ ਤੇ ਸਾਰੇ ਆਪਣੇ ਆਪਣੇ ਢੰਗ ਨਾਲ ਭੰਗੜਾ ਪਾਉਣ ਲੱਗ ਗਏ ।

ਉਹ ਸਾਨੂੰ ਮੇਲੇ ਦੇ ਪ੍ਰਬੰਧਕਾਂ ਨਾਲ ਮਿਲਾਉਣ ਲੱਗ ਪਿਆ।

ਉੱਥੇ ਸਾਨੂੰ ਸਾਡਾ ਫੋਰਮੈਨ ਵੀ ਮਿਲ ਪਿਆ ਤੇ ਉਹ ਸਾਨੂੰ ਮੇਲੇ ਦੇ ਪ੍ਰਬੰਧਕਾਂ ਨਾਲ ਮਿਲਾਉਣ ਲੱਗ ਪਿਆ। ਸੋਹਣੀਆਂ ਸੋਹਣੀਆਂ ਪਰੀਆਂ ਵਰਗੀਆਂ ਕੁੜੀਆਂ ਹੱਥਾਂ ਵਿੱਚ ਹੱਥ ਪਾ ਕੇ ਡਾਂਸ ਕਰਦੀਆਂ ਸਨ ਤਾਂ ਮੈਂ ਇਹੀ ਅਰਦਾਸ ਕਰਦਾ ਸੀ ਕਿ ਅੱਜ ਦੀ ਦੁਪਿਹਰ ਇੱਥੇ ਹੀ ਰੁਕ ਜਾਵੇ। ਬਹੁਤ ਆਨੰਦ ਮਾਣਿਆ ਇਸ ਮੇਲੇ ਦਾ। ਜਗ੍ਹਾ ਇੰਨੀ ਸੁੰਦਰ ਸੀ ਕਿ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦਾ। ਮੈਂ ਸਮਝਦਾ ਸੀ ਕਿ ਇਹੋ ਹੀ ਸਵੱਰਗ ਹੈ। ਸਵੱਰਗ ਇਸ ਤੋਂ ਖ਼ੂਬਸੂਰਤ ਕੀ ਹੋਵੇਗਾ। ਦੁਪਹਿਰ ਤੋਂ ਬਾਦ ਉੱਥੇ ਇਕ ਗੇਮ ਕਰਵਾਈ ਜਾਂਦੀ ਹੈ ਜਿਸ ਨੂੰ ਮਸਾਰਾ ਕਹਿੰਦੇ ਨੇ। ਉਹ ਆਪਣੀ ਪੰਜਾਬੀ ਕੁਸ਼ਤੀ ਵਰਗੀ ਹੀ ਹੁੰਦੀ ਆ। ਦੋ ਜਣੇ ਘੁਲਦੇ ਨੇ ਤੇ ਇੱਕ ਨੇ ਦੂਜੇ ਨੂੰ ਚਿੱਤ ਕਰਕੇ ਉਹਦੇ ਪੰਜ ਮੁੱਕੇ ਮਾਰਨੇ ਹੁੰਦੇ ਆ। ਮੈਨੂੰ ਮੇਰੇ ਫ਼ੋਰਮੈਨ ਨੇ ਧੱਕਾ ਦੇ ਕੇ ਗੇਮ ਵਿੱਚ ਵਾੜ ਦਿੱਤਾ ਤੇ ਪ੍ਰਬੰਧਕਾਂ ਨੂੰ ਕਹਿੰਦਾ ਕਿ ਮੇਰਾ (ਸ਼ਗੀਲ)ਕਾਮਾ ਨੂੰ ਵੀ ਕਿਸੇ ਨਾਲ ਮੁਕਾਬਲਾ ਕਰਾਓ। ਮੈਂ ਆਪਣੇ ਫ਼ੋਰਮੈਨ ਨੂੰ ਬੇਨਤੀ ਕੀਤੀ ਕਿ ਮੈਂ ਗੇਮ ਨਹੀਂ ਕਰਾਂਗਾ ਕਿਉਂਕਿ ਜੇ ਮੈਥੋਂ ਹਾਰ ਗਿਆ ਤਾਂ ਨਮੋਸ਼ੀ ਵਿੱਚ ਆ ਕੇ ਕੋਈ ਮੈਨੂੰ ਗੋਲੀ ਹੀ ਨਾ ਮਾਰ ਦੇਵੇ। ਉਹਨੇ ਆਪਣੀ ਗੰਨ ਕੱਢ ਲਈ ਤੇ ਕਹਿੰਦਾ ਆਹ ਦੇਖ ਆਪਣੇ ਕੋਲ ਵੀ ਗੰਨ ਹੈਗੀ ਆ, ਤੂੰ ਡਰ ਨਾ। ਵੈਸੇ ਫੋਰਮੈਨ ਨੇ ਸਾਰਿਆਂ ਨੂੰ ਦੱਸ ਦਿੱਤਾ ਸਪੀਕਰ ਤੇ ਜਾ ਕੇ ਕਿ ਇੱਕ ਹਿੰਦੂ (ਇੰਡੀਅਨ) ਵੀ ਗੇਮ ਖੇਡੇਗਾ। ਹੁਣ ਸਾਰਿਆਂ ਦਾ ਮੇਰੇ ਤੇ ਧਿਆਨ ਹੋ ਗਿਆ।

ਜੇ ਹਾਰ ਗਿਆ ਤਾਂ ਬਹੁਤ ਬੇਇਜ਼ਤੀ ਹੋਵੇਗੀ। 

ਵਾਹਿਗੁਰੂ ਦਾ ਨਾਂ ਲਿਆ ਕਿ ਹੇ ਪ੍ਰਮਾਤਮਾ ਅੱਜ ਮੇਰੇ ਮੁਲਕ ਦਾ ਮਸਲਾ ਆ, ਜੇ ਹਾਰ ਗਿਆ ਤਾਂ ਬਹੁਤ ਬੇਇਜ਼ਤੀ ਹੋਵੇਗੀ। ਖ਼ੈਰ ਜੋਰ ਵਿੱਚ ਮੈਂ ਬਹੁਤ ਤਕੜਾ ਸੀ। ਇੰਡੀਆ ਵਿੱਚ ਵੀ ਕੁਸ਼ਤੀ ਕਰਦਾ ਹੁੰਦਾ ਸੀ ਤੇ ਲਿਬਨਾਨ ਵਿੱਚ ਬਦਾਨ (ਵੱਡਾ ਹਥੋੜਾ) ਲੈ ਕੇ ਪੱਥਰ ਤੋੜਿਆ ਕਰਦਾ ਸੀ। ਪੱਥਰ ਤੋੜਦੇ ਦਾ ਸਰੀਰ ਵੀ ਪੱਥਰ ਵਰਗਾ ਸਖ਼ਤ ਹੋ ਗਿਆ ਸੀ। ਦੋ ਤਿੰਨ ਮਿੰਟ ਦੀ ਝੜਪ ਬਾਦ ਮੈਂ ਉਹਨੂੰ ਚਿੱਤ ਕਰ ਦਿੱਤਾ। ਕੁੜੀਆਂ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਹਿੰਦੂ (ਅਬਾਦਾਈ) ਬਹੁਤ ਤਕੜਾ ਹੈ। ਇੱਕ ਕੁੜੀ ਤਾਂ ਮੇਰੇ ਫ਼ੋਰਮੈਨ ਨੂੰ ਕਹਿੰਦੀ ਕਿ ਮੈਨੂੰ ਹਿੰਦੂ ਬਹੁਤ ਵਧੀਆ ਲੱਗਾ। ਮੈਂ ਇਹਦੇ ਨਾਲ ਸ਼ਾਦੀ ਕਰਨ ਨੂੰ ਤਿਆਰ ਹਾਂ। ਮੈਂ ਇਹ ਗੱਲ ਟਾਲ ਦਿੱਤੀ ਕਿ ਮੈਂ ਅਜੇ ਸ਼ਾਦੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇੰਡੀਆ ਵਿੱਚ ਖਾਧੀਆਂ ਸੱਟਾਂ ਅਜੇ ਦਿਲ ਤੇ ਤਾਜ਼ੀਆਂ ਸਨ ਤੇ ਮੈਂ ਗ਼ਲ ਹੋਰ ਸਿਆਪਾ ਨਹੀਂ ਸੀ ਪਾਉਣਾ ਚਾਹੁੰਦਾ। ਸ਼ਾਮ ਢਲ਼ੀ ਤੇ ਅਸੀਂ ਵਾਪਸ ਆ ਗਏ। ਰਾਤ ਨੂੰ ਚਾਚਾ ਕਹਿੰਦਾ ਤੁਹਾਡਾ ਕੰਮ ਇਥੇ ਸੈੱਟ ਨਹੀਂ ਲੱਗਦਾ। ਤੁਸੀਂ ਮੇਰੇ ਕੋਲ ਆ ਜਾਓ, ਉੱਥੇ ਤੁਹਾਡੇ ਚੰਗੇ ਪੈਸੇ ਬਣ ਜਾਣਗੇ। ਮੈਂ ਕਿਹਾ ਚਾਚਾ ਸਾਡਾ ਇੱਥੇ ਕੰਮ ਵਧੀਆ ਤੇ ਵਧੀਆ ਪੈਸੇ ਬਣਦੇ ਨੇ। ਕਹਿੰਦਾ ਅੱਛਾ ? ਕਿੰਨੇ ਕੁ- ਪੈਸੇ ਜੋੜੇ ਆ ? ਮੈਂ ਪੀਤੀ ਦੀ ਲੋਰ ਵਿੱਚ ਦੱਸ ਬੈਠਾ ਕਿ 5000 ਲੀਰਾਂ ਜੋੜ ਲਿਆ। ਕਹਿੰਦਾ ਅੱਛਾ ਫਿਰ ਸਵੇਰ ਨੂੰ ਮੈਨੂੰ ਦੇ ਦਈਂ, ਮੈਨੂੰ ਚਾਹੀਦੇ ਆ। ਮੈਂ ਆਪਣੇ ਆਪ ਜਾਲ਼ ਵਿੱਚ ਫਸ ਗਿਆ। ਸਾਰੀ ਰਾਤ ਮੈਨੂੰ ਨੀਂਦ ਨਾ ਆਈ ਕਿ ਚਾਚੇ ਨੇ ਕਿਸ ਚਾਲ ਨਾਲ ਮੇਰੇ ਮੂੰਹੋਂ ਕਢਵਾ ਲਿਆ।

                                                                                                                                                                              ਲੇਖਕ - ਅਮਰਜੀਤ ਚੀਮਾਂ
                                                                                                                                                                                   +1(716)908-3631

 

 

Have something to say? Post your comment